HMEL ਦੇ ਪ੍ਰੋਜੈਕਟ ਰਿਫਾਇਨਰੀ ਨੇ ਪਿੰਡ ਗਿਆਨਾ ਵਿੱਚ ਜਿਮ ਅਤੇ ਆਧੁਨਿਕ ਲਾਇਬਰੇਰੀ ਬਣਾਈ
ਅਸ਼ੋਕ ਵਰਮਾ
ਬਠਿੰਡਾ, 16 ਜੁਲਾਈ 2026 : ਸ਼ਾਮ ਢਲਦੇ ਹੀ ਪਿੰਡ ਗਿਆਣਾ ਦੀ ਪੰਚਾਇਤੀ ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਸਫ਼ੇ ਪਲਟਣ ਦੀਆਂ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ। ਕੋਈ ਐੱਸਐੱਸਸੀ ਸੀਜੀਐੱਲ ਦੀ ਤਿਆਰੀ ਕਰ ਰਿਹਾ ਹੈ, ਕੋਈ ਬੈਂਕਿੰਗ ਪ੍ਰੀਖਿਆ ਦੀ, ਤਾਂ ਕੋਈ ਅਧਿਆਪਕ ਬਣਨ ਜਾਂ ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਲੈ ਕੇ ਪੜ੍ਹਾਈ ਵਿੱਚ ਜੁਟਿਆ ਹੋਇਆ ਹੈ। ਨੇੜੇ ਹੀ ਬਣੇ ਜਿਮ ਵਿੱਚ ਕੁਝ ਨੌਜਵਾਨ ਕਸਰਤ ਕਰਦੇ ਹੋਏ ਪਸੀਨਾ ਬਹਾ ਰਹੇ ਹਨ। ਕੁਝ ਸਮੇਂ ਬਾਅਦ ਇਹੀ ਨੌਜਵਾਨ ਕਿਤਾਬਾਂ ਹੱਥ ਵਿੱਚ ਲੈ ਕੇ ਲਾਇਬ੍ਰੇਰੀ ਵਿੱਚ ਬੈਠ ਜਾਂਦੇ ਹਨ। ਪਿੰਡ ਵਿੱਚ ਆਇਆ ਇਹ ਬਦਲਾਅ ਅਚਾਨਕ ਨਹੀਂ ਆਇਆ। ਇਸ ਦੇ ਪਿੱਛੇ ਐਚਐਮਈਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੀ ਇੱਕ ਅਜਿਹੀ ਪਹਿਲ ਹੈ, ਜਿਸ ਨੇ ਨੌਜਵਾਨਾਂ ਨੂੰ ਇੱਕ ਵਧੀਆ ਥਾਂ, ਅਨੁਕੂਲ ਮਾਹੌਲ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਸਹੀ ਦਿਸ਼ਾ ਦਿੱਤੀ।
ਅੱਜ ਪਿੰਡ ਵਿੱਚ ਬਣਿਆ ਜਿਮ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਪੰਚਾਇਤੀ ਲਾਇਬ੍ਰੇਰੀ ਨੌਜਵਾਨਾਂ ਦੇ ਸੁਪਨਿਆਂ ਦਾ ਕੇਂਦਰ ਬਣ ਚੁੱਕੇ ਹਨ। ਇੱਥੇ ਪੜ੍ਹਾਈ ਕਰਕੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਤਿੰਨ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਜੀਵਨ ਸਿੰਘ ਸਰਕਾਰੀ ਪ੍ਰਾਇਮਰੀ ਅਧਿਆਪਕ ਬਣੇ, ਸੁਖਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਅਤੇ ਉਨ੍ਹਾਂ ਦੇ ਭਰਾ ਗੁਰਲਾਲ ਸਿੰਘ ਭਾਰਤੀ ਫੌਜ ਵਿੱਚ ਸ਼ਾਮਲ ਹੋਏ। ਇਨ੍ਹਾਂ ਸਫਲਤਾਵਾਂ ਨੇ ਪਿੰਡ ਦੇ ਹੋਰ ਨੌਜਵਾਨਾਂ ਵਿੱਚ ਵੀ ਇਹ ਵਿਸ਼ਵਾਸ ਜਗਾਇਆ ਹੈ ਕਿ ਜੇ ਮਿਹਨਤ ਨੂੰ ਸਹੀ ਮਾਹੌਲ ਮਿਲੇ ਤਾਂ ਮੰਜ਼ਿਲ ਦੂਰ ਨਹੀਂ ਰਹਿੰਦੀ।
ਖਾਲੀ ਪਈ ਜ਼ਮੀਨ ਤੋਂ ਸ਼ੁਰੂ ਹੋਈ ਬਦਲਾਅ ਦੀ ਕਹਾਣੀ
ਪਿੰਡ ਦੇ ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2022-23 ਵਿੱਚ ਐਚਐਮਈਐਲ ਨੇ ਪਿੰਡ ਦੇ ਯੂਥ ਕਲੱਬ ਨਾਲ ਮਿਲ ਕੇ ਖਾਲੀ ਪਈ ਪੰਚਾਇਤੀ ਜ਼ਮੀਨ ਨੂੰ ਵਿਕਸਤ ਕਰਨ ਦੀ ਪਹਿਲ ਕੀਤੀ। ਜ਼ਮੀਨ ਦੀ ਚਾਰਦੀਵਾਰੀ ਕਰਕੇ ਉੱਥੇ ਬਣੇ ਪੁਰਾਣੇ ਕਮਰੇ ਦੀ ਮੁਰੰਮਤ ਕੀਤੀ ਗਈ ਅਤੇ ਆਧੁਨਿਕ ਮਸ਼ੀਨਾਂ ਨਾਲ ਲੈਸ ਜਿਮ ਸਥਾਪਤ ਕੀਤਾ ਗਿਆ। ਇਸ ਦੇ ਨਾਲ ਹੀ ਪੰਚਾਇਤ ਦੇ ਸਹਿਯੋਗ ਨਾਲ ਲਾਇਬ੍ਰੇਰੀ ਲਈ ਫਰਨੀਚਰ, ਕੂਲਰ, ਬੁੱਕ ਰੈਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਸ਼ੁਰੂ ਵਿੱਚ ਨੌਜਵਾਨ ਸਿਰਫ਼ ਕਸਰਤ ਕਰਨ ਲਈ ਜਿਮ ਆਉਂਦੇ ਸਨ। ਪਰ ਨੇੜੇ ਹੀ ਬਣੀ ਸ਼ਾਂਤ ਅਤੇ ਸੁਵਿਧਾਜਨਕ ਲਾਇਬ੍ਰੇਰੀ ਨੇ ਉਨ੍ਹਾਂ ਨੂੰ ਪੜ੍ਹਾਈ ਵੱਲ ਵੀ ਆਕਰਸ਼ਿਤ ਕੀਤਾ। ਹੌਲੀ-ਹੌਲੀ ਜਿਮ ਤੋਂ ਬਾਅਦ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨਾ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਬਣ ਗਿਆ। ਕਿਸੇ ਨੇ ਆਨਲਾਈਨ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ, ਤਾਂ ਕਿਸੇ ਨੇ ਇੱਥੇ ਉਪਲਬਧ ਪੰਜਾਬੀ ਸਾਹਿਤ ਅਤੇ ਵਿਆਕਰਨ ਦੀਆਂ ਕਿਤਾਬਾਂ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਮਜ਼ਦੂਰ ਦਾ ਪੁੱਤਰ ਬਣਿਆ ਪਰਿਵਾਰ ਦਾ ਪਹਿਲਾ ਸਰਕਾਰੀ ਅਧਿਆਪਕ
ਜੀਵਨ ਸਿੰਘ ਦੇ ਪਿਤਾ ਦਿਹਾੜੀ-ਮਜ਼ਦੂਰੀ ਕਰਦੇ ਸਨ। ਸੀਮਤ ਸਾਧਨਾਂ ਵਾਲੇ ਪਰਿਵਾਰ ਵਿੱਚ ਅਧਿਆਪਕ ਬਣਨ ਦਾ ਸੁਪਨਾ ਆਸਾਨ ਨਹੀਂ ਸੀ। ਬਾਰ੍ਹਵੀਂ ਤੋਂ ਬਾਅਦ ਉਨ੍ਹਾਂ ਨੇ ਡਾਇਟ ਬਠਿੰਡਾ ਤੋਂ ਈਟੀਟੀ ਕੀਤੀ ਅਤੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਅਧਿਆਪਕ ਭਰਤੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ। ਘਰ ਵਿੱਚ ਪੜ੍ਹਾਈ ਲਈ ਅਨੁਕੂਲ ਮਾਹੌਲ ਨਾ ਹੋਣ ਕਾਰਨ ਪਿੰਡ ਦੀ ਲਾਇਬ੍ਰੇਰੀ ਹੀ ਉਨ੍ਹਾਂ ਦਾ ਨਿਯਮਤ ਪੜ੍ਹਾਈ ਕੇਂਦਰ ਬਣ ਗਈ।
ਜੀਵਨ ਦੱਸਦੇ ਹਨ, "ਲਾਇਬ੍ਰੇਰੀ ਵਿੱਚ ਮੈਨੂੰ ਸ਼ਾਂਤ ਮਾਹੌਲ ਮਿਲਿਆ। ਇੱਥੇ ਉਪਲਬਧ ਪੰਜਾਬੀ ਸਾਹਿਤ ਅਤੇ ਵਿਆਕਰਨ ਦੀਆਂ ਕਿਤਾਬਾਂ ਨੇ ਟੀਈਟੀ ਦੀ ਤਿਆਰੀ ਵਿੱਚ ਮੇਰੀ ਬਹੁਤ ਮਦਦ ਕੀਤੀ।"
ਉਨ੍ਹਾਂ ਦੀ ਮਿਹਨਤ ਰੰਗ ਲੈ ਆਈ ਅਤੇ ਅਪ੍ਰੈਲ 2025 ਵਿੱਚ ਉਹ ਸਰਕਾਰੀ ਪ੍ਰਾਇਮਰੀ ਅਧਿਆਪਕ ਵਜੋਂ ਚੁਣੇ ਗਏ। ਇਸ ਵੇਲੇ ਉਹ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਦੋ ਭਰਾਵਾਂ ਨੂੰ ਮਿਲੀ ਪੁਲਿਸ ਅਤੇ ਫੌਜ ਦੀ ਵਰਦੀ
ਸੁਖਵਿੰਦਰ ਸਿੰਘ ਨੇ ਬੀਐੱਸਸੀ ਕਰਨ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਟੀਚਾ ਰੱਖਿਆ। ਸ਼ੁਰੂ ਵਿੱਚ ਉਹ ਸਿਰਫ਼ ਜਿਮ ਵਿੱਚ ਕਸਰਤ ਕਰਨ ਆਉਂਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਿਮ ਦੇ ਨਾਲ ਬਣੀ ਲਾਇਬ੍ਰੇਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਬਹੁਤ ਵਧੀਆ ਥਾਂ ਹੈ।
ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਭਰਾ ਗੁਰਲਾਲ ਸਿੰਘ ਵੀ ਨਾਲ ਆਉਣ ਲੱਗ ਪਏ। ਦੋਵੇਂ ਭਰਾ ਪਹਿਲਾਂ ਜਿਮ ਵਿੱਚ ਸਰੀਰਕ ਤਿਆਰੀ ਕਰਦੇ ਅਤੇ ਫਿਰ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਾਈ ਕਰਦੇ।
