Breaking : ਸਵਾਰੀਆਂ ਨਾਲ ਭਰੀ ਬੱਸ ਨਦੀ ਵਿੱਚ ਡਿੱਗੀ, ਕਈ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ
ਢਾਕਾ/ਰਾਜਬਾੜੀ, 26 ਮਾਰਚ 2026 : ਗੁਆਂਢੀ ਦੇਸ਼ ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਵਿੱਚ ਬੁੱਧਵਾਰ ਸ਼ਾਮ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਖਚਾਖਚ ਭਰੀ ਇੱਕ ਬੱਸ ਅਚਾਨਕ ਬੇਕਾਬੂ ਹੋ ਕੇ ਪਦਮਾ ਨਦੀ ਵਿੱਚ ਜਾ ਡਿੱਗੀ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ ਨੂੰ ਉਸ ਵੇਲੇ ਵਾਪਰਿਆ ਜਦੋਂ ਬੱਸ ਫੇਰੀ (ਕਿਸ਼ਤੀ) ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਇੱਕ ਛੋਟੇ ਫਾਈਰ ਨੇ ਪੰਟੂਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫਿਸਲ ਕੇ ਲਗਭਗ 30 ਫੁੱਟ ਡੂੰਘੇ ਪਾਣੀ ਵਿੱਚ ਸਮਾ ਗਈ। ਹਾਦਸੇ ਦੇ ਵਕਤ ਬੱਸ ਵਿੱਚ 40 ਤੋਂ 50 ਯਾਤਰੀ ਸਵਾਰ ਦੱਸੇ ਜਾ ਰਹੇ ਹਨ ਅਤੇ ਘਟਨਾ ਤੋਂ ਬਾਅਦ ਇਲਾਕੇ ਵਿੱਚ ਚੀਕ-ਪੁਕਾਰ ਮਚ ਗਈ।
ਹਾਦਸੇ ਤੋਂ ਫੌਰਨ ਬਾਅਦ ਕੁਝ ਯਾਤਰੀ ਤਾਂ ਤੈਰ ਕੇ ਬਾਹਰ ਨਿਕਲਣ ਵਿੱਚ ਸਫਲ ਹੋ ਗਏ ਅਤੇ ਕੁਝ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ, ਪਰ ਅਜੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਬੱਸ ਦੇ ਅੰਦਰ ਫਸੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਗੋਤਾਖੋਰਾਂ ਦੀਆਂ ਟੀਮਾਂ ਲਗਾਤਾਰ ਪਾਣੀ ਵਿੱਚ ਬੱਸ ਦੀ ਲੋਕੇਸ਼ਨ ਟ੍ਰੇਸ ਕਰਨ ਅਤੇ ਲਾਪਤਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਾਣੀ ਡੂੰਘਾ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਸਰਵਿਸ, ਸਿਵਿਲ ਡਿਫੈਂਸ ਅਤੇ ਰਿਵਰ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਕਾਰਜਾਂ ਲਈ ਢਾਕਾ ਤੋਂ ਵੀ ਵਿਸ਼ੇਸ਼ ਬਚਾਅ ਦਲ ਬੁਲਾਏ ਗਏ ਹਨ। ਹਾਲਾਂਕਿ ਅਜੇ ਤੱਕ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਹੈ, ਪਰ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਤਰਜੀਹ ਬੱਸ ਨੂੰ ਪਾਣੀ ਵਿੱਚੋਂ ਬਾਹਰ ਕੱਢਣਾ ਅਤੇ ਲਾਪਤਾ ਯਾਤਰੀਆਂ ਨੂੰ ਜਲਦ ਤੋਂ ਜਲਦ ਲੱਭਣਾ ਹੈ।
Click to Follow Babushahi Facebook page →