BREAKING- ਪੰਜਾਬ ’ਚ ਖੁੱਲ੍ਹਣਗੀਆਂ 2 ਡਿਜੀਟਲ ਯੂਨੀਵਰਸਿਟੀਆਂ; ਸਿੱਖਿਆ ਮੰਤਰੀ ਬੈਂਸ ਨੇ ਕੀਤਾ ਵੱਡਾ ਐਲਾਨ
ਪੰਜਾਬ ਬਣੇਗਾ ਦੇਸ਼ ਦਾ 'ਐਜੂਕੇਸ਼ਨ ਹੱਬ': ਵਿਧਾਨ ਸਭਾ ਦੇ ਮੌਨਸੂਨ ਸੈਸ਼ਨ 'ਚ ਪੇਸ਼ ਹੋਵੇਗਾ ਡਿਜੀਟਲ ਯੂਨੀਵਰਸਿਟੀਆਂ ਦਾ ਬਿੱਲ
‘ਪੰਜਾਬ ’ਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ’: ਹਰਜੋਤ ਬੈਂਸ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ਬੋਰਡ ਪ੍ਰੀਖਿਆਵਾਂ ਲਈ ਬਲਾਕਚੇਨ ਤਕਨਾਲੋਜੀ ਲਿਆਉਣ ਦੀ ਤਿਆਰੀ
ਚੰਡੀਗੜ੍ਹ, 27 ਜੁਲਾਈ 2026: ਪੰਜਾਬ ਨੂੰ ਦੇਸ਼ ਅਤੇ ਦੁਨੀਆ ਵਿੱਚ ਸਿੱਖਿਆ ਦਾ ਗੜ੍ਹ (ਐਜੂਕੇਸ਼ਨ ਹੱਬ) ਬਣਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ ਦੋ ਨਵੀਆਂ ਡਿਜੀਟਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ਭਰ ਵਿੱਚ ਸਿੱਖਿਆ ਦਾ ਸਰੂਪ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਡਿਜੀਟਲ ਯੂਨੀਵਰਸਿਟੀਆਂ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਡੇ ਸਿੱਖਿਆ ਬ੍ਰੈਂਡ, ਜਿਵੇਂ ਕਿ 'ਫਿਜ਼ਿਕਸ ਵਾਲਾ' (Physics Wallah), ਆਪਣੀ ਪਹਿਲੀ ਟੈਕ ਯੂਨੀਵਰਸਿਟੀ ਪੰਜਾਬ ਵਿੱਚ ਸਥਾਪਿਤ ਕਰਨ ਜਾ ਰਹੇ ਹਨ।
ਇਸ ਤੋਂ ਇਲਾਵਾ 'ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ' ਵੀ ਬਣਾਈ ਜਾ ਰਹੀ ਹੈ, ਜੋ ਕਿ ਇੱਕ ਵਰਲਡ ਕਲਾਸ ਯੂਨੀਵਰਸਿਟੀ ਹੋਵੇਗੀ। ਇਸ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਅਤੇ ਇਸ ਉੱਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਡਿਜੀਟਲ ਯੂਨੀਵਰਸਿਟੀਆਂ ਦੇ ਢਾਂਚੇ ਬਾਰੇ ਗੱਲ ਕਰਦਿਆਂ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਅਡਵਾਂਸਡ ਕਲਾਸਰੂਮ ਤਿਆਰ ਕੀਤੇ ਜਾਣਗੇ। ਜੇਕਰ ਕੋਈ ਯੂਨੀਵਰਸਿਟੀ ਮੋਹਾਲੀ ਵਿੱਚ ਹੋਵੇਗੀ, ਤਾਂ ਗੁਰਦਾਸਪੁਰ ਜਾਂ ਹੋਰ ਦੂਰ-ਦੁਰਾਡੇ ਖੇਤਰਾਂ ਵਿੱਚ ਬੈਠਾ ਬੱਚਾ ਵੀ ਉੱਥੋਂ ਹੀ ਅਡਵਾਂਸ ਕੋਰਸਾਂ ਦੀ ਪੜ੍ਹਾਈ ਆਸਾਨੀ ਨਾਲ ਕਰ ਸਕੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਬੱਚੇ ਬਾਹਰ ਜਾਂਦੇ ਸਨ, ਪਰ ਅੱਜ ਦੇਸ਼ ਦੇ 28 ਸੂਬਿਆਂ ਅਤੇ ਦੁਨੀਆ ਦੇ 70 ਤੋਂ ਵੱਧ ਮੁਲਕਾਂ ਤੋਂ ਬੱਚੇ ਪੰਜਾਬ ਵਿੱਚ ਆ ਕੇ ਪੜ੍ਹਾਈ ਕਰ ਰਹੇ ਹਨ। ਪੰਜਾਬ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਪ੍ਰਾਇਮਰੀ ਅਤੇ ਉੱਚ ਸਿੱਖਿਆ ਵਿੱਚ ਨੰਬਰ ਇੱਕ ਬਣਾਉਣਾ ਹੈ।
ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਵਿਭਾਗ ਅਧੀਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ ਹੈ। ਉਹ 100 ਫੀਸਦੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਨ। ਉਨ੍ਹਾਂ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੇਪਰ ਲੀਕ ਦਾ ਸਬੂਤ ਦੇ ਦੇਵੇ ਤਾਂ ਉਹ ਜਵਾਬਦੇਹ ਹਨ।
ਉਨ੍ਹਾਂ ਦੁੱਖ ਪ੍ਰਗਟਾਇਆ ਕਿ ਵਿਰੋਧੀ ਧਿਰਾਂ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਸਰਕਾਰ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਸਕਦਾ ਹੈ ਜੋ ਆਪਣੇ ਸਿੱਖਿਆ ਬੋਰਡ ਨੂੰ 'ਬਲਾਕਚੇਨ ਤਕਨਾਲੋਜੀ' (Blockchain Technology) ਨਾਲ ਜੋੜੇਗਾ।
ਇਸ ਮੌਕੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ NEET ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਅਤੇ ਪੰਜਾਬ ਦੇ ਸਿੱਖਿਆ ਮਾਡਲ ਲਈ ਇੱਕ ਬਹੁਤ ਵੱਡੀ ਮੱਲ ਹੈ।
ਨਾਲ ਹੀ, ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਅਤੇ ਫੀਸਾਂ 'ਤੇ ਲਗਾਮ ਲਗਾਉਣ ਲਈ ਲਿਆਂਦੇ ਗਏ ਆਰਡੀਨੈਂਸ ਨੂੰ ਵੀ ਇਸੇ ਵਿਧਾਨ ਸਭਾ ਸੈਸ਼ਨ ਦੌਰਾਨ ਪੂਰਨ ਐਕਟ ਦਾ ਰੂਪ ਦਿੱਤਾ ਜਾਵੇਗਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀਆਂ ਚਰਚਾਵਾਂ 'ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਇਹ ਦੇਸ਼ ਦੇ ਯੁਵਾਵਾਂ ਅਤੇ ਪ੍ਰੀਖਿਆਰਥੀਆਂ ਦੀ ਜਿੱਤ ਹੈ।
- Download Babushahi App
-
-