ਸੁਖਵਿੰਦਰ ਕਹਿੰਦੇ ਹਨ, "ਅਸੀਂ ਦੋਵੇਂ ਭਰਾ ਜਿਮ ਵਿੱਚ ਕਸਰਤ ਕਰਨ ਤੋਂ ਬਾਅਦ ਲਾਇਬ੍ਰੇਰੀ ਵਿੱਚ ਪੜ੍ਹਦੇ ਸੀ। ਇੱਥੋਂ ਹੀ ਅਸੀਂ ਆਪਣੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ।"
ਜਨਵਰੀ 2026 ਵਿੱਚ ਸੁਖਵਿੰਦਰ ਦੀ ਚੋਣ ਪੰਜਾਬ ਪੁਲਿਸ ਵਿੱਚ ਹੋਈ ਅਤੇ ਇਸ ਵੇਲੇ ਉਹ ਕਪੂਰਥਲਾ ਵਿੱਚ ਸਿਖਲਾਈ ਲੈ ਰਹੇ ਹਨ। ਉਨ੍ਹਾਂ ਦੇ ਭਰਾ ਗੁਰਲਾਲ ਸਿੰਘ ਭਾਰਤੀ ਫੌਜ ਵਿੱਚ ਭਰਤੀ ਹੋ ਚੁੱਕੇ ਹਨ। ਮਜ਼ਦੂਰ ਦੇ ਦੋਵੇਂ ਪੁੱਤਰਾਂ ਦੀ ਇਹ ਸਫਲਤਾ ਹੁਣ ਪਿੰਡ ਦੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣ ਗਈ ਹੈ।
ਇਨ੍ਹਾਂ ਨੌਜਵਾਨਾਂ ਦੀ ਸਫਲਤਾ ਦਾ ਅਸਰ ਹੁਣ ਪੂਰੇ ਪਿੰਡ ਵਿੱਚ ਨਜ਼ਰ ਆ ਰਿਹਾ ਹੈ। ਹਰ ਸ਼ਾਮ ਕਰੀਬ ਇੱਕ ਦਰਜਨ ਨੌਜਵਾਨ ਲਾਇਬ੍ਰੇਰੀ ਵਿੱਚ ਇਕੱਠੇ ਹੋ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਉਹ ਪੜ੍ਹਾਈ ਦੇ ਨਾਲ-ਨਾਲ ਆਪਣੇ ਤਜਰਬੇ, ਜਾਣਕਾਰੀ ਅਤੇ ਅਧਿਐਨ ਸਮੱਗਰੀ ਵੀ ਇੱਕ-ਦੂਜੇ ਨਾਲ ਸਾਂਝੀ ਕਰਦੇ ਹਨ।
ਦਿਲਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਅਗਨੀਵੀਰ ਭਰਤੀ ਦੀ ਤਿਆਰੀ ਕਰ ਰਹੇ ਹਨ। ਲਖਵੀਰ ਸਿੰਘ ਦਾ ਟੀਚਾ ਐੱਸਐੱਸਸੀ ਸੀਜੀਐੱਲ ਹੈ, ਮਨਜੀਤ ਸਿੰਘ ਬੈਂਕਿੰਗ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਜਦਕਿ ਸ਼ੰਮੀ ਸਿੰਘ ਪੀਐੱਸਐੱਸਬੀ ਅਤੇ ਅਧਿਆਪਕ ਭਰਤੀ ਪ੍ਰੀਖਿਆਵਾਂ ਲਈ ਮਿਹਨਤ ਕਰ ਰਹੇ ਹਨ।
ਪਿੰਡ ਦੇ ਨੌਜਵਾਨ ਵੀਰ ਦਵਿੰਦਰ ਸਿੰਘ ਕਹਿੰਦੇ ਹਨ ਕਿ ਸਫਲ ਨੌਜਵਾਨਾਂ ਨੂੰ ਦੇਖ ਕੇ ਹੋਰਨਾਂ ਦੀ ਸੋਚ ਵੀ ਬਦਲੀ ਹੈ। ਪਹਿਲਾਂ ਪੜ੍ਹਾਈ ਲਈ ਕੋਈ ਸਾਂਝੀ ਅਤੇ ਸ਼ਾਂਤ ਥਾਂ ਨਹੀਂ ਸੀ, ਪਰ ਹੁਣ ਹਰ ਰੋਜ਼ ਨੌਜਵਾਨ ਇੱਕ ਨਵੇਂ ਟੀਚੇ ਨਾਲ ਇੱਥੇ ਇਕੱਠੇ ਹੁੰਦੇ ਹਨ।
- Download Babushahi App
-
-