ਸਿਵਲ ਸਰਜਨ ਬਠਿੰਡਾ ਵੱਲੋਂ ਅੰਤਰ ਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਸਬੰਧ ਵਿੱਚ ਜਾਣਕਾਰੀ
ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2026 : ਸਿਵਲ ਸਰਜਨ ਡਾ ਤਪਿੰਦਪਜੋਤ ਨੇ ਅੰਤਰਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਿਨ ਹਰੇਕ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਮੌਤ ਦਾ ਵੱਡਾ ਕਾਰਣ ਕੈਂਸਰ ਹੈ। ਇਸ ਦਿਨ ਦਾ ਮਕਸਦ ਬਚਪਨ ਦੇ ਕੈਂਸਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ, ਕੈਂਸਰ ਨਾਲ ਪੀੜਤ ਬੱਚਿਆਂ ਅਤੇ ਕਿਸ਼ੋਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਰਥਨ ਪ੍ਰਗਟ ਕਰਨਾ ਅਤੇ ਵਧੀਆ ਸੰਭਵ ਇਲਾਜ, ਦੇਖਭਾਲ ਅਤੇ ਸਹਾਇਤਾ ਕਰਨਾ ਹੈ । ਉਹਨਾਂ ਦੱਸਿਆ ਕਿ ਹਰ ਸਾਲ 20 ਸਾਲ ਤੋਂ ਘੱਟ ਉਮਰ ਦੇ 4 ਲੱਖ ਤੋਂ ਵੱਧ ਬੱਚਿਆਂ ਵਿੱਚ ਕੈਂਸਰ ਪਾਇਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦਾ ਟੀਚਾ 2030 ਤੱਕ ਬਚਪਨ ਵਿੱਚ ਹੋਣ ਵਾਲੇ ਕੈਂਸਰ ਦੇ 60 ਪ੍ਰਤੀਸ਼ਤ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਚਪਨ ਦੇ ਕੈਂਸਰ ਸਬੰਧੀ ਮਰੀਜਾਂ ਨੂੰ ਦਿਲਾਸਾ ਦੇ ਰਹੇ ਹਨ, ਇਲਾਜ ਅਤੇ ਦੇਖਭਾਲ ਲਈ ਪ੍ਰੇਰਿਤ ਕਰ ਰਹੇ ਹਨ । ਉਹਨਾਂ ਕਿਹਾ ਕਿ ਅਸੀਂ ਉਹਨਾਂ ਬੱਚਿਆਂ ਦਾ ਸਤਿਕਾਰ ਕਰਦੇ ਹਾਂ ਜ਼ੋ ਦਰਦ ਸਹਿ ਰਹੇ ਹਨ ਅਤੇ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ । ਉਹਨਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੱ ਲੰਬੇ ਸਮੇਂ ਤੋਂ ਬੁਖਾਰ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ, ਭਾਰ ਘੱਟਣਾ, ਜ਼ੋੜਾਂ ਵਿੱਚ ਦਰਦ , ਚਮੜੀ ਤੇ ਲਾਲ ਨਾਭੀ ਰੰਗ ਦੇ ਧੱਬੇ, ਅੱਖ ਦੇ ਕੇਂਦਰ ਚ ਚਿੱਟੇ ਰੰਗ ਦੀ ਬਿੰਦੀ, ਸਵੇਰੇ ਉੱਠਣ ਵੇਲੇ ਉਲਟੀ, ਮਾਮੂਲੀ ਸੱਟ ਨਾਲ ਹੱਡੀ ਟੁੱਟਣਾ, ਨਿਰੰਤਰ ਸਿਰਦਰਦ ਆਦਿ ਨਜ਼ਰ ਆਉਣ ਤਾ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਜੰਕ ਫੂਡ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਕਸਰਤ ਦੀ ਆਦਤ ਪਾਓ, ਮੋਟਾਪੇ ਤੋਂ ਬਚੋ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ।