HS ਫੂਲਕਾ ਦੇ ਭਾਜਪਾ 'ਚ ਜਾਣ 'ਤੇ CM ਮਾਨ ਦਾ ਤਿੱਖਾ ਹਮਲਾ; ਕਿਹਾ- ਅਜਿਹਾ ਬੰਦਾ ਦੁਬਾਰਾ ਜਿੱਤਦਾ ਨਹੀਂ ਦੇਖਿਆ!
ਚੰਡੀਗੜ੍ਹ, 1 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਉੱਘੇ ਵਕੀਲ ਐਚ. ਐਸ. ਫੂਲਕਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਨੇ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਸਿਆਸੀ ਫੇਰਬਦਲ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਫੁਲਕਾ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਫੂਲਕਾ ਦੇ ਅਤੀਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਵਿਧਾਇਕ ਚੁਣਿਆ ਸੀ, ਤਾਂ ਉਨ੍ਹਾਂ ਨੇ ਅੱਧ ਵਿਚਾਲੇ ਹੀ ਅਸਤੀਫ਼ਾ ਦੇ ਦਿੱਤਾ ਸੀ। ਮਾਨ ਨੇ ਕਿਹਾ, "ਜਦੋਂ ਲੋਕਾਂ ਨੇ ਚੁਣ ਕੇ ਸੇਵਾ ਦਾ ਮੌਕਾ ਦਿੱਤਾ ਸੀ, ਉਦੋਂ ਤਾਂ ਇਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਮੈਂ ਅੱਜ ਤੱਕ ਅਜਿਹਾ ਕੋਈ ਬੰਦਾ ਨਹੀਂ ਦੇਖਿਆ ਜੋ ਅਸਤੀਫ਼ਾ ਦੇ ਕੇ ਦੁਬਾਰਾ ਜਿੱਤਿਆ ਹੋਵੇ।"
ਭਾਵੇਂ ਮੁੱਖ ਮੰਤਰੀ ਦੇ ਸ਼ਬਦਾਂ ਵਿੱਚ ਤਲਖ਼ੀ ਸਾਫ਼ ਨਜ਼ਰ ਆ ਰਹੀ ਸੀ, ਪਰ ਉਨ੍ਹਾਂ ਨੇ ਵਿਅੰਗਮਈ ਅੰਦਾਜ਼ ਵਿੱਚ ਫੂਲਕਾ ਨੂੰ ਉਨ੍ਹਾਂ ਦੇ ਨਵੇਂ ਸਿਆਸੀ ਸਫ਼ਰ ਲਈ 'ਗੁੱਡ ਲੱਕ' (ਸ਼ੁਭਕਾਮਨਾਵਾਂ) ਵੀ ਕਿਹਾ। ਉਨ੍ਹਾਂ ਸੰਕੇਤ ਦਿੱਤਾ ਕਿ ਸਿਆਸਤ ਵਿੱਚ ਵਾਰ-ਵਾਰ ਪਾਸਾ ਪਲਟਣ ਵਾਲੇ ਆਗੂਆਂ ਨੂੰ ਜਨਤਾ ਕਦੇ ਸਵੀਕਾਰ ਨਹੀਂ ਕਰਦੀ।
ਐਚ. ਐਸ. ਫੂਲਕਾ, ਜੋ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਜਾਣੇ ਜਾਂਦੇ ਹਨ, ਨੇ ਪਹਿਲਾਂ ਆਮ ਆਦਮੀ ਪਾਰਟੀ ਰਾਹੀਂ ਸਿਆਸਤ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦਾ ਭਾਜਪਾ ਵਿੱਚ ਜਾਣਾ, ਆਉਣ ਵਾਲੀਆਂ ਚੋਣਾਂ ਵਿੱਚ ਵੱਡੇ ਬਦਲਾਅ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਮਾਨ ਦਾ ਇਹ ਬਿਆਨ ਸਾਫ਼ ਕਰਦਾ ਹੈ ਕਿ 'ਆਪ' ਹੁਣ ਆਪਣੇ ਪੁਰਾਣੇ ਸਾਥੀ ਨੂੰ ਸਖ਼ਤ ਸਿਆਸੀ ਟੱਕਰ ਦੇਣ ਲਈ ਤਿਆਰ ਹੈ।
Click to Follow Babushahi Facebook page →