ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਕੀਤੀ ਗਈ ਦਸਤਾਰਬੰਦੀ
ਚੰਡੀਗੜ੍ਹ, 25 ਅਕਤੂਬਰ 2025- ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ ਕੀਤੀ ਗਈ। ਦਸਤਾਰਬੰਦੀ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।
ਜ਼ਿਕਰਯੋਗ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਵੱਲੋਂ ਵਿਰੋਧ ਕੀਤੇ ਜਾਣ ਦੇ ਡਰ ਤੋਂ ਬੀਤੇ ਮਾਰਚ ਮਹੀਨੇ ਹੋਲਾ-ਮਹੱਲਾ ਦੇ ਦਿਨਾਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬੜੀ ਹੀ ਕਾਹਲੀ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੜਕਸਾਰ ਤਾਜਪੋਸ਼ੀ ਕੀਤੀ ਗਈ ਸੀ, ਜਿਸ ਨੂੰ ਸਿੱਖ ਪੰਥ ਦੀਆਂ ਸਮੂਹ ਨਿਹੰਗ ਜਥੇਬੰਦੀਆਂ, ਟਕਸਾਲਾਂ, ਸੰਪਰਾਇਵਾਂ, ਸਭਾ ਸੋਸਾਇਟੀਆਂ ਵੱਲੋਂ ਮਰਿਆਦਾ ਦੀ ਉਲੰਘਣਾ ਕਰਾਰ ਦੇ ਕੇ ਸਹਿਮਤੀ ਦੇਣ ਤੋਂ ਲਗਾਤਾਰ ਇਨਕਾਰ ਕਰਦਿਆਂ ਜਥੇਦਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਨਿਹੰਗ ਸਿੰਘ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਕਈ ਮਹੱਤਤਪੂਰਨ ਮੌਕਿਆਂ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋ ਸਨਮਾਨ ਲੈਣਾ ਵੀ ਬੰਦ ਕੀਤਾ ਹੋਇਆ ਸੀ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਪੈਦਾ ਹੋਏ ਹਾਲਾਤ ਕਰਕੇ ਨਮੋਸ਼ੀਜਨਕ ਸਥਿਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ ਪਰ ਇਨ੍ਹਾਂ ਹਲਾਤਾਂ ਨੂੰ ਮੋੜਾ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਯਤਨਸ਼ੀਲ ਸਨ।
ਮਿਲੀ ਜਾਣਕਾਰੀ ਮੁਤਾਬਕ ਐਡਵੋਕੇਟ ਧਾਮੀ ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਾਦਿ, ਸਭਾ ਸੋਸਾਇਟੀਆਂ ਦੇ ਨੁਮਾਇੰਦਿਆਂ ਨੂੰ ਪੰਥਕ ਹਲਾਤ ਦਾ ਵਾਸਤਾ ