ਅਰਬਨ ਅਸਟੇਟ ਲਈ ਨਹੀਂ ਦਿੱਤੀ ਜਾਵੇਗੀ ਜ਼ਮੀਨ, ਕਿਸਾਨਾਂ ਨੇ ਲਿਆ ਫ਼ੈਸਲਾ
ਪਿੰਡ ਘਰਾਲਾ ਦੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਲਿਆ ਫੈਸਲਾ
ਰੋਹਿਤ ਗੁਪਤਾ
ਗੁਰਦਾਸਪੁਰ
12 ਜੂਨ 2025 ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਵਿੱਚ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਲਈ ਜੋ ਵੱਡੇ ਪੱਧਰ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਮੀਨ ਗ੍ਰਹਿਣ ਕਰਨ ਲਈ 6 ਜੂਨ ਨੂੰ ਸਾਰੀਆਂ ਅਖਬਾਰਾਂ ਵਿੱਚ ਵੱਡਾ ਇਸ਼ਤਿਹਾਰ ਦਿੱਤਾ ਗਿਆ ਹੈ, ਉਸ ਵਿੱਚ ਗੁਰਦਾਸਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਘਰਾਲਾ ਦੀ 80 ਏਕੜ ਜਮੀਨ ਪ੍ਰਾਪਤੀ ਦਾ ਨੋਟੀਫਿਕੇਸ਼ਨ ਦੇਖ ਕੇ ਘਰਾਲੇ ਦੇ ਲੋਕਾਂ ਦੇ ਹੋਸ਼ ਉੱਡ ਗਏ ਹਨ।
ਇਸ ਸਬੰਧੀ ਅੱਜ ਪਿੰਡ ਦੇ ਸਬੰਧਤ ਤੇ ਹੋਰ ਕਿਸਾਨਾ ਮਜ਼ਦੂਰਾਂ ਦਾ ਇੱਕ ਵੱਡਾ ਇਕੱਠ ਰਜਿੰਦਰ ਸਿੰਘ ਸੋਨਾ ਸ਼ਾਹ ਬਲਪ੍ਰੀਤ ਸਿੰਘ ਪ੍ਰਿੰਸ ਅਤੇ ਐਡਵੋਕੇਟ ਸੁਖਵਿੰਦਰ ਸਿੰਘ ਅਤੇ ਅਮਰਜਿਤ ਕੌਰ ਹੋਰਾਂ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ ।ਇਸ ਇਕੱਠ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਮੱਖਣ ਸਿੰਘ ਕੁਹਾੜ ਅਜੀਤ ਸਿੰਘ ਹੁੰਦਲ ਰਘਬੀਰ ਸਿੰਘ ਚਾਹਲ ਗੁਰਮੀਤ ਸਿੰਘ ਥਾਣੇਵਾਲ ਅਤੇ ਬਲਬੀਰ ਸਿੰਘ ਮਾੜੇ ਉਚੇਚੇ ਤੌਰ ਤੇ ਪਹੁੰਚੇ ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਹੀ ਬੇਲੋੜੀ ਕਾਰਵਾਈ ਕਰ ਰਹੀ ਹੈ ।ਪੰਜਾਬ ਵਿੱਚ ਨਵੀਆਂ ਅਰਬਨ ਅਸਟੇਟਾਂ ਦੀ ਉੱਕਾ ਹੀ ਕੋਈ ਲੋੜ ਨਹੀਂ ਹੈ। ਜੇ ਲੋੜ ਹੈ ਵੀ ਤਾਂ ਪਹਿਲਾਂ ਬਣੀਆਂ ਅਰਬਨ ਅਸਟੇਟਾਂ ਇਮਪਰੂਵਮੈਂਟ ਟਰਸਟ ਪੁੱਡਾ ਆਦਿ ਕਲੋਨੀਆਂ ਵਿੱਚ ਖਾਲੀ ਥਾਵਾਂ ਤੇ ਵੱਡੇ ਵੱਡੇ ਫਲੈਟ ਉਸਾਰ ਕੇ ਇਹ ਕੰਮ ਸਾਰਿਆ ਜਾ ਸਕਦਾ ਹੈ। ਇਹਨਾਂ ਕਲੇਨੀਆਂ ਦਾ ਉਝ ਵੀ ਗਰੀਬਾਂ ਨੂੰ ਕੋਈ ਵੀ ਲਾਭ ਨਹੀਂ ਹੈ । ਆਗੂਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਭ ਪੈਸੇ ਕਮਾਉਣ ਲਈ ਕੀਤਾ ਜਾ ਰਿਹਾ ਹੈ। ਉਹ ਕਿਸਾਨਾਂ ਕੋਲੋਂ ਖਰੀਦੀ ਜਮੀਨ ਨੂੰ ਖੱਰੀਦ ਮੁੱਲ ਤੋਂ 10 ਤੋਂ 20 ਗੁਣਾ ਵੱਧ ਕੀਮਤ ਤੇ ਪਲਾਟ ਵੇਚੇ ਜਾਣਗੇ ਪਰ ਕਿਸਾਨਾਂ ਨੂੰ ਉਜਾੜ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਉਸ ਜਮੀਨ ਉੱਪਰ ਜੋ ਮਜ਼ਦੂਰ ਲਗਾਤਾਰ ਕੰਮ ਕਰਦੇ ਹਨ ਉਹਨਾਂ ਨੂੰ ਵੀ ਉਜਾੜੇ ਦਾ ਮੂੰਹ ਦੇਖਣਾ ਪਵੇਗਾ ।