ਪੰਜਾਬੀ ਯੂਨੀਵਰਸਿਟੀ ਨੇ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼ ਨਾਲ਼ ਕੀਤਾ ਵਿਸ਼ੇਸ਼ ਇਕਰਾਰਨਾਮਾ
- ਡਾਇਰੈਕੋਰੇਟ ਨਾਲ਼ ਤਾਲਮੇਲ ਕਾਇਮ ਕਰ ਕੇ ਯੂਨੀਵਰਸਿਟੀ ਤੋਂ ਫੋਰੈਂਸਿਕ ਸਾਇੰਸ ਦੇ ਵਿਦਿਆਰਥੀ ਕਰ ਸਕਣਗੇ ਖੋਜਾਂ ਅਤੇ ਅਧਿਐਨ
ਪਟਿਆਲਾ, 28 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜੰਗਾ, ਸ਼ਿਮਲਾ ਹਿਲਜ਼ ਦੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼ ਨਾਲ਼ ਵਿਸ਼ੇਸ਼ ਇਕਰਾਰਨਾਮਾ (ਐੱਮ. ਓ.ਯੂ.) ਕੀਤਾ ਗਿਆ ਹੈ। ਦੋਵਾਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਇਸ ਇਕਰਾਰਨਾਮੇ ਦੇ ਦਸਤਾਵੇਜ਼ਾਂ ਉੱਤੇ ਹਸਤਾਖ਼ਰ ਕੀਤੇ। ਪੰਜਾਬੀ ਯੂਨਵਿਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼, ਜੰਗਾ, ਸ਼ਿਮਲਾ ਹਿਲਜ਼ ਤੋਂ ਡਾਇਰੈਕਟਰ ਡਾ. ਮੀਨਾਕਸ਼ੀ ਮਹਾਜਨ ਨੇ ਦਸਤਖ਼ਤ ਕੀਤੇ ਹਨ।
ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਇਹ ਇਕਰਾਰਨਾਮਾ ਸਿੱਖਿਆ, ਸਿਖਲਾਈ ਅਤੇ ਖੋਜ ਪੱਖੋਂ ਦੋਵਾਂ ਅਦਾਰਿਆਂ ਦਰਮਿਆਨ ਆਪਸੀ ਸਾਂਝੇਦਾਰੀ ਕਾਇਮ ਕਰਨ ਲਈ ਮਦਦਗਾਰ ਹੋਵੇਗਾ ਜਿਸ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜੰਗਾ, ਸ਼ਿਮਲਾ ਹਿਲਜ਼ ਦੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼ ਦੇ ਸਰੋਤਾਂ ਅਤੇ ਵਿਗਿਆਨੀਆਂ ਦੀ ਮਦਦ ਨਾਲ ਖੋਜ ਕਰਨ ਦੇ ਯੋਗ ਹੋਣਗੇ। ਇਸੇ ਤਰ੍ਹਾਂ, ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਿਜ਼, ਜੰਗਾ, ਸ਼ਿਮਲਾ ਹਿਲਜ਼ ਵੀ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨਾਲ਼ ਤਾਲਮੇਲ ਕਾਇਮ ਕਰ ਕੇ ਆਪਣੇ ਖੋਜ ਕਾਰਜ ਦੇ ਦਾਇਰੇ ਨੂੰ ਵਧਾਉਣ ਦੇ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਫੋਰੈਂਸਿਕ ਵਿਗਿਆਨ ਦਾ ਖੇਤਰ ਅੱਜ-ਕੱਲ੍ਹ ਵਿਗਿਆਨਕ ਜਾਂਚ ਕਰਨ ਵਿੱਚ ਵਧੇਰੇ ਪ੍ਰਸਿੱਧ ਹੋ ਰਿਹਾ ਹੈ।
ਡਾ. ਮੀਨਾਕਸ਼ੀ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਚਲੇ ਦੇਸ ਦੇ ਦੂਜੇ ਸਭ ਤੋਂ ਪੁਰਾਣੇ ਫੋਰੈਂਸਿਕ ਸਾਇੰਸ ਵਿਭਾਗ ਨਾਲ਼ ਜੁੜਨ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਿਜ਼, ਜੰਗਾ, ਸ਼ਿਮਲਾ ਹਿਲਜ਼ ਵੱਖ-ਵੱਖ ਅਪਰਾਧ ਮਾਮਲਿਆਂ ਨੂੰ ਹੱਲ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ ਜੋ ਵਿਦਿਆਰਥੀਆਂ ਨੂੰ ਇਸ ਖੇਤਰ ਦੇ ਅਧਿਐਨ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਇਕਰਾਰਨਾਮਾ ਦੋਵਾਂ ਅਦਾਰਿਆਂ ਦੀ ਸਮਰੱਥਾ ਨੂੰ ਵਧਾਏਗਾ।
ਇਕਰਾਰਨਾਮੇ ਉੱਤੇ ਹਸਤਾਖ਼ਰ ਕੀਤੇ ਜਾਣ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਕੋਮਲ ਸੈਣੀ ਅਤੇ ਅਧਿਆਪਕ ਪ੍ਰੋ. ਰਾਜਿੰਦਰ ਸਿੰਘ, ਪ੍ਰੋ. (ਰਿਟਾਇਰਡ) ਡਾ. ਮੁਕੇਸ਼ ਕੁਮਾਰ ਠੱਕਰ ਅਤੇ ਡਾ. ਜਸਵਿੰਦਰ ਸਿੰਘ ਵੀ ਮੌਜੂਦ ਰਹੇ।