Crime Special: ਸੱਤ ਪੱਤਣਾਂ ਦੇ ਤਾਰੂ ਠੱਗਾਂ ਵੱਲੋਂ ਵਕੀਲ ਸਣੇ ਅੱਧੀ ਦਰਜਨ ਲੋਕਾਂ ਨਾਲ ਕਰੋੜ ਦੀ ਠੱਗੀ
ਅਸ਼ੋਕ ਵਰਮਾ
ਬਠਿੰਡਾ , 12 ਅਗਸਤ 2026 : ਵੱਧ ਮੁਨਾਫੇ ਦਾ ਲਾਲਚ ਦੇ ਕੇ ਅੱਧੀ ਦਰਜਨ ਲੋਕਾਂ ਨਾਲ ਤਕਰੀਬਨ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦਾ ਸਭ ਤੋਂ ਅਹਿਮ ਅਤੇ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਠੱਗੇ ਗਏ ਵਿਅਕਤੀਆਂ ’ਚ ਇੱਕ ਵਕੀਲ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਸਮਾਜ ’ਚ ਅਕਸਰ ਸੱਤ ਪੱਤਣਾ ਦੇ ਤਾਰੂ ਮੰਨਿਆ ਜਾਂਦਾ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਇਹ ਕਾਰਵਾਈ ਲੰਮੀ ਜਾਂਚ ਅਤੇ ਤੱਥਾਂ ਦੀ ਡੂੰਘਾਈ ਨਾਲ ਪੁਣਛਾਣ ਕਰਨ ਤੋਂ ਬਾਅਦ ਪੜਤਾਲੀਆ ਰਿਪੋਰਟ ਦੇ ਅਧਾਰ ’ਤੇ ਕੀਤੀ ਹੈ । ਇਸ ਮਾਮਲੇ ’ਚ ਐਡਵੋਕੇਟ ਕੰਵਲਦੀਪ ਸਿੰਘ , ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਫੌਜਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਅਨ ਮਾਡਲ ਟਾਊਨ ਬਠਿੰਡਾ ਅਤੇ ਸੰਦੀਪ ਸਿੰਘ ਪੁੱਤਰ ਬਿਮਲਜੀਤ ਸਿੰਘ ਵਾਸੀ ਤਲਵੰਡੀ ਸਾਬੋ ਸ਼ਕਾਇਤਕਰਤਾ ਹਨ।
ਮੁਲਜਮਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬਹਿਣੀਵਾਲ ਜਿਲ੍ਹਾ ਮਾਨਸਾ , ਚਤਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਟਵਾਰ ਕਲੋਨੀ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਾਮਦੇਵ ਰੋਡ ਬਠਿੰਡਾ ਅਤੇ ਸੁਮਿਤ ਮੁੰਜਾਲ ਵਾਸੀ ਵਿਰਾਟ ਗਰੀਨ ਕਲੋਨੀ ਵਜੋਂ ਹੋਈ ਹੈ ਜਿੰਨ੍ਹਾਂ ਖਿਲਾਫ ਧਾਰਾ 420 ਅਤੇ 120 ਬੀ ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮਾਂ ਵੱਲੋਂ ਆਪਣੇ ਆਪ ਨੂੰ ਆਈ ਐਕਸ ਗਲੋਬਲ ਨਾਮੀ ਕੰਪਨੀ ਦੇ ਉੱਤਰੀ ਭਾਰਤ ਨਾਲ ਸਬੰਧਤ ਇਨਫਲੂਐਂਸਰ ਦੱਸਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਇਆ ਜਾਂਦਾ ਸੀ। ਸੂਤਰਾਂ ਦੇ ਦੱਸਣ ਮੁਤਾਬਕ ਵੱਡੀ ਗੱਲ ਇਹ ਵੀ ਹੈ ਕਿ ਜਿਸ ਕੰਪਨੀ ਦਾ ਨਾਮ ਇਹ ਲੋਕ ਵਰਤਕੇ ਇਹ ਲੋਕ ਪੈਸਾ ਲਆਉਂਦੇ ਸਨ ਉਸ ਦੇ ਡਾਇਰੈਕਟਰਾਂ ਖਿਲਾਫ ਈਡੀ ਪਹਿਲਾਂ ਹੀ ਮੁਕੱਦਮਾ ਦਰਜ ਕਰ ਚੁੱਕੀ ਹੈ। ਮੁਦਈਆਂ ਮੁਤਾਬਕ ਮੁਲਜਮ ਪੈਸੇ ਲਾਉਣ ਮੌਕੇ ਭਰੋਸਾ ਦਿੰਦੇ ਸਨ ਕਿ ਕੰਪਨੀ ਇੱਕ ਖਾਤਾ ਨੰਬਰ ਦੇਵੇਗੀ
ਉਨ੍ਹਾਂ ਦੱਸਿਆ ਕਿ ਇਸ ਖਾਤੇ ਨੂੰ ਤੁਸੀ ਖੁਦ ਚਲਾ ਸਕੋਗੇ ਪਰ ਜਦੋਂ ਪੈਸੇ ਜਮ੍ਹਾ ਕਰਵਾ ਦਿੱਤੇ ਜਾਂਦੇ ਸਨ ਤਾਂ ਕੰਪਨੀ ਵੱਲੋਂ ਦਿੱਤੇ ਗਏ ਖਾਤੇ ਨੂੰ ਚਲਾਇਆ ਜਾਂਦਾ ਤਾਂ ਉਹ ਚੱਲਦਾ ਨਹੀਂ ਸੀ। ਪੁਲਿਸ ਤਫਤੀਸ਼ ਅਨੁਸਾਰ ਮੁਲਜਮ ਸ਼ਕਾਇਤਕਰਤਾ ਵਕੀਲ ਕੰਵਲਦੀਪ ਸਿੰਘ ਤੋਂ 2 ਲੱਖ ਰੁਪਏ , ਸੁਖਦੀਪ ਸਿੰਘ ਕੋਲੋ ਸਾਢੇ 4 ਲੱਖ ਰੁਪਏ , ਫੌਜਾ ਸਿੰਘ ਕੋਲੋਂ 15 ਲੱਖ 88 ਹਜ਼ਾਰ , ਫੌਜਾ ਸਿੰਘ ਦੇ ਭਰਾ ਗੁਲਾਬ ਸਿੰਘ ਤੋਂ 8 ਲੱਖ 68 ਹਜ਼ਾਰ , ਸੰਦੀਪ ਸਿੰਘ ਤੋਂ 54 ਲੱਖ 77 ਹਜ਼ਾਰ ਰੁਪਏ ਅਤੇ ਸੰਦੀਪ ਸਿੰਘ ਦੇ ਚਾਚਾ ਕੋਲੋਂ 10 ਲੱਖ ਰੁਪਏ ਇਸ ਕੰਪਨੀ ਦੇ ਅਕਾਊਂਟ ’ਚ ਟਰਾਂਸਫਰ ਕਰਵਾਏ ਗਏ ਸਨ। ਪੁਲਿਸ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਦੇ ਪ੍ਰਚਾਰ ਪਸਾਰ ਲਈ ਵਟਸਐਪ ’ਤੇ ਦੋ ਗਰੁੱਪ ਬਣਾਏ ਗਏ ਸਨ ਜਿੰਨ੍ਹਾਂ ਦੇ ਜਿਆਦਾਤਰ ਐਡਮਿਨ ਥਾਣਾ ਤਲਵੰਡੀ ਸਾਬੋ ’ਚ ਦਰਜ ਮੁਕੱਦਮੇ ਵਿੱਚ ਨਾਮਜਦ ਵਿਅਕਤੀ ਹੀ ਸਨ।
ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਕਿਸੇ ਤਣ ਪੱਤਣ ਲਾਉਣ ਲਈ ਕਈ ਵਾਰ ਤਫਤੀਸ਼ ਹੋਈ ਸੀ। ਸਭ ਤੋਂ ਪਹਿਲਾਂ ਡੀਐਸਪੀ ਦੀ ਅਗਵਾਈ ਹੇਠ ਤਲਵੰਡੀ ਸਾਬੋ ਪੁਲਿਸ ਨੇ ਜਾਂਚ ਕਰਕੇ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਮੁਲਜਮਾਂ ਦੀ ਦਰਖਾਸਤ ’ਤੇ ਜਾਂਚ ਦਾ ਜਿੰਮਾਂ ਐਸਪੀ ( ਪੀਬੀਆਈ) ਨੂੰ ਸੌਂਪਿਆ ਗਿਆ ਜਿੱਥੇ ਜਾਂਚ ਅਧਿਕਾਰੀ ਨੇ ਮੁਲਜਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਮੁਦਈਆਂ ਵੱਲੋਂ ਪਹੁੰਚ ਕਰਨ ’ਤੇ ਜਿਲ੍ਹਾ ਪੁਲਿਸ ਨੇ ਐਸਪੀ ( ਇਨਵੈਸਟੀਗੇਸ਼ਨ ) ਦੀ ਅਗਵਾਈ ਹੇਠ ਐਸ ਆਈ ਟੀ ਬਣਾਈ ਸੀ ਜਿਸ ਵਿੱਚ ਡੀਐਸਪੀ ਹੈਡਕੁਆਟਰ ਅਤੇ ਮੁੱਖ ਥਾਣਾ ਅਫਸਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ਾਮਲ ਕੀਤੇ ਗਏ ਸਨ। ਐਸਆਈਟੀ ਨੇ ਜਾਂਚ ਤੋਂ ਬਾਅਦ ਪੁਲਿਸ ਕੇਸ ਦਰਜ ਕਰਨ ਦੀ ਸਿਫਾਰਸ਼ ਕਰਦਿਆਂ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਸੀ ਜਿਸ ਕਰਕੇ ਹੁਣ 11 ਅਗਸਤ ਨੂੰ ਮੁਲਜਮਾਂ ਖਿਲਾਫ ਐਫਆਈਆਰ ਨੰਬਰ 202 ਦਰਜ ਕਰਕੇ ਜਾਂਚ ਸਬ ਇੰਸਪੈਕਟਰ ਰਮਨਦੀਪ ਕੌਰ ਨੂੰ ਸੌਂਪੀ ਗਈ ਹੈ।
ਸਰਕਾਰਾਂ ਦੇ ਵਤੀਰੇ ਦਾ ਨਤੀਜਾ
ਇਨਸਾਫ ਦੀ ਲਹਿਰ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਵਕਤ ਰਹਿੰਦੇ ਠੱਗ ਲੁਟੇਰੀਆਂ ਕੰਪਨੀਆਂ ਨੂੰ ਨੱਥ ਪਾਈ ਹੁੰਦੀ ਤਾਂ ਨਾਂ ਕੇਵਲ ਆਮ ਲੋਕਾਂ ਦੀ ਲੁੱਟ ਹੁੰਦੀ ਬਲਕਿ ਹੁਣ ਵੱਜਦੀਆਂ ਸਾਈਬਰ ਠੱਗੀਆਂ ਤੋਂ ਬਚਾਅ ਰਹਿਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਅਵੇਸਲੇਪਣ ਅਤੇ ਪੰਜਾਬ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾਂ ਕਰਨ ਕਰਕੇ ਇਹ ਸੇਕ ਹੁਣ ਵਕੀਲਾਂ ਵਰਗੀ ਸੂਝਵਾਨ ਜਮਾਤ ਨੂੰ ਲੱਗਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜੇ ਫਰਾਡੀ ਅਜਿਹੇ ਪ੍ਰਭਾਵਸ਼ਾਲੀ ਲੋਕਾਂ ਨਾਲ ਠੱਗੀਆਂ ਮਾਰ ਸਕਦੇ ਹਨ ਤਾਂ ਆਮ ਲੋਕਾਂ ਨਾਲ ਕੀ ਕੀਤਾ ਜਾ ਸਕਦਾ ਹੈ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ।
ਓਹ ਅਸੀਂ ਦੇਖਣਾ : ਜਾਂਚ ਅਧਿਕਾਰੀ
ਮਾਮਲੇ ਸਬੰਧੀ ਹੋਰ ਪੁਖਤ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਰਮਨਦੀਪ ਕੌਰ ਦਾ ਕਹਿਣਾ ਸੀ ਕਿ ਫਿਲਹਾਲ ਇਸ ਮਾਮਲੇ ’ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਜਦੋਂ ਉਨ੍ਹਾਂ ਨੂੰ ਅਗਲੀ ਕਾਰਵਾਈ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਸੀਂ ਦੇਖਣਾ ਹੈ।
- Download Babushahi App
-
-