ਦੂਜਾ ਇਹ ਭਾਰਤੀ ਜਨਤਾ ਪਾਰਟੀ ਦੀਆਂ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤਹਿਤ ਕਿਸਾਨਾਂ ਨੂੰ ਜਮੀਨਾਂ ਤੋਂ ਬੇਦਖਲ ਕਰਨ ਲਈ ਕੀਤਾ ਜਾ ਰਿਹਾ ਹੈ। ਅੱਜ ਇਹ ਸਭ ਵਿਸ਼ਵ ਵਪਾਰ ਸੰਸਥਾ ਦੀਆਂ ਕਮੀਨੀਆਂ ਕਿਸਾਨਾਂ ਵਿਰੋਧੀ ਸ਼ਰਤਾਂ ਤਹਿਤ ਜਿਸ ਉਪਰ ਮੋਦੀ ਸਰਕਾਰ ਨੇ ਦਸਤਖਤ ਕੀਤੇ ਹੋਏ ਹਨ ਕੀਤਾ ਜਾ ਰਿਹਾ ਹੈ ।ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਜਮੀਨ ਉੱਪਰ ਕਿਸੇ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਹਰ ਜਮੀਨ ਮਾਲਕ ਵੱਲੋਂ ਹਲਫਿਆ ਬਿਆਨ ਡਿਪਟੀ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆਂ ਨੂੰ ਦਿੱਤੇ ਜਾਣਗੇ । ਨਾਲ ਹੀ ਸਾਂਝੀਆਂ ਦਰਖਾਸਤਾਂ ਹਾਕਮ (ਆਮ ਆਦਮੀ ਪਾਰਟੀ) ਦੇ ਹਲਕਾ ਇਨਚਾਰਜ ਸ੍ਰੀ ਰਮਨ ਬਹਿਲ ,ਹਲਕਾ ਵਿਧਾਇਕ ਸ੍ਰੀ ਬਰਿੰਦਰਜੀਤ ਸਿੰਘ ਪਾਹੜਾ , ਨਗਰ ਪਾਲਿਕਾ ਗੁਰਦਾਸਪੁਰ ਦੇ ਮੁਖੀ, ਡਿਪਟੀ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆਂ ਨੂੰ ਦੇ ਕੇ ਇਸ ਸਕੀਮ ਨੂੰ ਫੌਰੀ ਰੱਦ ਕਰਨ ਦੀ ਅਪੀਲ ਕੀਤੀ ਜਾਵੇਗੀ ।
ਫੈਸਲਾ ਕੀਤਾ ਗਿਆ ਕਿ ਲੋੜ ਪੈਣ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ ।ਜਦ ਤੱਕ ਜਮੀਨ ਪ੍ਰਾਪਤੀ ਦਾ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਤਦ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਸਬੰਧੀ ਇੱਕ 11 ਮੈਂਬਰੀ ਸੰਘਰਸ਼ ਕਮੇਟੀ ਬਣਾਈ ਗਈ । ਇਸ ਵਿੱਚ ਰਜਿੰਦਰ ਸਿੰਘ ਸੋਨਾ ਸ਼ਾਹ ,ਬਲਪ੍ਰੀਤ ਸਿੰਘ ਪ੍ਰਿੰਸ ,ਐਡਵੋਕੇਟ ਸੁਖਵਿੰਦਰ ਸਿੰਘ, ਅਮਰਜੀਤ ਕੌਰ , ਪਰਮਜੀਤ ਕੌਰ ,ਦਵਿੰਦਰ ਕੌਰ, ਜਗਪ੍ਰੀਤ ਸਿੰਘ, ਅਵਤਾਰ ਸਿੰਘ ,ਦਲਬੀਰ ਸਿੰਘ ਹੀਰਾ ,ਬਲਬੀਰ ਸਿੰਘ, ਜਗੀਰ ਸਿੰਘ ਅਤੇ ਗੁਰਦੇਵ ਸਿੰਘ ਰੌਣਕੀ ਨੂੰ ਸ਼ਾਮਿਲ ਕੀਤਾ ਗਿਆ। ਅਖੀਰ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਮੱਖਣ ਸਿੰਘ ਕੁਹਾੜ ਅਜੀਤ ਸਿੰਘ ਹੁੰਦਲ ਰਘਬੀਰ ਸਿੰਘ ਚਾਹਲ , ਬਾਲਬੀਰ ਮਾੜੇ ਨੇ ਵਿਸ਼ਵਾਸ਼ ਦਵਾਇਆ ਕਿ ਇਸ ਲੜਾਈ ਵਿੱਚ ਪਿੰਡ ਘਰਾਲਾ ਦੇ ਕਿਸਾਨਾਂ ਮਜ਼ਦੂਰਾਂ ਦਾ ਹਰ ਹਾਲ ਵਿੱਚ ਅਗਵਾਈ ਹੋਰ ਹਰ ਤਰ੍ਹਾਂ ਦਸ ਸਹਿਯੋਗ ਦਿੱਤਾ ਜਾਵੇਗਾ ।ਉਹਨਾਂ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਮੁੱਚੇ ਪੰਜਾਬ ਵਿੱਚ ਇਸ ਲੋਕ ਵਿਰੋਧੀ ਫੈਸਲੇ ਨੂੰ ਰੱਦ ਕਰਾਉਣ ਲਈ ਯਤਨਸ਼ੀਲ ਹੈ ।