ਬਠਿੰਡਾ ਜ਼ਿਲ੍ਹਾ ਵਾਸੀਆਂ ਨੂੰ ਯੋਗ ਨਾਲ ਬਣਾਇਆ ਜਾ ਰਿਹਾ ਸਿਹਤਮੰਦ ਅਤੇ ਤੰਦਰੁਸਤ : DC
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਸਿਹਤਮੰਦ ਪੰਜਾਬ ਬਣਾਉਣ ਦੀ ਲਹਿਰ ‘ਚ ਅਹਿਮ ਯੋਗਦਾਨ ਨਿਭਾਅ ਰਿਹਾ ਹੈ, ਜਿਸ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਯੋਗ ਨਾਲ ਜੋੜ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੋਗਾ ਟੀਚਰ ਕਮਲਜੋਤੀ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਦੇ ਤਹਿਤ ਨਿਰੰਤਰ ਤੌਰ ਤੇ ਯੋਗਾ ਦੀਆਂ ਕਲਾਸਾਂ ਚਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੋਗ ਮਨੁੱਖੀ ਜੀਵਨ ਨੂੰ ਨਿਰੋਲ, ਤੰਦਰੁਸਤ ਅਤੇ ਰੋਗ ਮੁਕਤ ਬਣਾਉਂਦਾ ਹੈ। ਇਸ ਦੇ ਰੋਜ਼ਾਨਾ ਅਭਿਆਸ ਨਾਲ ਸਰੀਰ ਤਾਂ ਫਿੱਟ ਰਹਿੰਦਾ ਹੀ ਹੈ, ਸਗੋਂ ਮਨ ਅਤੇ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ।
ਇਸ ਦੌਰਾਨ ਯੋਗਾ ਕਲਾਸ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਲਗਾਤਾਰ ਯੋਗ ਕਰ ਰਹੇ ਹਨ ਜਿਸ ਦੇ ਨਾਲ ਉਨ੍ਹਾਂ ਦੀਆਂ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਠੀਕ ਹੋ ਰਹੀਆਂ ਹਨ। ਯੋਗਾ ਮੈਂਬਰ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਸਥਮਾ ਦੀ ਬਹੁਤ ਜ਼ਿਆਦਾ ਤਕਲੀਫ਼ ਸੀ ਜੋ ਹਰ ਰੋਜ਼ ਪੰਪ ਵਰਤਦੇ ਸਨ, ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੇ ਪੰਪ ਦੀ ਵਰਤੋਂ ਕਰਨੀ ਛੱਡ ਦਿੱਤੀ ਹੈ। ਇਸੇ ਤਰ੍ਹਾਂ ਰਮਾ ਕੋਹਲੀ ਨੇ ਦੱਸਿਆ ਕਿ ਯੋਗ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਹਾਈ ਬੀ.ਪੀ. ਦੀ ਸਮੱਸਿਆ ਰਹਿੰਦੀ ਸੀ, ਜੋ ਹਰ ਰੋਜ਼ ਬੀ.ਪੀ. ਦੀ ਗੋਲੀ ਲੈਂਦੇ ਸਨ, ਅੱਜ ਇੱਕ ਮਹੀਨਾ ਹੋ ਗਿਆ। ਉਨ੍ਹਾਂ ਨੇ ਬੀ.ਪੀ. ਦੀ ਗੋਲੀ ਨਹੀਂ ਲਈ।
ਇਸ ਮੌਕੇ ਯੋਗਾ ਮੈਂਬਰ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਵਾਈਕਲ ਦੀ ਬਹੁਤ ਸਮੱਸਿਆ ਰਹਿੰਦੀ ਸੀ, ਪਰ ਹੁਣ ਯੋਗ ਕਰਨ ਨਾਲ ਸਰਵਾਈਕਲ ਠੀਕ ਹੋ ਗਿਆ ਹੈ। ਇਸੇ ਤਰ੍ਹਾਂ ਬਹੁਤ ਸਾਰੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਰ ਜੋ ਬਹੁਤ ਜ਼ਿਆਦਾ ਸੀ ਹੁਣ ਘੱਟ ਗਿਆ ਹੈ ਅਤੇ ਬਹੁਤ ਸਾਰੇ ਮੈਂਬਰਾਂ ਨੂੰ ਯੋਗਾ ਕਰਨ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ।
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਰੋਜਾਨਾਂ ਸਵੇਰੇ 5:15 ਤੋਂ 6:15 ਵਜੇ ਤੱਕ, ਸਵੇਰੇ 6:20 ਤੋਂ 7:20 ਤੱਕ ਤੇ ਸਵੇਰੇ 11 ਤੋਂ ਦੁਪਿਹਰ 12 ਵਜੇ ਤੱਕ ਪੰਚਾਇਤੀ ਧਰਮਸ਼ਾਲਾ, ਸਵੇਰੇ 9:50 ਤੋਂ 10:50 ਵਜੇ ਬਾਬਾ ਜੀਵਨ ਸਿੰਘ ਗੁਰੂਦੁਆਰਾ, ਗਾਂਧੀ ਬਸਤੀ, ਸ਼ਾਮ 4:30 ਤੋਂ 5:30 ਵਜੇ ਤੱਕ ਬ੍ਰਿਧ ਆਸ਼ਰਮ ਰਾਮਪੁਰਾ ਫੂਲ ਅਤੇ ਸ਼ਾਮ 5:45 ਤੋਂ 6:45 ਵਜੇ ਤੱਕ ਸੇਵਾ ਸੰਮਤੀ ਰਾਮਪੁਰਾ ਫੂਲ ਵਿਖੇ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ।