9 ਸਾਲ ਬਾਅਦ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਜਗਤਾਰ ਸਿੰਘ ਜੌਹਲ, ਪਰਿਵਾਰ ਸਮੇਤ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
ਦਿੱਲੀ ਬਿਊਰੋ / ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 1 ਅਕਤੂਬਰ 2026: ਕਰੀਬ 9 ਸਾਲ ਬਾਅਦ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਰਿਹਾਈ ਤੋਂ ਬਾਅਦ ਜੱਗੀ ਜੌਹਲ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਮੱਥਾ ਟੇਕਿਆ।
ਗੱਲਬਾਤ ਕਰਦਿਆਂ ਜੱਗੀ ਜੌਹਲ ਨੇ ਕਿਹਾ ਕਿ ਉਹ 9 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਇਸ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਨੇ ਅਦਾਲਤੀ ਕਾਰਵਾਈ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਜੱਗੀ ਜੌਹਲ ਦੇ ਵਕੀਲ ਨੇ ਦੱਸਿਆ ਕਿ ਕਰੀਬ 9 ਸਾਲ ਬਾਅਦ ਅਦਾਲਤ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਸਨ, ਪਰ ਜੇਲ੍ਹ ਵੱਲੋਂ ਰਿਹਾਈ ਨਾ ਕੀਤੇ ਜਾਣ ਕਾਰਨ ਕੁਝ ਦਿਨ ਹੋਰ ਲੱਗ ਗਏ।
ਵਕੀਲ ਮੁਤਾਬਕ ਅੱਜ ਮੁੜ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਤੇ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਅੱਜ ਹੀ ਰਿਹਾਈ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਕਰੀਬ ਸ਼ਾਮ 6 ਵਜੇ ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਰਿਹਾਈ ਤੋਂ ਬਾਅਦ ਉਹ ਸਿੱਧੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।
ਜੱਗੀ ਜੌਹਲ ਨੇ ਕਿਹਾ ਕਿ ਉਹ ਫਿਲਹਾਲ ਦਿੱਲੀ ਵਿੱਚ ਰਹਿਣਗੇ। ਜੇਕਰ ਪੰਜਾਬ ਜਾਣਾ ਹੋਇਆ ਤਾਂ ਇਸ ਲਈ ਉਹ ਅਦਾਲਤ ਦਾ ਰੁਖ ਕਰਨਗੇ।
- Download Babushahi App
-
-