ਪੰਜਾਬ ਦੌਰੇ ਤੋਂ ਪਹਿਲਾਂ ਅਮਿਤ ਸ਼ਾਹ ਦਾ ਵੱਡਾ ਬਿਆਨ; ਸੂਬੇ ਦੀ ਬਦਹਾਲੀ ਲਈ AAP ਸਰਕਾਰ ਦਾ ਮਾੜਾ ਸ਼ਾਸਨ ਜ਼ਿੰਮੇਵਾਰ
Babushahi Network
ਜਲੰਧਰ/ਚੰਡੀਗੜ੍ਹ, 30 ਸਤੰਬਰ 2026- ਪੰਜਾਬ ਦੇ ਜਲੰਧਰ ਦੌਰੇ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਵਿੱਚ ਵੱਧ ਰਹੇ ਨਸ਼ੇ ਦੇ ਗੰਭੀਰ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਦੀ ਸਰਕਾਰ 'ਤੇ ਸਖ਼ਤ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਸ਼ਾਸਨ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਪੰਜਾਬ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਪੰਜਾਬ ਦੇ ਲੋਕ ਇਸ ਨਾਮੁਰਾਦ ਬੀਮਾਰੀ ਅਤੇ ਕੋਹੜ ਖ਼ਿਲਾਫ਼ ਇੱਕ ਨਿਰਣਾਇਕ ਲੜਾਈ ਲੜ ਰਹੇ ਹਨ।
BJP ਵੱਲੋਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਲਾਮਬੰਦ ਕਰਨ ਦੇ ਉਦੇਸ਼ ਨਾਲ 18 ਸਤੰਬਰ ਤੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਜਲੰਧਰ ਵਿਖੇ ਇਸ ਯਾਤਰਾ ਦੇ ਮਹਾਂ-ਸਮਾਪਨ ਸਮਾਰੋਹ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਸ਼ਾਹ ਨੇ ਆਖਿਆ ਕਿ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦਰਦ ਵੰਡਾਇਆ ਜਾਵੇਗਾ। ਪੀੜਤ ਮਾਵਾਂ ਅਤੇ ਬਜ਼ੁਰਗਾਂ ਦਾ ਦੁੱਖ ਸੁਣਦਿਆਂ ਉਨ੍ਹਾਂ ਕਿਹਾ, "ਮੈਂ ਅੱਜ ਇੱਥੇ ਸਿਰਫ਼ ਇੱਕ ਨੇਤਾ ਵਜੋਂ ਨਹੀਂ, ਸਗੋਂ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰ ਵਜੋਂ ਤੁਹਾਡਾ ਦਰਦ ਅਤੇ ਦੁੱਖ ਵੰਡਾਉਣ ਆ ਰਿਹਾ ਹਾਂ।"
ਦੱਸ ਦਈਏ ਕਿ 18 ਸਤੰਬਰ ਤੋਂ ਸ਼ੁਰੂ ਹੋਈ ਇਹ ਯਾਤਰਾ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਗਲੀ-ਮੁਹੱਲੇ ਤੱਕ ਪਹੁੰਚੀ। ਇਸ ਮੁਹਿੰਮ ਦਾ ਮੁੱਖ ਮਨੋਰਥ ਆਮ ਜਨਤਾ ਨੂੰ ਨਸ਼ਿਆਂ ਦੇ ਭਿਆਨਕ ਸਿੱਟਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਖ਼ਿਲਾਫ਼ ਲਾਮਬੰਦ ਕਰਕੇ ਮੁੱਖ ਧਾਰਾ ਨਾਲ ਜੋੜਨਾ ਸੀ।
ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਵਿੱਚੋਂ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਲਈ ਹਰ ਸੰਭਵ ਸਖ਼ਤ ਕਦਮ ਚੁੱਕੇਗੀ ਅਤੇ ਸਰਹੱਦ ਪਾਰੋਂ ਹੋ ਰਹੀ ਤਸਕਰੀ 'ਤੇ ਨੱਥ ਪਾਉਣ ਲਈ ਕੇਂਦਰੀ ਏਜੰਸੀਆਂ ਦੀ ਮੁਸਤੈਦੀ ਹੋਰ ਵਧਾਈ ਜਾਵੇਗੀ। ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚੋਂ 3 ਮਹੀਨਿਆਂ 'ਚ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ 'ਆਪ' ਸਰਕਾਰ ਅੱਜ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪ੍ਰਸ਼ਾਸਨਿਕ ਢਿੱਲ ਕਾਰਨ ਅੱਜ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ਹਨ, ਜਿਸ ਦਾ ਖ਼ਾਮਿਆਜ਼ਾ ਪੰਜਾਬ ਦੇ ਨਿਰਦੋਸ਼ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਸਮਾਪਨ ਕਿਸੇ ਮੁਹਿੰਮ ਦਾ ਅੰਤ ਨਹੀਂ, ਸਗੋਂ ਇੱਕ ਨਵੀਂ ਸੁਬਹ ਦੀ ਸ਼ੁਰੂਆਤ ਹੈ। ਭਾਜਪਾ ਪੰਜਾਬ ਦੇ ਕੋਨੇ-ਕੋਨੇ ਵਿੱਚ ਨਸ਼ੇ ਖ਼ਿਲਾਫ਼ ਆਪਣੀ ਇਹ ਜੰਗ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬ ਦਾ ਹਰ ਨੌਜਵਾਨ ਨਸ਼ਿਆਂ ਦੇ ਚੁੰਗਲ ਵਿੱਚੋਂ ਆਜ਼ਾਦ ਨਹੀਂ ਹੋ ਜਾਂਦਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਮੁਹਿੰਮ ਵਿੱਚ ਇੱਕਜੁੱਟ ਹੋ ਕੇ ਭਾਗੀਦਾਰ ਬਣਨ।
- Download Babushahi App
-
-