Crime Special - ਬਠਿੰਡਾ ਪੁਲਿਸ ਨੇ ਦਬੋਚੀ ਮੈਨੇਜਰ ਸਣੇ ਤਿੱਕੜੀ ਜੀਹਨੇ ਬੈਂਕ ਚੋਂ ਉਧਾਲੀ ਸੀ ਪਰਾਈ ਲੱਛਮੀ
ਅਸ਼ੋਕ ਵਰਮਾ
ਬਠਿੰਡਾ, 9 ਜੂਨ 2026 : ਬਠਿੰਡਾ ਦੀ ਮਾਲ ਰੋਡ ’ਤੇ ਸਥਿਤ ਜੰਮੂ ਕਸ਼ਮੀਰ ਬੈਂਕ ਦੀ ਬਰਾਂਚ ’ਚ ਗਾਹਕਾਂ ਦੇ ਫਰਜ਼ੀ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਲੱਖਾਂ ਰੁਪਏ ਦਾ ਕਰਜਾ ਲੈਣ ਦੇ ਮਾਮਲੇ ’ਚ ਪੁਲਿਸ ਨੇ ਸਾਬਕਾ ਬੈਂਕ ਮੈਨੇਜਰ ਸਮੇਤ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਇਨ੍ਹਾਂ ਦਾ ਢੰਗ ਐਨਾ ਸ਼ਾਤਰਾਨਾ ਸੀ ਜਿਸ ਪਤਾ ਲੱਗਣ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਹਨ। ਥਾਣਾ ਕੋਤਵਾਲੀ ਪੁਲਿਸ ਨੇ ਸਾਬਕਾ ਬੈਂਕ ਮੈਨੇਜਰ ਯਸ਼ਪਾਲ ਥਾਪਾ, ਸਹਾਇਕ ਬੈਂਕ ਮੈਨੇਜਰ ਜਤਿੰਦਰ ਕੁਮਾਰ ਅਤੇ ਕਲਰਕ ਵਿਸ਼ਨੂੰ ਸਿੰਘ ਨੂੰ ਮੁਹਾਲੀ ਤੋਂ ਕਾਬੂ ਕੀਤਾ ਸੀ। ਇਸ ਮਾਮਲੇ ’ਚ ਏਜੰਟ ਜਤਿੰਦਰ ਕੁਮਾਰ ਛਾਬੜਾ ਵਾਸੀ ਮਲੋਟ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਯਤਨ ਕਰ ਰਹੀ ਹੈ। ਯਸ਼ਪਾਲ ਥਾਪਾ , ਜਤਿੰਦਰ ਕੁਮਾਰ ਅਤੇ ਵਿਸ਼ਨੂੰ ਸਿੰਘ ਦਾ ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਨੇ ਮੁਲਜਮ ਜੇਲ੍ਹ ਭੇਜ ਦਿੱਤੇ ਹਨ।
ਪੁਲਿਸ ਨੇ ਦੱਸਿਆ ਕਿ ਇੰਨ੍ਹਾਂ ਬੈਂਕ ਅਧਿਕਾਰੀਆਂ ’ਤੇ ਗਾਹਕਾਂ ਵੱਲੋਂ ਲਏ ਕਰਜੇ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਅਤੇ ਨਿੱਜੀ ਜਾਣਕਾਰੀ ਦੀ ਵਰਤੋਂ ਰਾਹੀਂ ਜਾਲੀ ਦਸਤਖਤ ਕਰਕੇ ਕਰਜਾ ਮਨਜੂਰ ਕਰਵਾਉਣ ਦੇ ਦੋਸ਼ ਹਨ। ਦਰਅਸਲ ਥਾਣਾ ਕੋਤਵਾਲੀ ’ਚ 15 ਅਪ੍ਰੈਲ ਨੂੰ ਸ਼ਾਮ ਲਾਲ ਵਾਸੀ ਮਹਿਣਾ ਚੌਂਕ ਦੇ ਬਿਆਨਾਂ ’ਤੇ ਪਹਿਲਾਂ ਮੈਨੇਜਰ ਰਹੇ ਯਸ਼ਪਾਲ ਥਾਪਾ ਅਤੇ ਵਿਸ਼ਨੂੰ ਸਿੰਘ ਸਮੇਤ ਹੋਰਨਾਂ ਖਿਲਾਫ 5 ਲੱਖ ਦੀ ਠੱਗੀ ਸਬੰਧੀ ਮੁਕੱਦਮਾ ਦਰਜ ਕੀਤਾ ਸੀ। ਦੋਸ਼ ਲੱਗੇ ਸਨ ਕਿ ਦੋਵਾਂ ਮੁਲਜਮਾਂ ਨੇ ਸ਼ਾਮ ਲਾਲ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ 5 ਲੱਖ ਰੁਪਏ ਦੀ ਸੀਸੀ ਲਿਮਟ ਮਨਜੂਰ ਕਰ ਲਈ। ਇਸ ਚੋਂ ਸ਼ਾਮ ਲਾਲ ਨੂੰ 50 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਖੁਦ ਹੜੱਪ ਲਏ। ਅਜਿਹਾ ਹੀ ਹਾਜੀ ਰਤਨ ਵਾਸੀ ਸਰਦੂਲ ਸਿੰਘ ਨਾਲ ਹੋਇਆ ਜਿੰਨ੍ਹਾਂ ਨੇ 15 ਲੱਖ ਦਾ ਕਰਜਾ ਲਿਆ ਸੀ ਪਰ ਉਨ੍ਹਾਂ ਦੇ ਦਸਤਾਵੇਜਾਂ ’ਤੇ ਏਨੇ ਹੀ ਕਰਜੇ ਦੀ ਹੋਰ ਪ੍ਰਵਾਨਗੀ ਲੈ ਲਈ।
ਜਾਣਕਾਰੀ ਮੁਤਾਬਕ ਸਰਦੂਲ ਸਿੰਘ ਨੇ 2021 ’ਚ ਆਪਣੇ ਲੜਕੇ ਸਿਮਰਜੀਤ ਸਿੰਘ ਦੇ ਨਾਂ ’ਤੇ 15 ਲੱਖ ਰੁਪਏ ਦਾ ਕਰਜਾ ਲੈਣ ਲਈ ਆਪਣੇ ਮਕਾਨ ਦੀ ਰਜਿਸਟਰੀ, ਆਮਦਨ ਕਰ ਰਿਟਰਨ, ਵੈਲੂਏਸ਼ਨ ਰਿਪੋਰਟ, ਵਕੀਲ ਦੀ ਕਾਨੂੰਨੀ ਸਲਾਹ ਰਿਪੋਰਟ ਅਤੇ ਅਧਾਰ ਕਾਰਡ ਆਦਿ ਦਸਤਾਵੇਜ ਜਮ੍ਹਾ ਕਰਵਾਏ ਸਨ। ਅਧਿਕਾਰੀਆਂ ਨੇ ਫਾਈਲ ਤਿਆਰ ਕੀਤੀ ਅਤੇ ਪ੍ਰੀਵਾਰ ਦੇ ਦਸਤਖਤ ਕਰਵਾਉਣ ਮਗਰੋਂ ਉਨ੍ਹਾਂ ਨੂੰ 15 ਲੱਖ ਕਰਜਾ ਜਾਰੀ ਕਰ ਦਿੱਤਾ ਗਿਆ। ਉਹ ਇਸ ਕਰਜੇ ਦੀਆਂ ਉਹ ਬਿਨਾਂ ਨਾਗਾ ਕਿਸ਼ਤਾਂ ਭਰਦੇ ਰਹੇ ਸਨ। ਇਸ ਦੌਰਾਨ ਤੱਤਕਾਲੀ ਬੈਂਕ ਮੈਨੇਜਰ ਯਸ਼ਪਾਲ ਥਾਪਾ , ਸਹਾਇਕ ਮੈਨੇਜਰ ਜਤਿੰਦਰ ਕੁਮਾਰ , ਕਲਰਕ ਵਿਸ਼ਨੂੰ ਸਿੰਘ ਅਤੇ ਏਜੰਟ ਜਤਿੰਦਰ ਕੁਮਾਰ ਛਾਬੜਾ ਨੇ ਆਪਸ ’ਚ ਮਿਲਕੇ ਇੰਨ੍ਹਾਂ ਦਸਤਾਵੇਜਾਂ ਦੀ ਵਰਤੋਂ ਕਰਕੇ ਇੱਕ ਹੋਰ ਕਰਜਾ ਖਾਤਾ ਤਿਆਰ ਕਰ ਲਿਆ। ਫਿਰ 15 ਲੱਖ ਦਾ ਕਰਜਾ ਮਨਜੂਰ ਕਰਵਾਕੇ ਸਾਰੇ ਪੈਸੇ ਉਸ ਨਵੇਂ ਖਾਤੇ ’ਚ ਪਾ ਦਿੱਤੇ ਅਤੇ ਮੁਲਜਮ ਇਸ ਦੀਆਂ ਕਿਸ਼ਤਾਂ ਵੀ ਭਰਦੇ ਰਹੇ ਸਨ।
ਨੋਟਿਸ ਨੇ ਪਰਦਾ ਚੁੱਕਿਆ
ਇਸ ਦੌਰਾਨ ਜਦੋਂ ਬੈਂਕ ਦਾ ਰਿਕਵਰੀ ਅਤੇ ਕੁਰਕੀ ਨੋਟਿਸ ਮਿਲਿਆ ਤਾਂ ਸਰਦੂਲ ਸਿੰਘ ਨੂੰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿਉਂਕਿ ਉਸ ਨੇ ਕਰਜਾ ਲਿਆ ਹੀ ਨਹੀਂ ਸੀ। ਸਰਦੂਲ ਸਿੰਘ ਨੇ ਪੁਲਿਸ ਨੂੰ ਇਸ ਧੋਖਾਧੜੀ ਸਬੰਧੀ ਸ਼ਕਾਇਤ ਦਿੱਤੀ ਸੀ। ਥਾਣੇ ’ਚ ਇੰਨ੍ਹਾਂ ਚਾਰਾਂ ਮੁਲਜਮਾਂ ਨੇ ਲਿਖਤੀ ਸਮਝੌਤਾ ਕਰ ਲਿਆ ਕਿ ਉਹ 15 ਜਨਵਰੀ 2026 ਤੱਕ 15 ਲੱਖ ਜਮ੍ਹਾਂ ਕਰਕੇ ਖਾਤਾ ਬੰਦ ਕਰ ਦੇਣਗੇ। ਤੈਅ ਵਕਤ ’ਚ ਮੁਲਜਮਾਂ ਨੇ ਪੈਸਾ ਨਹੀਂ ਭਰਿਆ ਅਤੇ ਮਗਰੋਂ ਤਾਂ ਮੁੱਕਰ ਹੀ ਗਏ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਕੇਸ ਦਰਜ ਕੀਤਾ ਸੀ।
ਠੱਗੀ ਲੁਕੋਣ ਲਈ ਦੂਸਰੀ ਠੱਗੀ
ਮੁਲਜਮਾਂ ਨੇ ਵਿਵੇਕ ਕੌਸ਼ਲ ਅਤੇ ਸਵਿਤਰੀ ਦੇਵੀ ਨਾਂ ਦੇ ਖਾਤਾਧਾਰਕਾਂ ਦੇ ਦਸਤਾਵੇਜ਼ਾਂ ’ਤੇ 45 ਲੱਖ ਦਾ ਕਰਜਾ ਲਿਆ ਸੀ। ਜਦੋਂ ਪੀੜਤਾਂ ਨੂੰ ਪਤਾ ਲੱਗਿਆ ਤਾਂ ਮੁਲਜਮਾਂ ਨੇ ਪੈਸੇ ਵਾਪਿਸ ਕਰਨ ਸਬੰਧੀ ਸਮਝੌਤਾ ਕਰ ਲਿਆ। ਇਸ 45 ਲੱਖ ਦੀ ਭਰਪਾਈ ਕਰਨ ਲਈ ਮੁਲਜਮਾਂ ਨੇ ਸਰਦੂਲ ਸਿੰਘ ਦੇ ਕਾਗਜ਼ਾਂ ਰਾਹੀਂ 15 ਲੱਖ ਦਾ ਨਵਾਂ ਕਰਜਾ ਚੁੱਕ ਲਿਆ।
