ਯੂਕੇ ਦੀ ਐਚ.ਪੀ. ਕੈਪੀਟਲ ਵਲੋਂ ਪੰਜਾਬ ਚ 3000 ਕਰੋੜ ਰੁਪਏ ਦੇ ਨਿਵੇਸ਼ ਨਾਲ ਮੈਡੀਸਿਟੀ ਪ੍ਰੋਜੈਕਟ ਬਣਾਉਣ ਦੀ ਤਜਵੀਜ਼
ਚੰਡੀਗੜ੍ਹ, 3 ਅਕਤੂਬਰ 2022- ਯੂ.ਕੇ. ਦੀ ਨਾਮਵਾਰ ਕੰਪਨੀ ਐਚ.ਪੀ. ਕੈਪੀਟਲ ਨੇ ਪੰਜਾਬ ਵਿਚ 3000 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਸਿਟੀ ਪ੍ਰੋਜੈਕਟ ਸਥਾਪਤ ਕਰਨ ਸੰਬੰਧੀ ਪੰਜਾਬ ਸਰਕਾਰ ਨੂੰ ਇੱਛਾ ਜ਼ਾਹਿਰ ਕੀਤੀ ਹੈ। ਕਰਨ ਰੰਧਾਵਾ, ਮੈਂਬਰ ਹਾਈ ਪਾਵਰ ਇਨਵੈਸਟਮੈਂਟ ਕਮੇਟੀ ਪੰਜਾਬ ਸਰਕਾਰ ਨੇ ਉਪਰੋਕਤ ਕੰਪਨੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਚੇਤਨ ਸਿੰਘ ਜੌੜੋਮਾਜਰਾ ਨੂੰ ਲਿਖੇ ਇੱਛਾ ਪੱਤਰ ਦੀ ਕਾਪੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਉਪਰੋਕਤ ਕੰਪਨੀ ਵੱਲੋਂ ਇਸ ਪ੍ਰੋਜੈਕਟ ਅਧੀਨ 300 ਬੈੱਡ ਦਾ ਸਵੈ ਨਿਰਭਰ ਸੁਪਰਸਪੈਸ਼ਲਿਟੀ ਹਸਪਤਾਲ ਸਥਾਪਤ ਕਰਦੇ ਹੋਏ ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਅਤੇ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਐਫ਼ੀਲੀਏਟਡ ਮੈਡੀਕਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਇਸ ਰਾਹੀਂ ਹੈਲਥ ਸਟਾਫ਼ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਦੇ ਹੋਏ ਇਸ ਖੇਤਰ ਵਿਚ ਵਿਸ਼ੇਸ਼ਗਾਂ ਦੀ ਘਾਟ ਦੇ ਸੰਕਟ ਨਾਲ ਨਿਪਟਿਆ ਜਾ ਸਕੇਗਾ।
ਇਸ ਤੋਂ ਇਲਾਵਾ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸਾਢੇ ਪੰਜ ਹਜ਼ਾਰ ਸਥਾਨਕ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਾਪਤ ਹੋਵੇਗਾ। ਇਸ ਸੰਸਥਾ ਵਿਚ ਇਲਾਜ ਕਰਵਾਉਣ ਵਾਲੇ ਆਰਥਿਕ ਪਿਛੜੇਵੇਂ ਨਾਲ ਸੰਬੰਧਤ 10% ਮਰੀਜ਼ ਮੁਫ਼ਤ ਮੈਡੀਕਲ ਟਰੀਟਮੈਂਟ ਲੈ ਸਕਣਗੇ। ਇਸ ਦੇ ਨਾਲ ਹੀ ਸਥਾਨਕ ਕੰਮ ਕਾਜੀ ਲੋਕ ਅਤੇ ਕਾਰਪੋਰੇਟ ਬੀਮਾ ਧਾਰਕ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਗੇ। ਕੰਪਨੀ ਵੱਲੋਂ ਦਿੱਤੀ ਗਈ ਤਜਵੀਜ਼ ਭਾਰਤ ਵਿਚ ਇੱਕ ਵਿਲੱਖਣ ਮਾਡਲ ਹੋਵੇਗਾ, ਜੋ ਸਵੈਨਿਰਭਰ ਹੋਣ ਦਾ ਵਾਅਦਾ ਕਰਦੇ ਹੋਏ ਪਾਵਰ ਸੈਕਟਰ ਲਈ ਗਰੀਨ ਅਨੈਰਜੀ ਦੀ ਪੈਦਾਵਾਰ ਕਰਨ ਨੂੰ ਉਤਸ਼ਾਹਿਤ ਕਰੇਗਾ ਜੋ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਦੇ ਹੱਲ ਵਿਚ ਵੀ ਸਹਾਈ ਹੋਵੇਗਾ।
ਇਸ ਤੋਂ ਇਲਾਵਾ ਪੰਜਾਬ ਵਿਚ ਮੈਡੀਕਲ ਟੂਰਿਜ਼ਮ ਦੀ ਦਿਲਚਸਪੀ ਵਧਣ ਨਾਲ ਸਥਾਨਕ ਅਰਥ ਵਿਵਸਥਾ ਨੂੰ ਵੀ ਭਰਪੂਰ ਹੁਲਾਰਾ ਮਿਲੇਗਾ। ਇਸ ਸਕੀਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਭਾਰਤੀ ਅਤੇ ਬ੍ਰਿਟਿਸ਼ ਯੂਨੀਵਰਸਿਟੀਆਂ ਵੱਲੋਂ ਸਾਂਝੇ ਤੌਰ ‘ਤੇ ਸਿੱਖਿਆ ਦੇ ਸਕਣਗੀਆਂ। ਕੰਪਨੀ ਵੱਲੋਂ ਦਿੱਤੀ ਗਈ ਸਕੀਮ ਅਧੀਨ ਇਸ ਪ੍ਰੋਜੈਕਟ ਦੀ ਰਹਿੰਦ-ਖੂਹਂਦ ਵਿਚੋਂ ਘਰੇਲੂ ਗੈਸ ਅਤੇ ਕਿਸਾਨਾਂ ਲਈ ਆਰਗੈਨਿਕ ਖਾਦਾਂ ਵੀ ਤਿਆਰ ਕੀਤੀਆਂ ਜਾ ਸਕਣਗੀਆਂ।
ਕਰਨ ਰੰਧਾਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਵਿਦੇਸ਼ੀ ਨਿਵੇਸ਼ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ ਗਈ ਹੈ, ਜਿਨ੍ਹਾਂ ਦੇ ਫਲਸਰੂਪ ਹੁਣ ਨਿਵੇਸ਼ਕ ਵੱਡੀ ਦਿਲਚਸਪੀ ਵਿਖਾ ਰਹੇ ਹਨ, ਇਹ ਤਜਵੀਜ਼ ਵੀ ਉਸੇ ਦਾ ਹਿੱਸਾ ਹੈ। ਜੇਕਰ ਪੰਜਾਬ ਸਰਕਾਰ ਅਤੇ ਕੰਪਨੀ ਵਿਚ ਗੱਲਬਾਤ ਦੌਰਾਨ ਇਸ ਪ੍ਰਾਜੈਕਟ ਬਾਰੇ ਸਹਿਮਤੀ ਬਣ ਜਾਂਦੀ ਹੈ ਤਾਂ ਪੰਜਾਬ ਦੀ ਅਰਥ ਵਿਵਸਥਾ ਨੂੰ ਮੁੜ ਪੈਰੀਂ ਲਿਆਉਣ ਵਿਚ ਇਕ ਵੱਡਾ ਕਦਮ ਹੋਵੇਗਾ ਅਤੇ ਇਸਦੀ ਕਾਮਯਾਬੀ ਨੂੰ ਦੇਖਦੇ ਹੋਈਏ ਕਈ ਹੋਰ ਵਿਦੇਸ਼ੀ ਨਿਵੇਸ਼ਕ ਪੰਜਾਬ ਵੱਲ ਰੁੱਖ ਕਰਨਗੇ ਜਿਸ ਦੇ ਨਾਲ ਪੰਜਾਬ ਵਿੱਚ ਵਿਸ਼ਵ ਪੱਧਰੀ ਬਨਾਉਦੀ ਢਾਂਚਾ ਸਥਾਪਿਤ ਕਰਨ ਵਿੱਚ ਸਰਕਾਰ ਨੂੰ ਵੱਡੀ ਕਾਮਯਾਬੀ ਮਿਲ਼ੇਗੀ l ਕਰਨ ਰੰਧਾਵਾ ਨੇ ਆਸ ਕੀਤੀ ਹੈ ਕਿ ਇਸ ਸੰਬੰਧੀ ਜਲਦ ਹੀ ਪੰਜਾਬ ਸਰਕਾਰ ਅਤੇ ਉਪਰੋਕਤ ਕੰਪਨੀ ਵਿਚਕਾਰ ਸਾਰਥਕ ਗੱਲਬਾਤ ਅਗਾਂਹ ਤੁਰੇਗੀ।