ਰੇਹੜੀ ਵਾਲੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
30 ਹਜ਼ਾਰ ਰੁਪਏ ਤਿੰਨ ਦਿਨ ਬਾਅਦ ਰੇਹੜੀ ਤੇ ਪਹੁੰਚੇ ਅਸਲੀ ਮਾਲਕ ਨੂੰ ਕੀਤੇ ਵਾਪਸ
ਰੋਹਿਤ ਗੁਪਤਾ
ਗੁਰਦਾਸਪੁਰ , 12 ਜੂਨ 2025 :
ਕਹਿੰਦੇ ਹਨ ਕਲਯੁਗ ਵਿੱਚ ਲੁੱਟ ਖਸੁੱਟ ,ਚੋਰੀਆ ,ਡਕੈਤੀਆਂ ਬਹੁਤ ਵੱਧ ਗਈਆਂ ਹਨ । ਹਰ ਕੋਈ ਪੈਸਾ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਹੀ ਗਲਤ ਕਿਉਂ ਨਾ ਹੋਵੇ ।ਪਰ ਅਜਿਹੇ ਵਿੱਚ ਵੀ ਇਮਾਨਦਾਰੀ ਅਜੇ ਪੂਰੀ ਤਰ੍ਹਾਂ ਮੁੱਕੀ ਨਹੀਂ ਹੈ। ਇਸ ਦੀ ਇੱਕ ਮਿਸਾਲ ਸੋਨੂੰ ਨਾਮ ਦੇ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਬਾਹਰ ਟਿੱਕੀ, ਬਰਗਰ ਦੀ ਰੇਹੜੀ ਲਗਾਉਂਦਾ ਹੈ । ਤਿੰਨ ਦਿਨ ਪਹਿਲਾਂ ਸੋਨੂੰ ਦੀ ਰੇਹੜੀ ਤੇ ਪਿੰਡ ਖੋਖਰ ਦਾ ਕੰਵਲਜੀਤ ਸਿੰਘ, ਜੋ ਦੁੱਧ ਦਾ ਵਪਾਰ ਕਰਦਾ ਹੈ, ਬਰਗਰ ਖਾ ਕੇ ਗਿਆ ਸੀ ਤੇ ਜਾਂਦੇ ਜਾਂਦੇ ਉੱਥੇ 30 ਹਜ਼ਾਰ ਰੁਪਏ ਸੁੱਟ ਗਿਆ । ਕਾਫੀ ਲੱਭਣ ਤੇ ਵੀ ਜਦੋਂ ਪੈਸੇ ਨਾ ਮਿਲੇ ਤਾਂ ਅੱਜ ਉਹ ਸ਼ਹਿਰ ਆਇਆ ਅਤੇ ਮੁੜ ਤੋਂ ਸੋਨੂ ਦੀ ਰੇਹੜੀ ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ ।
ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਨ ਅਤੇ ਇਹਨਾਂਂ ਦੀ ਗੱਡੀ ਬਣਾ ਕੇ ਉਸਨੇ ਰਬੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂੰ ਦੀ ਰੇਹੜੀ ਤੇ ਡਿੱਗ ਪਈ। ਉਸ ਨੇ ਸੋਨੂੰ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ ।
ਉੱਥੇ ਹੀ ਸੋਨੂੰ ਨੇ ਦੱਸਿਆ ਕਿ ਜਦੋਂ ਉਸਨੂੰ ਪੈਸੇ ਮਿਲੇ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ। ਉਸ ਨੇ ਇਹ ਪੈਸੇ ਵੱਖਰੀ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜਰੂਰ ਜਿਸ ਦੇ ਪੈਸੇ ਹੈ ਉਹ ਉਸ ਕੋਲੋਂ ਬਰਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਇਸ ਨੂੰ ਲੱਭਦਾ ਹੋਇਆ ਇੱਥੇ ਆਏਗਾ। ਅੱਜ ਕਮਲਜੀਤ ਸਿੰਘ ਉਸ ਕੋਲ ਪਹੁੰਚੇ ਅਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਹਨਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ। ਸੋਨੂ ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਸਨ ਪਰ ਉਸ ਨੂੰ ਇਹ ਅੰਦਾਜਾ ਹੋ ਗਿਆ ਸੀ ਕਿ ਇਹ 30_40 ਹਜ਼ਾਰ ਦੇ ਕਰੀਬ ਹਨ।