ਹਰੀਸ਼ ਕਾਲੜਾ
ਰੂਪਨਗਰ, 10 ਮਈ 2021: ਅੱਜ ਸਥਾਨਿਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਚੇਤਨ ਨਸ਼ਾ ਵਿਰੋਧੀ ਲਹਿਰ ਦੁਆਰਾ ' ਸੜਕ ਦੁਰਘਟਨਾ' ਨੂੰ ਰੋਕਣ ਸਬੰਧੀ ਜਾਗਰੂਕਤਾ ਦੇ ਵਿਸ਼ੇ ਉੱਤੇ ਇਕ ਵੇਬਿਨਾਰ ਦਾ ਆਯੋਜਨ ਕੀਤਾ ਗਿਆ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੇਬਿਨਾਰ ਵਿੱਚ ਹਰਮਿੰਦਰ ਸਿੰਘ ਐਮ.ਏ ਭਾਗ ਦੂਜਾ ਰਾਜਨੀਤੀ ਵਿਗਿਆਨ ਨੇ ਪਹਿਲਾ, ਸਿਮਰਨਜੋਤ ਕੌਰ ਬੀ.ਏ ਭਾਗ ਦੂਜਾ ਨੇ ਦੂਸਰਾ ਅਤੇ ਜਸਪ੍ਰੀਤ ਸਿੰਘ ਐਮ.ਏ ਭਾਗ ਪਹਿਲਾ ਰਾਜਨੀਤੀ ਵਿਗਿਆਨ ਅਤੇ ਧਰਮਪ੍ਰੀਤ ਸਿੰਘ ਬੀ.ਏ ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ ਕਰਦੇ ਹੋਏ ਦੱਸਿਆ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੀਆਂ ਅਤੇ ਰਾਸ਼ਟਰੀ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਭਾਰਤ ਭਰ ਵਿੱਚ ਸਲਾਨਾ 4.5 ਲੱਖ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਜਿਨਾਂ ਵਿੱਚ ਸਲਾਨਾ 4.5 ਲੱਖ ਲੋਕ ਮਰ ਜਾਂਦੇ ਹਨ। ਭਾਰਤ ਵਿੱਚ ਪ੍ਰਤੀ ਘੰਟੇ 25 ਸੜਕ ਦੁਰਘਟਨਾਵਾਂ ਹੋ ਰਹੀਆਂ ਹਨ ਜਿਨਾਂ ਵਿੱਚ ਪ੍ਰਤੀ ਘੰਟੇ 17 ਲੋਕ ਮਰ ਰਹੇ ਹਨ। ਭਾਰਤ ਭਰ ਵਿੱਚ ਸੜਕ ਦੁਰਘਟਨਾ ਕਾਰਨ ਰੋਜਾਨਾ 377 ਲੋਕ ਮਰ ਰਹੇ ਹਨ। ਸੜਕ ਦਰਘਟਨਾਵਾਂ ਵਿੱਚ ਰੋਜਾਨਾ ਮਰਨ ਵਾਲੇ ਲੋਕਾਂ ਵਿੱਚ 16 ਬੱਚੇ ਹੁੰਦੇ ਹਨ। ਪਿਛਲੇ 10 ਸਾਲਾਂ ਵਿੱਚ ਭਾਰਤ ਭਰ ਵਿੱਚ 13 ਲੱਖ ਲੋਕ ਸੜਕ ਦੁਰਘਟਨਾਵਾਂ ਵਿੱਚ ਮਾਰੇ ਗਏ ਹਨ ਜਦਕਿ 50 ਲੱਖ ਲੋਕ ਜਖਮੀ ਅਤੇ ਅਪਾਹਿਜ ਹੋਏ ਹਨ। ਸੜਕ ਦੁਰਘਟਨਾਵਾਂ ਵਿੱਚ ਮਰਨ ਵਾਲੇ 72.2 ਫੀਸ਼ਦੀ ਲੋਕ 18 ਤੋਂ 45 ਸਾਲ ਤੱਕ ਦੇ ਹੁੰਦੇ ਹਨ। ਸੜਕ ਦੁਰਘਟਨਾਵਾਂ ਕਾਰਨ ਪ੍ਰਤੀ ਸਾਲ 5.96 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਜੋ ਕੁੱਲ ਘਰੇਲੂ ਉਤਪਾਦਨ ਦਾ 3.14 ਫੀਸ਼ਦੀ ਹੈ। ਵਿਸ਼ਵ ਸਿਹਤ ਸੰਗਠਨ ਹਰ ਸਾਲ ਸੜਕ ਦੁਰਘਟਨਾਵਾਂ ਸਬੰਧੀ 175 ਦੇਸ਼ਾਂ ਦੀ ਗਲੋਬਲ ਰਿਪੋਰਟ ਤਿਆਰ ਕਰਦਾ ਹੈ। ਉਸ ਅਨੁਸਾਰ ਭਾਰਤ ਵਿੱਚ ਸੜਕ ਦੁਰਘਟਨਾਵਾਂ ਕਾਰਨ ਵਿਸ਼ਵ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਭਾਰਤ ਦਾ 11 ਫੀਸ਼ਦੀ ਯੋਗਦਾਨ ਹੈ। ਵਿਸ਼ਵ ਪੱਧਰ ਤੇ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਭਾਰਤ ਦਾ 11 ਫੀਸਦੀ ਯੋਗਦਾਨ ਹੈ। ਭਾਰਤ ਦੀਆਂ ਸੜਕਾਂ ਵਿੱਚ ਅਵਾਰਾ ਪਸ਼ੂਆਂ ਅਤੇ ਖਰਾਬ ਸੜਕਾਂ ਦਾ ਹੋਣਾ 50 ਫੀਸ਼ਦੀ ਦੁਰਘਟਨਾਵਾਂ ਲਈ ਜਿੰਮੇਵਾਰ ਹੈ। ਸਮੁੱਚੇ ਭਾਰਤ ਵਿੱਚ ਓਵਰ ਸਪੀਡਿੰਗ ਕਾਰਨ ਰੋਜਾਨਾ 270 ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਡਰਾਇਵਿੰਗ ਦੌਰਾਨ ਸ਼ਰਾਬ ਪੀਣ ਕਰਕੇ ਪਿਛਲੇ 3 ਸਾਲਾਂ ਵਿੱਚ 38 ਹਜਾਰ ਤੋਂ ਵੱਧ ਸੜਕ ਦੁਰਘਟਨਾਵਾਂ ਹੋਈਆਂ ਹਨ। ਡਰਾਇਵਿੰਗ ਦੌਰਾਨ ਸੀਟ ਬੈਲਟ ਪਹਿਨਣ ਨਾਲ 16 ਫੀਸ਼ਦੀ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਡਰਾਇਵਿੰਗ ਦੌਰਾਨ ਮੋਬਾਇਲ ਫੋਨ ਦਾ ਪ੍ਰਯੋਗ ਨਾ ਕਰਕੇ 33 ਫੀਸ਼ਦੀ ਸੜਕ ਹਾਦਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਹੈਲਮਟ ਪਹਿਨਣ ਨਾਲ ਸੜਕ ਦੁਰਘਟਨਾਵਾਂ ਵਿੱਚ 75 ਫੀਸ਼ਦੀ ਜਾਨਾਂ ਬਚ ਸਕਦੀਆਂ ਹਨ। 2017 ਦੀਆਂ ਸੜਕ ਦੁਰਘਟਨਾਵਾਂ ਵਿੱਚ ਡਰਾਇਵਿੰਗ ਦੌਰਾਨ ਸ਼ਰਾਬ ਪੀਣ ਕਰਕੇ 4776 ਮੌਤਾਂ, ਮੋਬਾਇਲ ਫੋਨ ਦੀ ਵਰਤੋਂ ਕਾਰਨ 3172 ਮੌਤਾਂ, ਲਾਲ ਬੱਤੀ ਕਰੋਸ ਕਰਨ ਕਾਰਨ 1826 ਮੌਤਾਂ, ਸੀਟ ਬੇਲਟ ਨਾ ਪਹਿਨਣ ਕਾਰਨ 26896 ਮੌਤਾਂ ਅਤੇ ਹੈਲਮਟ ਨਾ ਪਹਿਨਣ ਕਾਰਨ 35975 ਮੌਤਾਂ ਹੋਈਆਂ ਸਨ। ਸੜਕ ਦੁਰਘਟਨਾਵਾਂ ਕਾਰਨ ਜਿੱਥੇ ਕਾਫੀ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਹੀ ਸਮਾਜਿਕ ਵਿਵਸਥਾ ਵੀ ਬਹੁਤ ਬੁਰੀ ਤਰਾਂ ਪ੍ਰਵਾਵਿਤ ਹੁੰਦੀ ਹੈ। ਇਸ ਲਈ ਹਰੇਕ ਨਾਗਰਿਕ ਦਾ ਕਰਤੱਵ ਬਣਦਾ ਹੈ ਕਿ ਉਹ ਸੜਕਾਂ ਉੱਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰੇ ਜਿਸ ਨਾਲ ਸੜਕ ਦੁਰਘਟਨਾਵਾਂ ਦੀ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ। ਹੁਣ ਚਾਹੇ ਲਾਕ ਡਾਊਨ ਕਾਰਨ ਸੜਕ ਦੁਰਘਟਨਾਵਾਂ ਵਿੱਚ ਕਮੀ ਆਈ ਹੈ ਪ੍ਰੰਤੂ ਇਸ ਮੌਕੇ ਵਿਦਿਆਰਥੀਆਂ ਨੂੰ ਡਰਾਇਵਿੰਗ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਦਿਵਾਇਆ ਗਿਆ ਤਾਂ ਜੋ ਉਹ ਸੜਕ ਦੁਰਘਟਨਾਵਾਂ ਨੂੰ ਰੋਕਣ ਵਿੱਚ ਆਪਣਾ ਮੱਹਤਵਪੂਰਨ ਯੋਗਦਾਨ ਦੇ ਸਕਣ।