ਫਰਜੀ ਕਰਜੇ ਨਾਲ ਤਰੱਕੀਆਂ
ਮਾਮਲੇ ਦੀ ਜਾਂਚ ਦੌਰਾਨ ਇਹ ਵੀ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਮੁਲਜਮ ਵਿਸ਼ਨੂੰ ਸਿੰਘ ਪਹਿਲਾਂ ਚਪੜਾਸੀ ਸੀ ਪਰ ਫਰਜੀ ਕਰਜਿਆਂ ’ਚ ਉਸ ਦੀ ਪੂਰੀ ਪੂਰੀ ਭੂਮਿਕਾ ਸੀ। ਅਧਿਕਾਰੀਆਂ ਨੇ ਉਸ ਨੂੰ ਇਨਾਮ ਵੀ ਦਿੱਤਾ ਅਤੇ ਤਰੱਕੀ ਦੇਕੇ ਕਲਰਕ ਵੀ ਬਣਾਇਆ Ç। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਵਿਸ਼ਨੂੰ ਸਿੰਘ ਨੂੰ ਤਰੱਕੀ ਕਿੰਨ੍ਹਾਂ ਨਿਯਮਾਂ ਦੇ ਅਧਾਰ ’ਤੇ ਦਿੱਤੀ ਗਈ ਹੈ।
ਕਈ ਮਾਮਲੇ ਸਾਹਮਣੇ ਆਏ
ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਈ ਖਾਤਾਧਾਰਕਾਂ ਦੇ ਖਾਤਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਹੁਣ ਤੱਕ ਦੀ ਤਫਤੀਸ਼ ਦੌਰਾਨ ਵਿਵੇਕ ਕੌਸ਼ਲ, ਸਵਿਤਰੀ ਦੇਵੀ, ਸ਼ਿਵ ਕੁਮਾਰ ਅਤੇ ਆਸ਼ਾ ਰਾਣੀ ਦਾ ਨਾਮ ਵੀ ਸਾਹਮਣੇ ਆ ਚੁੱਕਿਆ ਹੈ। ਪੁਲਿਸ ਇਹ ਪਤਾ ਲਾ ਰਹੀ ਹੈ ਕਿ ਇਹ ਘੁਟਾਲਾ ਕਦੋਂ ਤੋਂ ਚੱਲ ਰਿਹਾ ਸੀ , ਕਿੰਨੇ ਖਾਤਾਧਾਰਕਾਂ ਦੇ ਦਸਤਾਵੇਜਾਂ ਦੀ ਵਰਤੋਂ ਹੋਈ ਅਤੇ ਇਸ ’ਚ ਕੌਣ ਕੌਣ ਸ਼ਾਮਲ ਸਨ?
ਅਹਿਮ ਖੁਲਾਸਿਆਂ ਦੀ ਸੰਭਾਵਨਾ
ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਬੈਂਕ ਘੁਟਾਲੇ ’ਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
- Download Babushahi App
-
-