ਸਰਕਾਰੀ ਹਾਈ ਸਮਾਰਟ ਸਕੂਲ, ਦੇਸੂ ਮਾਜਰਾ ਵਿਖੇ ਵਿਦਿਆਰਥੀਆਂ ਨੂੰ 'ਯੁੱਧ ਨਸ਼ਿਆਂ ਵਿਰੁੱਧ' ਲਹਿਰ ਅਤੇ ਟ੍ਰੈਫ਼ਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਐੱਸ ਏ ਐੱਸ ਨਗਰ, 14 ਮਈ, 2025: ਐੱਸ.ਐੱਸ.ਪੀ ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ,ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ, ਮੁਹਾਲੀ ਨੇ ਸਰਕਾਰੀ ਹਾਈ ਸਮਾਰਟ ਸਕੂਲ, ਦੇਸੂ ਮਾਜਰਾ / ਵਿਖੇ ਵਿਦਿਆਰਥੀਆਂ ਨੂੰ 'ਯੁੱਧ ਨਸ਼ਿਆਂ ਵਿਰੁੱਧ' ਲਹਿਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਨਸ਼ੇ ਜਿੱਥੇ ਵਿਅਕਤੀਗਤ ਰੂਪ ਵਿੱਚ ਨੁਕਸਾਨ ਪਹੁੰਚਾਉਂਦੇ ਹਨ, ਉੱਥੇ ਨਸ਼ੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਵੀ ਘਾਤਕ ਹਨ। ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਰੁਚੀ ਰੱਖਣ ਅਤੇ ਸਿਹਤਯਾਬ ਬਣ ਕੇ ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਪ੍ਰਤੀ ਵੀ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਟ੍ਰੈਫ਼ਿਕ ਦੇ ਸਮੁੱਚੇ ਨਿਯਮਾਂ ਦੀ ਪਾਲਣਾ ਕਰਨ ਵੱਲ ਵੀ ਧਿਆਨ ਦੇਣ ਲਈ ਕਿਹਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਹੀਰੋ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਕੂਟਰ ਚਾਲਕ ਦੇ ਨਾਲ਼- ਨਾਲ਼ ਪਿੱਛੇ ਬੈਠੇ ਵਿਅਕਤੀ ਨੂੰ ਆਈ.ਐੱਸ.ਆਈ. ਮਾਰਕ ਨਿਸ਼ਾਨ ਵਾਲ਼ਾ ਹੈਲਮੇਟ ਪਾਉਣ 'ਤੇ ਜ਼ੋਰ ਦਿੱਤਾ। ਟ੍ਰੈਫ਼ਿਕ ਲਾਈਟਾਂ ਦੀ ਪਾਲਣਾ ਕਰਨ, ਨਸ਼ੇ ਕਰ ਕੇ ਵਾਹਨ ਨਾ ਚਲਾਉਣ, ਅੰਡਰਏਜ ਡਰਾਇਵਿੰਗ ਨਾ ਕਰਨ ਬਾਰੇ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਵਾਹਨਾਂ ਨੂੰ ਸੜਕ 'ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲ਼ੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ,ਕਿਸੇ ਬੁਲੇਟ- ਮੋਟਰਸਾਇਕਲ 'ਤੇ ਜਾਣਬੁੱਝ ਕੇ ਜ਼ੋਰਦਾਰ ਪਟਾਕੇ ਨਾ ਮਾਰਨ ਪ੍ਰਤੀ ਅਪੀਲ ਕੀਤੀ ਅਤੇ ਇਹ ਵੀ ਦੱਸਿਆ ਕਿ ਚਾਰ ਪਹੀਆ ਵਾਹਨਾਂ ਵਿੱਚ ਸਵਾਰੀ ਦੌਰਾਨ ਸੀਟ ਬੈਲਟ ਲਗਾਉਣੀ ਬਹੁਤ ਜ਼ਰੂਰੀ ਹੈ ਅਤੇ ਇਹਨਾਂ ਦੀ ਉਲੰਘਣਾ ਨਾ ਸਿਰਫ਼ ਜੁਰਮਾਨੇ ਯੋਗ ਹੈ, ਸਗੋਂ ਇਹ ਜਾਨ ਲਈ ਵੀ ਖ਼ਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਡਰਾਈਵਿੰਗ
ਦੌਰਾਨ ਮੋਬਾਈਲ ਦੀ ਵਰਤੋਂ ਧਿਆਨ ਭੰਗ ਕਰਦੀ ਹੈ ਜੋ ਕਿ ਦੁਰਘਟਨਾਵਾਂ ਦਾ ਮੁੱਖ ਕਾਰਨ ਬਣਦੀ ਹੈ। ਪੁਲਿਸ ਤੋਂ ਮਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਨੂੰ 'ਸਟਾਪ', 'ਨੋ ਐਂਟਰੀ', 'ਸਕੂਲ ਜ਼ੋਨ', 'ਸਾਈਨ ਬੋਰਡਾਂ' ਅਤੇ 'ਰੋਡ ਮਾਰਕਿੰਗਜ਼' ਦੀ ਸਹੀ ਜਾਣਕਾਰੀ ਵੀ ਦਿੱਤੀ ਗਈ। ਪੈਦਲ ਚੱਲਣ ਵਾਲਿਆਂ ਲਈ ਜ਼ੈਬਰਾ ਕ੍ਰਾਸਿੰਗ ਦੀ ਵਰਤੋਂ ਅਤੇ ਸੜਕ ਪਾਰ ਕਰਨ ਸਮੇਂ ਸਾਵਧਾਨ ਰਹਿਣ ਉੱਤੇ ਵੀ ਵਿਸਥਾਰ ਨਾਲ਼ ਚਰਚਾ ਹੋਈ।
ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ ਅਤੇ ਸਕੂਲ ਦੇ ਇੰਚਾਰਜ ਰਾਜਕਮਲ ਵੱਲੋਂ ਕਰਨੈਲ ਸਿੰਘ ਡੀ.ਐੱਸ.ਪੀ ਟ੍ਰੈਫ਼ਿਕ ਦੇ ਵਡਮੁੱਲੇ ਵਿਚਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਸਕੂਲ ਵਿੱਚ ਆ ਕੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਰਹਿਣਗੇ।
ਮਿੱਠੂ ਨਾਮ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੇ ਵੀ ਇਸ ਸੈਮੀਨਾਰ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ ।
ਇਸ ਮੌਕੇ 'ਤੇ ਜ਼ੋਨ ਇੰਚਾਰਜ ਟ੍ਰੈਫ਼ਿਕ ਸ਼੍ਰੀ ਓਮ ਬੀਰ ਸਿੰਘ ਸਿੰਘ ਵੀ ਹਾਜ਼ਰ ਸਨ।