Babushahi Special : ਪੈਰ ਧੋਣ ਦੇ ਚੱਕਰ ’ਚ ਨਾਲੇ ਰੰਨ ਗਈ ਨਾਲੇ ਕੰਨ ਪਾਟੇ ਦੱਸ ਰਾਂਝਿਆ ਇਸ਼ਕ ਚੋਂ ਕੀ ਖੱਟਿਆ ਥੀ
ਅਸ਼ੋਕ ਵਰਮਾ
ਬਠਿੰਡਾ, 8 ਦਸੰਬਰ 2025: ਬਠਿੰਡਾ ਦੇ ਲਾਈਨੋਪਾਰ ਇਲਾਕੇ ’ਚ ਇੱਕ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਪ੍ਰੀਵਾਰਕ ਰਿਵਾਇਤ ਅਨੁਸਾਰ ਲਾੜੇ ਦੇ ਪੈਰ ਧੋਣ ਲਈ ਲਾਹੀ ਜੁਰਾਬ ਨੇ ਲੜਕਾ ਪ੍ਰੀਵਾਰ ਨੂੰ ਅਜਿਹਾ ਕੀੜਿਆਂ ਦੇ ਜੰਡ ਹੇਠ ਬਿਠਾਇਆ ਕਿ ਬਰਾਤ ਬੇਰੰਗ ਲਿਜਾਣੀ ਪਈ ਅਤੇ ਕੁੜੀ ਵਾਲਿਆਂ ਨੂੰ ਖਰਚਾ ਦੇਣਾ ਪਿਆ ਉਹ ਵੱਖਰਾ ਹੈ। ਇਹੋ ਹੀ ਨਹੀਂ ਖਾਲੀ ਹੱਥ ਮੁੜਨ ਕਾਰਨ ਹੋਈ ਬਦਨਾਮੀ ਨੇ ਜੋ ਚੱਪਣੀ ’ਚ ਨੱਕ ਡੋਬਕੇ ਮਰਨ ਵਰਗੇ ਕੀਤਾ ਉਸ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਦਰਅਸਲ ਸ਼ੁੱਕਰਵਾਰ ਨੂੰ ਲਾਈਨੋਪਾਰ ਮੈਰਿਜ ਪੈਲਿਸ ’ਚ ਵਿਆਹ ਸਬੰਧੀ ਸਮਾਗਮ ਚੱਲ ਰਿਹਾ ਸੀ ਜਿੱਥੇ ਪੂਰੇ ਗਾਜੇ ਵਾਜਿਆਂ ਅਤੇ ਟੌਹਰ ਟੱਪੇ ਦੁਪਹਿਰ ਵਕਤ ਬਰਾਤ ਪੁੱਜੀ ਸੀ। ਇਸ ਮੌਕੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਰਿਸ਼ਤੇਦਾਰਾਂ ਤੇ ਪ੍ਰੀਵਾਰਕ ਮੈਂਬਰਾਂ ਦੀਆਂ ਮਿਲਣੀਆਂ ਵੀ ਕਰਵਾਈਆਂ ਗਈਆਂ। ਇਸ ਮੌਕੇ ਮਹੌਲ ਪੂਰੀ ਤਰਾਂ ਖੁਸ਼ਨਾਮਾ ਅਤੇ ਹਾਸੇ ਠੱਠੇ ਵਾਲਾ ਬਣਿਆ ਹੋਇਆ ਸੀ।
ਇਸ ਦੌਰਾਨ ਵੱਡੀ ਗਿਣਤੀ ਮਹਿਮਾਨਾਂ ਨੇ ਖਾਣ ਪੀਣ ਦਾ ਖੂਬ ਅੰਨਦ ਮਾਣਿਆ ਅਤੇ ਤਲਖੀ ਵਾਲੀ ਤਾਂ ਕਿਧਰੇ ਕੋਈ ਗੱਲ ਹੀ ਦਿਖਾਈ ਨਹੀਂ ਦੇ ਰਹੀ ਸੀ। ਇਸ ਦੌਰਾਨ ਕਈ ਮਹਿਮਾਨ ਖਾਣਾ ਖਾਣ ਮਗਰੋਂ ਪੈਲੇਸ ਚੋਂ ਚਲੇ ਗਏ ਸਨ ਜਦੋਂਕਿ ਕੁੱਝ ਜਾਣ ਦੀ ਤਿਆਰੀ ਵਿੱਚ ਸਨ। ਦੋਵਾਂ ਪ੍ਰੀਵਾਰਾਂ ’ਚ ਸਵੇਰ ਤੋਂ ਸਭ ਠੀਕ ਚੱਲ ਰਿਹਾ ਸੀ ਅਤੇ ਜਾਂਜੀ ਮੇਲੀ ਸਭ ਖੁਸ਼ੀਆਂ ਦੇ ਮਹੌਲ ਵਿੱਚ ਮਸਤ ਸਨ। ਇੰਨ੍ਹਾਂ ਪ੍ਰੀਵਾਰਾਂ ’ਚ ਫੇਰਿਆਂ ਤੋਂ ਪਹਿਲਾਂ ਹਿੰਦੂ ਰੀਤੀ ਰਿਵਾਜ ਮੁਤਾਬਕ ਲਾੜੀ ਲਾੜੇ ਦੇ ਪੈਰ ਧੋਂਦੀ ਹੈ ਜਿਸ ਨੂੰ ‘ਪਾਦ ਪੂਜਣ’ ਦੀ ਰਸਮ ਵੀ ਕਿਹਾ ਜਾਂਦਾ ਹੈ। ਇਸ ਮੌਕੇ ਜਦੋਂ ਵਿਆਹ ਵਾਲੇ ਲੜਕੇ ਨੇ ਰਸਮ ਨਿਭਾਉਣ ਲਈ ਆਪਣੇ ਪੈਰ ਚੋ ਜੁਰਾਬ ਲਾਹੀ ਤਾਂ ਮੰਡਪ ’ਚ ਬੈਠੇ ਲੜਕੀ ਪੱਖ ਦੇ ਰਿਸ਼ਤੇਦਾਰ ਅਤੇ ਲੋਕ ਇੱਕ ਦਮ ਹੱਕੇ ਬੱਕੇ ਰਹਿ ਗਏ ਕਿ ਵਿਆਂਦੜ ਮੁੰਡੇ ਦੇ ਪੈਰ ਦੀਆਂ ਉਂਗਲੀਆਂ ਤੇ ਪੁਰਾਣੇ ਲੱਗੇ ਟਾਂਕਿਆਂ ਦੇ ਨਿਸ਼ਾਨ ਸਨ
ਟਾਂਕਿਆਂ ਨੂੰ ਦੇਖਕੇ ਲੜਕੀ ਪੱਖ ਭੜਕ ਗਿਆ ਜਿਸ ਨੂੰ ਦੇਖਦਿਆਂ ਕੁੜੀ ਨੇ ਉਸ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਬਰਾਤੀਆਂ ਅਤੇ ਹੋਰ ਮਹਿਮਾਨਾਂ ਦੇ ਖਾਣ ਲਈ ਭੋਜਨ ਵੀ ਪਰੋਸਿਆ ਜਾ ਰਿਹਾ ਸੀ ਪਰ ਮੰਡਪ ’ਚ ਅਚਾਨਕ ਬਣੇ ਮਹੌਲ ਨੇ ਸਥਿਤੀ ਬਦਲ ਕੇ ਰੱਖ ਦਿੱਤੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਮੌਕੇ ਦੋਵਾਂ ਧਿਰਾਂ ਦੇ ਰਿਸ਼ਤੇਦਾਰ ਹੈਰਾਨ ਸਨ ਕਿ ਅਚਾਨਕ ਅਜਿਹਾ ਕੀ ਬਸਲਾ ਬਣਿਆ ਕਿ ਨੌਬਤ ਵਿਆਹ ਤੋੜਨ ਤੱਕ ਪੁੱਜ ਗਈ ਹੈ। ਇਸ ਦੌਰਾਨ ਘੁਸਰ ਮੁਸਰ ਹੁੰਦੀ ਹੋਈ ਦੇਖਦਿਆਂ ਹੀ ਦੇਖਦਿਆਂ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਕੁੱਝ ਲੋਕਾਂ ਨੇ ਲੜਕੀ ਨੂੰ ਬਾਹਰ ਸੱਦ ਲਿਆ ਅਤੇ ਕਿਹਾ ਕਿ ਇਹ ਕਿਧਰੇ ਇਹ ਕੋਈ ਪੁਰਾਣਾ ਗੰਭੀਰ ਮੈਡੀਕਲ ਮਾਮਲਾ ਤਾਂ ਨਹੀਂ ਜੋ ਉਨ੍ਹਾਂ ਦੇ ਪ੍ਰੀਵਾਰ ਤੋਂ ਜਾਣ ਬੁੱਝ ਕੇ ਛੁਪਾਇਆ ਗਿਆ ਹੈ। ਇਸ ਮੌਕੇ ਲੜਕੀ ਨੇ ਫੇਰਿਆਂ ਲਈ ਮੰਡਪ ’ਚ ਬੈਠਣ ਤੋਂ ਜਵਾਬ ਦੇ ਦਿੱਤਾ
ਪੁਲਿਸ ਕੋਲ ਪੁੱਜਿਆ ਮਾਮਲਾ
ਇਸ ਮੌਕੇ ਮਹੌਲ ਵੱਡੀ ਪੱਧਰ ਤੇ ਵਿਗੜ ਅਤੇ ਦੋਹਾਂ ਧਿਰਾਂ ਵਿਚਕਾਰ ਕਾਫੀ ਬੋਲ ਬੁਲਾਰਾ ਵੀ ਹੋਇਆ ਤੇ ਆਪਸ ਵਿੱਚ ਝੜਪਾਂ ਵੀ ਹੋਈਆਂ। ਇਸ ਦੌਰਾਨ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੁੰਦੀ ਹੁੰਦੀ ਐਨੀ ਵਧ ਗਈ ਕਿ ਮਾਮਲਾ ਕੈਨਾਲ ਕਲੋਨੀ ਥਾਣੇ ਤੱਕ ਪੁੱਜ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਨੇ ਘੰਟਿਆਂ ਬੱਧੀ ਕੁੜੀ ਨੂੰ ਸਮਝਾਇਆ ਬੁਝਾਇਆ ਪਰ ਉਹ ਆਪਣੀ ਜਿੱਦ ਤੇ ਅੜੀ ਰਹੀ ਅਤੇ ਵਿਆਹ ਨਾਂ ਕਰਨ ਦੀ ਗੱਲ ਕਹੀ। ਜਦੋਂ ਪੁਲਿਸ ਦੇ ਯਤਨਾਂ ਦੋ ਕੋਈ ਸਿੱਟਾ ਨਾਂ ਨਿਕਲਿਆ ਤਾਂ ਲੜਕੇ ਵਾਲਿਆਂ ਨੇ ਪੈਲੇਸ ਅਤੇ ਹੋਰ ਤਿਆਰੀਆਂ ਦਾ ਖਰਚਾ ਲੜਕੀ ਵਾਲਿਆਂ ਨੂੰ ਅਦਾ ਕਰਨ ਤੇ ਸਹਿਮਤੀ ਜਤਾ ਦਿੱਤੀ ਅਤੇ ਅਧਿਕਾਰਕ ਤੌਰ ਤੇ ਵਿਆਹ ਰੱਦ ਕਰ ਦਿੱਤਾ ਗਿਆ।
ਸਹਿਮਤੀ ਨਾਲ ਸ਼ਾਦੀ ਰੱਦ:ਪੁਲਿਸ
ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਹਰਜੋਤ ਸਿੰਘ ਦਾ ਕਹਿਣਾ ਸੀ ਕਿ ਵਿਆਹ ਦੀ ਰਸਮ ਦੌਰਾਨ ਲੜਕੇ ਦੇ ਪੈਰ ਦੇਖਣ ਤੋਂ ਬਾਅਦ ਲੜਕੀ ਨੇ ਵਿਆਹ ਕਰਵਾਉਣ ਤੋਂ ਅਸਹਿਮਤੀ ਜਤਾ ਦਿੱਤਾ ਜਿਸ ਤੋਂ ਮਾਮਲਾ ਵਿਗੜਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਵਾਲਿਆਂ ਦੀ ਦਲੀਲ ਸੀ ਕਿ ਮੁੰਡੇ ਵਾਲਿਆਂ ਨੇ ਪੈਰਾਂ ਤੇ ਲੱਗੇ ਟਾਂਕਿਆਂ ਦੀ ਗੱਲ ਜਾਣ ਬੁੱਝਕੇ ਲਕੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਸਮਝਾਇਆ ਸੀ ਪਰ ਜਦੋਂ ਗੱਲ ਨਾਂ ਬਣੀ ਤਾਂ ਆਪਸੀ ਸਹਿਮਤੀ ਨਾਲ ਅਧਿਕਾਰਕ ਤੌਰ ਤੇ ਵਿਆਹ ਰੱਦ ਕਰ ਦਿੱਤਾ ਗਿਆ ਹੈ।
ਚੁੰਝ ਚਰਚਾ ਬਣਿਆ ਵਿਆਹ
ਲਾਈਨੋਪਾਰ ਇਲਾਕੇ ’ਚ ਵਾਪਰੀ ਇਹ ਘਟਨਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਹੈਰਾਨ ਹਨ ਕਿ ਇੱਕ ਜੁਰਾਬ ਲਾਹੁੰਦਿਆਂ ਹੀ ਵਿਆਹ ਟੁੱਟ ਗਿਆ ਹੈ। ਕੁੱਝ ਲੋਕਾਂ ਨੇ ਦੱਸਿਆ ਕਿ ਮੁੰਡੇ ਕੁੜੀ ਵਿਚਕਾਰ ਕਰੀਬ ਸਾਲ ਭਰ ਤੋਂ ਆਪਸ ’ਚ ਫੋਨ ਰਾਹੀਂ ਗੱਲਬਾਤ ਹੁੰਦੀ ਰਹੀ ਹੈ ਅਤੇ ਦੋਵਾਂ ਨੇ ਇਕੱਠਿਆਂ ਹੀ ਸਮਾਨ ਦੀ ਖਰੀਦੋ ਫਰੋਖਤ ਵੀ ਕੀਤੀ ਸੀ। ਬਾਵਜੂਦ ਇਸ ਦੇ ਕੁੜੀ ਨੇ ਮੰਡਪ ਵਿੱਚ ਪੈਰਾਂ ’ਚ ਲੱਗੇ ਨਜ਼ਰ ਆਏ ਟਾਂਕਿਆਂ ਨੂੰ ਵੱਡੀ ਗੱਲ ਮੰਨ ਲਿਆ ਅਤੇ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੱਤਾ ਜੋਕਿ ਬੇਹੱਦ ਮੰਦਭਾਗਾ ਹੈ।