ਐਚਐਮਈਐਲ ਵੱਲੋਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਮੁਕਤ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 10ਜੂਨ 2025: ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਨਿੱਜੀ, ਸਮਾਜਿਕ ਅਤੇ ਰਾਸ਼ਟਰੀ ਤਰੱਕੀ ਲਈ ਨਸ਼ਿਆਂ ਨਾਲ ਲੜਨ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਤ ਕਰਨ ਦੀ ਸਖ਼ਤ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਜਾਗਰੂਕਤਾ ਸੈਸ਼ਨ ਅਤੇ ਕਾਊਂਸਲਿੰਗ ਦੇ ਨਾਲ ਨਾਲਸਮਰੱਥਾ ਨਿਰਮਾਣ ਵਰਕਸ਼ਾਪ ਅਤੇ ਮੁੜ ਵਸੇਬਾ ਕੇਂਦਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਐਚਐਮਈਐਲ ਦੇ ਸੀਨੀਅਰ ਅਧਿਕਾਰੀ ਅਰੁਣ ਭਾਰਦਵਾਜ (ਉਪ ਪ੍ਰਧਾਨ - ਸੰਚਾਲਨ ਉੱਤਮਤਾ), ਦਵਿੰਦਰ ਮਿੱਤਲ (ਉਪ ਪ੍ਰਧਾਨ - ਸੰਚਾਲਨ ਅਤੇ ਰੱਖ-ਰਖਾਅ), ਗੌਰਵ ਗੁਪਤਾ (ਉਪ ਪ੍ਰਧਾਨ - ਕੈਮੀਕਲਜ਼), ਵਿਸ਼ਵਾਸ ਗੌੜ (ਮੁਖੀ - ਮਾਰਕੀਟਿੰਗ) ਅਤੇ ਗੁਲਸ਼ਨ ਗੋਮਰ (ਡੀਜੀਐਮ - ਮਾਰਕੀਟਿੰਗ) ਸ਼ਾਮਲ ਸਨ।
ਇਸ ਮੌਕੇ ਅਵਿਨਾਸ਼ ਰਾਣਾ (ਚੇਅਰਮੈਨ, ਇੰਡੀਅਨ ਐਜੂਕੇਸ਼ਨ ਸੁਸਾਇਟੀ, ਸੰਗਰੂਰ), ਡਾ. ਭਾਵਨਾ ਸਾਹਨੀ (ਵੀਪੀ, ਡਿਜ਼ਨੀ ਕੇਅਰ, ਨਵੀਂ ਦਿੱਲੀ), ਪੰਕਜ ਕੁਮਾਰ (ਡੀਪੀਓ, ਬਠਿੰਡਾ), ਬਰਿੰਦਰ ਸਿੰਘ (ਜ਼ਿਲ੍ਹਾ ਭਲਾਈ ਅਫਸਰ, ਬਠਿੰਡਾ) ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਈਚਾਰਕ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਅਤੇ ਉਤਸ਼ਾਹਜਨਕ ਭਾਸ਼ਣ ਦਿੱਤਾ। ਇਸ ਮੌਕੇ ਬੋਲਦਿਆਂ ਅਰੁਣ ਭਾਰਦਵਾਜ ਨੇ ਐਚਐਮਈਐਲ ਦੇ ਟੈਂਕਰ ਅਤੇ ਟਰੱਕ ਡਰਾਈਵਰ ਮੈਂਬਰਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਰਿਆਂ ਨੂੰ ਨਸ਼ਾ ਮੁਕਤ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ, ਜੋ ਸਮੁੱਚੇ ਵਿਕਾਸ ਅਤੇ ਰਾਸ਼ਟਰੀ ਤਰੱਕੀ ਦਾ ਰਾਹ ਹੈ।
ਦਵਿੰਦਰ ਮਿੱਤਲ ਨੇ ਪਰਿਵਾਰਾਂ, ਭਾਈਚਾਰਿਆਂ ਅਤੇ ਸਮਾਜਿਕ ਸਿਹਤ ’ਤੇ ਨਸ਼ਿਆਂ ਦੇ ਡੂੰਘੇ ਪ੍ਰਭਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਜਾਗਰੂਕਤਾ, ਅਤੇ ਮੁੜ ਵਸੇਬੇ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਟੈਂਕਰ ਅਤੇ ਟਰੱਕ ਡਰਾਈਵਰ ਮੈਂਬਰਾਂ ਅਤੇ ਅਧਿਕਾਰੀਆਂ ਸਮੇਤ 120 ਤੋਂ ਵੱਧ ਭਾਗੀਦਾਰਾਂ ਦੀ ਸਰਗਰਮ ਭਾਗੀਦਾਰੀ ਜਾਗਰੂਕਤਾ, ਰੋਕਥਾਮ ਅਤੇ ਸਹਾਇਤਾ ਪ੍ਰਤੀ ਐਚਐਮਈਐਲ ਦੇ ਸਮਰਪਣ ਨੂੰ ਦਰਸਾਉਂਦੀ ਹੈ।