Flood ਪ੍ਰਭਾਵਿਤ ਇਲਾਕਿਆਂ ਤੋਂ 4 ਹਜਾਰ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ
ਫਾਜ਼ਿਲਕਾ 5 ਸਤੰਬਰ
ਫਾ਼ਜਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ ਵੱਖ ਟੀਮਾਂ ਨੇ 3953 ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 39 ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਇਹਨਾਂ ਪਿੰਡਾਂ ਦੀ 24,212 ਲੋਕਾਂ ਦੀ ਆਬਾਦੀ ਹੜਾਂ ਦੀ ਮਾਰ ਹੇਠ ਆਈ ਹੈ। ਉਨਾਂ ਨੇ ਦੱਸਿਆ ਕਿ ਹੁਣ ਤੱਕ 23 ਰਾਹਤ ਕੈਂਪ ਕਾਰਜਸ਼ੀਲ ਹਨ ਅਤੇ ਇਹਨਾਂ ਰਾਹਤ ਕੈਂਪਾਂ ਵਿੱਚ 2548 ਲੋਕ ਰਹਿ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਅਤੇ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ 8314 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਲੋਕਾਂ ਦੇ ਦੁਧਾਰੂ ਜਾਨਵਰਾਂ ਲਈ 4750 ਬੈਗ ਕੈਟਲ ਫੀਡ ਦੇ ਵੀ ਵੰਡੇ ਗਏ ਹਨ। ਉਨਾਂ ਨੇ ਕਿਹਾ ਕਿ ਐਨਡੀਆਰਐਫ ਦੀਆਂ ਚਾਰ ਟੀਮਾਂ, ਫੌਜ ਦੀਆਂ ਦੋ ਯੂਨਿਟ ਅਤੇ ਇੱਕ ਟੀਮ ਬੀਐਸਐਫ ਦੀ ਰਾਹਤ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀ ਹੈ। ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਲਗਾਤਾਰ ਕਾਰਜਸ਼ੀਲ ਹੈ। ਉਨਾਂ ਨੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਲੋਕ ਰਾਹਤ ਕੈਂਪਾਂ ਵਿੱਚ ਬੇਝਿਜਕ ਆ ਸਕਦੇ ਹਨ, ਉੱਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਬੁਨਿਆਦੀ ਜਰੂਰਤ ਮੁਹਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਸੂਚਨਾ ਜਾਂ ਜਾਣਕਾਰੀ ਲਈ ਜ਼ਿਲ੍ਹਾ ਪੱਧਰੀ ਹੜ ਕੰਟਰੋਲ ਰੂਮ ਦੇ ਫੋਨ ਨੰਬਰ 01638-262 153 ਤੇ ਸੰਪਰਕ ਕੀਤਾ ਜਾ ਸਕਦਾ ਹੈ।