ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਕਾਰਨ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ 44 ਦੇ ਬੀਜਾਂ ਦੀ ਵਿਕਰੀਂ ਨਾ ਕੀਤੀ ਜਾਵੇਃ ਮੁੱਖ ਖੇਤੀਬਾੜੀ ਅਫ਼ਸਰ
- ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜ ਵਿਕ੍ਰੇਤਾਵਾਂ ਨਾਲ ਮੀਟਿੰਗ ਕੀਤੀ ਗਈ
ਰੋਹਿਤ ਗੁਪਤਾ
ਗੁਰਦਾਸਪੁਰ: 7 ਮਈ 2025 - ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਸ਼ HB ਤੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਅਤੇ ਭੰਡਾਰਨ ਤੇ ਲਗਾਈ ਪਾਬੰਦੀ ਬਾਰੇ ਬੀਜ ਵਿਕ੍ਰੇਤਾਵਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਮੀਟਿੰਗ ਕੀਤੀ ਗਈ, ਜਿਸ ਵਿੱਚ ਡਾ ਮਨਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ(ਪੌਦ ਸੁਰੱਖਿਆ), ਡਾਕਟਰ ਹਰਮਨਦੀਪ ਸਿੰਘ,ਡਾਕਟਰ ਅੰਮ੍ਰਿਤਪਾਲ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ, ਸਰਬਜੀਤ ਸਿੰਘ ਮਾਰਕੀਟਿੰਗ ਮੈਨੇਜਰ ਰਾਸ਼ਟਰੀ ਫਰਟੀਲਾਈਜ਼ਰ ਲਿਮਿਟਡ ,ਰਵਿੰਦਰ ਕੁਮਾਰ,ਸੰਦੀਪ ਸਿੰਘ ,ਆਲੋਕ ਜੈਣ,ਕਿਸਾਨ ਚੰਦ,ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਖਾਦ ਅਤੇ ਬੀਜ ਵਿਕਰੇਤਾ ਹਾਜ਼ਰ ਸਨ। ਇਸ ਮੌਕੇ ਖਾਦ ਵਿਕ੍ਰੇਤਾਵਾਂ ਨੂੰ ਖਾਦ ਦੀ ਵਿਕਰੀ ਲਈ ਪੌਸ ਮਸ਼ੀਨਾਂ ਦਿੱਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋ ਪਕਣ ਵਿਚ ਵੱਧ ਸਮਾਂ ਲੈਣ ਵਾਲੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰਨ ਤੇ ਲਗਾਈ ਪਾਬੰਦੀ ਕਾਰਨ ਕੋਈ ਵੀ ਬੀਜ ਵਿਕ੍ਰੇਤਾ ਗੈਰ ਪ੍ਰਮਾਣਤ ਕਿਸਮਾਂ ਦੇ ਬੀਜ ਦੀ ਵਿਕਰੀ ਨਾਂ ਕਰਨ ,ਜੇਕਰ ਕੋਈ ਵੀ ਬੀਜ ਵਿਕਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਝੋਨੇ ਦੀ ਖੇਤੀ ਕਾਰਨ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਗਿਰਾਵਟ ਨੁੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਕਣ ਵਿਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44 ਕਿਸਮਾਂ ਦੀ ਬਿਜਾਈ ਕਰਨ ਤੇ ਪਾਬੰਧੀ ਲਗਾ ਦਿੱਤੀ ਹੈ । ਉਨਾਂ ਦੱਸਿਆ ਕਿ ਇਨਾਂ ਕਿਸਮਾਂ ਤੋਂ ਇਲਾਵਾ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਬਿਜਾਈ ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋਂ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ।
ਉਨਾਂ ਕਿਹਾ ਕਿ ਇਨਾਂ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਰੋਕਣ ਲਈ ਜ਼ਿਲਾ ਪੱਧਰ ਅਤੇ ਬਲਾਕ ਪੱਧਰ ਤੇ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਦੁਕਾਨਦਾਰ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਨਾਂ ਕਰੇ ਅਤੇ ਕਿਸਾਨਾਂ ਨੁੰ ਬੀਜ ਦੀ ਵਿਕਰੀ ਉਪਰੰਤ ਬਿੱਲ ਜ਼ਰੁਰ ਦੇਵੇ।ਉਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਬੀਜ ਦੀ ਖ਼ਰੀਦ ਕਰਨ ਸਮੇਂ ਬਿੱਲ ਜ਼ਰੁਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿਚ ਖੇਤੀਬਾੜੀ ਅਫ਼ਸਰ ਜਾਂ ਮੁੱਖ ਖ਼ੇਤੀਬਾੜੀ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਜਾਵੇ ।
ਉਨਾਂ ਦੱਸਿਆ ਕਿ ਇਸ ਵਾਰ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 5 ਜੂਨ ਤੋਂ ਨਿਰਧਾਰਤ ਕੀਤਾ ਗਿਆ ਹੈ ਉਨਾਂ ਦੱਸਿਆ ਕਿ ਜੇਕਰ ਕੋਈ ਬੀਜ ਵਿਕ੍ਰੇਤਾ ਬਿੱਲ ਦੇਣ ਤੋਂ ਬਗੈਰ ਬੀਜ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਲਾਇਸੰਸ ਮੁਅੱਤਲ ਵੀ ਕੀਤਾ ਜਾ ਸਕਦਾ । ਉਨਾਂ ਮੁੱਖ ਖ਼ੇਤੀਬਾੜੀ ਅਫ਼ਸਰ ਸਮੂਹ ਬੀਜ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿਸਾਨਾਂ ਨੂੰ ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵਲੋ ਪ੍ਰਵਾਨਿਤ ਪੀਆਰ126,127,128,129,130,131 ਅਤੇ 132 ਕਿਸਮਾਂ ਦੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋਂ ਝੋਨੇ ਦੇ ਮੰਡੀਕਰਨ ਸਮੇਂ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਅਨਅਧਿਕਾਰਤ ਕਿਸਮਾਂ ਦੀ ਵਿਕਰੀ ਰੋਕਣ ਲਈ ਸਮੂਹ ਬੀਜ ਵਿਕ੍ਰੇਤਾਵਾਂ ਦੀ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਬਲਾਕ ਪੱਧਰ ਤੇ ਬੀਜ ਵਿਕ੍ਰੇਤਾਵਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰ ਮਨਪ੍ਰੀਤ ਨੇ ਕਿਹਾ ਕਿ ਪੀਆਰ 126 ਸਮੇਤ ਘੱਟ ਸਮੇ ਵਾਲੀਆ ਕਿਸਮਾ ਦੇ ਬੀਜ ਹੀ ਕਿਸਾਨਾ ਨੂੰ ਉਪਲੰਬਧ ਕਰਵਾਏ ਜਾਣਗੇ ਤੇ ਬੀਜ ਡੀਲਰਾਂ ਤੇ ਤਿੱਖੀ ਨਜਰ ਰੱਖੀ ਜਾਵੇਗੀ।