- By : ਬਾਬੂਸ਼ਾਹੀ ਬਿਊਰੋ
- First Published : Thursday, Mar 26, 2026 06:10 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Political Special ਬਠਿੰਡਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਦਿਆਂ ਤੱਕੜੀ ’ਚ ਸਿਆਸੀ ਵੱਟੇ ਖੜਕਣ ਦੀ ਚਰਚਾ
ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2026: ਨਗਰ ਨਿਗਮ ਬਠਿੰਡਾ ਦੀ ਸੰਭਾਵੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਨੂੰ ਸ਼ਹਿਰੀ ਜਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਪਾਰਟੀ ’ਚ ਨਰਾਜ਼ਗੀ ਦਾ ਮਹੌਲ ਬਣਨ ਦੇ ਚਰਚੇ ਹਨ। ਮਾਨ ਨੂੰ ਨਿਯੁਕਤ ਕਰਨ ਸਬੰਧੀ ਤੱਥ ਬਾਹਰ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲਾਈਨੋ ਪਾਰ ਇਲਾਕੇ ਦੇ ਸੀਨੀਅਰ ਆਗੂ ਅਤੇ ਨਗਰ ਨਿਗਮ ’ਚ ਦੋ ਵਾਰ ਕੌਂਸਲਰ ਰਹੇ ਨਿਰਮਲ ਸੰਧੂ ਨੇ ਆਪਣੇ ‘ਫੇਸਬੁੱਕ’ ਅਕਾਊਂਟ ’ਤੇ ਪੋਸਟ ਪਾਕੇ ਕੁੱਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹਿਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਆਪਣੀ ਪੋਸਟ ’ਚ ਉਨ੍ਹਾਂ ਇਸ ਦਾ ਕਾਰਨ ਪ੍ਰੀਵਾਰ ਰੁਝੇਵਿਆਂ ਨੂੰ ਦੱਸਿਆ ਹੈ ਪਰ ਸ਼ਹਿਰੀ ਹਲਕੇ ਉਹ ਵੀ ਲਾਈਨੋਪਾਰ ਵਰਗੇ ਸਿਆਸੀ ਤੌਰ ’ਤੇ ਮਹੱਤਵਪੂਰਨ ਸਮਝੇ ਜਾਂਦੇ ਇਲਾਕੇ ’ਚ ਇੱਕ ਸੀਨੀਅਰ ਟਕਸਾਲੀ ਆਗੂ ਵੱਲੋਂ ਇਸ ਤਰਾਂ ਕਰਨ ਨੂੰ ਪਾਰਟੀ ਲੀਡਰਸ਼ਿਪ ਪ੍ਰਤੀ ਡਾਢੀ ਨਰਾਜ਼ਗੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਗੁਰਸੇਵਕ ਸਿੰਘ ਮਾਨ ਦੇ ਨਾਮ ਦਾ ਪ੍ਰਧਾਨ ਵਜੋਂ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਸੱਦੀ ਗਈ ਤਾਂ ਉਸ ਵਿੱਚ ਵੀ ਨਿਰਮਲ ਸੰਧੂ ਗੈਰਹਾਜ਼ਰ ਰਹੇ ਸਨ। ਇਸ ਤੋਂ ਬਾਅਦ ਹੀ ਚਰਚਾ ਸ਼ੁਰੂ ਹੋ ਗਈ ਸੀ ਕਿ ਸ਼ਹਿਰੀ ਅਕਾਲੀ ਦਲ ਦੀ ਦਾਲ ’ਚ ਕਿਧਰੇ ਕਾਲਾ ਤਾਂ ਨਹੀਂ ਪਰ ਉਨ੍ਹਾਂ ਦੀ ਪੋਸਟ ਨੇ ਤਾਂ ਇਹ ਸਪਸ਼ਟ ਹੀ ਕਰ ਦਿੱਤਾ ਕਿ ਪਾਰਟੀ ’ਚ ਸਭ ਅੱਛਾ ਨਹੀਂ ਹੈ। ਅੱਜ ਜਦੋਂ ਇਸ ਪੱਤਰਕਾਰ ਨੇ ਨਿਰਮਲ ਸਿੰਘ ਸੰਧੂ ਨਾਲ ਇਸ ਮੁੱਦੇ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਧਰਮ ਪਤਨੀ ਦੇ ਇਲਾਜ ’ਚ ਮਸ਼ਰੂਫ ਰਹਿਣ ਕਾਰਨ ਸਿਆਸੀ ਰੁਝੇਵਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਂਜ ਇਸ ਗੱਲਬਾਤ ਦੌਰਾਨ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਇਸ ਦੂਰੀ ਦਾ ਕਾਰਨ ਸ਼ਹਿਰ ਦੇ ਇੱਕ ਨੇਤਾ ਨੂੰ ਜਿੰਮੇਵਾਰ ਦੱਸਿਆ ਜੋ ਸਿਆਸੀ ਮੁਫਾਦਾਂ ਤਹਿਤ ਅਕਾਲੀ ਦਲ ’ਚ ਸ਼ਾਮਲ ਹੋਇਆ ਸੀ।
ਨਿਰਮਲ ਸੰਧੂ ਦੇ ਇਸ ਵਤੀਰੇ ਕਾਰਨ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਰਗੜਾ ਲੱਗਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਹ ਵੀ ਉਸ ਵਕਤ ਜਦੋਂ ਨਗਰ ਨਿਗਮ ’ਚ ਲਗਾਤਾਰ 10 ਸਾਲ ਤੋਂ ਵੱਧ ਦਾ ਸਮਾਂ ਕਾਬਜ ਰਹਿਣ ਅਤੇ ਸ਼ਹਿਰ ’ਚ ਵਿਕਾਸ ਦੀ ਝੜੀ ਲਾਉਣ ਦੇ ਦਾਅਵੇ ਕਰਨ ਦੇ ਬਾਵਜੂਦ ਸਾਲ 2021 ਦੀਆਂ ਚੋਣਾਂ ਮੌਕੇ 7 ਵਾਰਡਾਂ ’ਚ ਜਿੱਤ ਪ੍ਰਾਪਤ ਕੀਤੀ ਜਾ ਸਕੀ ਸੀ। ਰੌਚਕ ਇਹ ਵੀ ਹੈ ਕਿ ਇੰਨ੍ਹਾਂ ਸੱਤਾਂ ਚੋਂ 4 ਕੌਂਸਲਰ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ। ਗਨੀਮਤ ਇਹ ਰਹੀ ਕਿ ਇੰਨ੍ਹਾਂ ਚੋ ਇੱਕ ਨੇ ਘਰ ਵਾਪਿਸੀ ਕਰ ਲਈ ਸੀ। ਪਾਰਟੀ ਮਜਬੂਤ ਕਰਨ ਦੇ ਪੱਖ ਤੋਂ ਦੇਖੀਏ ਤਾਂ ਗੁਰਸੇਵਕ ਮਾਨ ਦੀ ਨਿਯੁਕਤੀ ਕੋਈ ਕਿੰਤੂ ਪ੍ਰੰਤੂ ਵਾਲੀ ਨਹੀਂ ਬਲਕਿ ਨੌਜਵਾਨ ਅਤੇ ਲੜਾਈ ਲੜਨ ਵਾਲਾ ਆਗੂ ਹੈ ਪਰ ਸੀਨੀਆਰਤਾ ਆੜੇ ਆਉਂਦੀ ਦਿਖਾਈ ਦੇ ਰਹੀ ਹੈ।
ਦਰਅਸਲ ਨਿਰਮਲ ਸਿੰਘ ਸੰਧੂ ਦੀ ਪਹਿਲੀ ਵਾਰ ਚਰਚਾ ਉਦੋਂ ਹੋਈ ਜਦੋਂ ਸਾਲ 2008 ’ਚ ਹੋਈਆਂ ਨਗਰ ਨਿਗਮ ਬਠਿੰਡਾ ਦੀਆਂ ਪਹਿਲੀਆਂ ਚੋਣਾਂ ’ਚ ਜਿੱਤ ਪ੍ਰਾਪਤ ਕੀਤੀ ਸੀ। ਸਾਲ 2015 ’ਚ ਹੋਈਆਂ ਦੂਸਰੀਆਂ ਚੋਣਾਂ ’ਚ ਵੀ ਉਹ ਕੌਂਸਲਰ ਬਣੇ ਸਨ। ਇਸ ਦੌਰਾਨ 12 ਜਨਵਰੀ 2019 ਨੂੰ ਨਿਰਮਲ ਸੰਧੂ ਸਮੇਤ 4 ਕੌਂਸਲਰਾਂ ਨੇ ਅਕਾਲੀ ਦਲ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਸੀ ਜਿਸ ਦਾ ਮੁੱਖ ਕਾਰਨ ਪਾਰਟੀ ’ਚ ਪੀਏ ਕਲਚਰ ਦਾ ਭਾਰੂ ਹੋਣਾ ਦੱਸਿਆ ਸੀ। ਪਤਾ ਲੱਗਿਆ ਹੈ ਕਿ ਨਿਰਮਲ ਸੰਧੂ ਦੇ ਪਿਤਾ ਅਤੇ ਦਾਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਦੌਰਾਨ ਜੇਲ੍ਹਾਂ ਵੀ ਕੱਟੀਆਂ ਸਨ। ਇਸ ਕਾਰਨ ਅਤੇ ਪਾਰਟੀ ਲਈ ਠੋਕ ਵਜਾਕੇ ਕੀਤੇ ਕੰਮਾਂ ਕਰਕੇ ਬਣੇ ਨਿਰਮਲ ਸੰਧੂ ਦੇ ਸਿਆਸੀ ਕੱਦ ਹੀ ਸਿੱਟਾ ਸੀ ਕਿ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਧੂ ਨੂੰ ਮਨਾਉਣ ਲਈ ਪੁੱਜੇ ਸਨ ਜਿਸ ਕਰਕੇ ਉਨ੍ਹਾਂ ਪਾਰਟੀ ਦਾ ਲੜ ਨਹੀਂ ਛੱਡਿਆ ਸੀ।
ਬੀਬਾ ਬਾਦਲ ਦੀ ਨਰਾਜ਼ਗੀ
ਸੂਤਰ ਦੱਸਦੇ ਹਨ ਕਿ ਗੁਰਸੇਵਕ ਮਾਨ ਦੀ ਪ੍ਰਧਾਨ ਵਜੋਂ ਨਿਯੁਕਤੀ ਪਿੱਛੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਹੱਥ ਹੈ। ਸੂਤਰਾਂ ਮੁਤਾਬਕ ਬੀਬੀ ਬਾਦਲ ਪੁਰਾਣੇ ਬਿਆਨਾਂ ਕਾਰਨ ਨਿਰਮਲ ਸੰਧੂ ਨਾਲ ਨਰਾਜ਼ ਚੱਲੇ ਆ ਰਹੇ ਹਨ। ਅਕਾਲੀ ਹਲਕਿਆਂ ਨੇ ਦੱਸਿਆ ਕਿ ਸ਼ਹਿਰ ਦੇ ਕਈ ਟਕਸਾਲੀ ਆਗੂਆਂ ਨੇ ਨਿਰਮਲ ਸੰਧੂ ਦੇ ਹੱਕ ’ਚ ਅਵਾਜ਼ ਚੁੱਕੀ ਸੀ ਜਿਸ ਨੂੰ ਨਰਾਜ਼ਗੀਆਂ ਦੇ ਰੌਲੇ ਘਚੌਲੇ ’ਚ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇੱਕ ਆਗੂ ਨੇ ਮੰਨਿਆ ਕਿ ਬੇਸ਼ੱਕ ਗੁਰਸੇਵਕ ਮਾਨ ਦੀ ਪ੍ਰਧਾਨਗੀ ’ਚ ਕੋਈ ਖੋਟ ਨਹੀਂ ਪਰ ਸੰਧੂ ਦਾ ਅਧਾਰ ਵੀ ਕੋਈ ਘੱਟ ਨਹੀਂ ਹੈ।
ਮਿਲ ਬੈਠਕੇ ਕੱਢਾਂਗੇ ਹੱਲ: ਮਾਨ
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਮਾਨ ਦਾ ਕਹਿਣਾ ਸੀ ਕਿ ਜਦੋਂ ਪ੍ਰੀਵਾਰ ਵੱਡਾ ਹੁੰਦਾ ਹੈ ਤਾਂ ਮਾੜੀ ਮੋਟੀ ਨਰਾਜ਼ਗੀ ਹੋ ਜਾਂਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਕੋਈ ਅਜਿਹਾ ਸਾਹਮਣੇ ਆਇਆ ਤਾਂ ਉਹ ਸਤਿਕਾਰਤ ਹਨ ਅਤੇ ਉਨ੍ਹਾਂ ਨਾਲ ਮਿਲ ਬੈਠਕੇ ਮਸਲਾ ਸੁਲਝਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ’ਚ ਲਿਆਉਣਗੇ ਤਾਂ ਜੋ ਕੋਈ ਢੁੱਕਵਾਂ ਹੱਲ ਕੱਢਿਆ ਜਾ ਸਕੇ।
Click to Follow Babushahi Facebook page →
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com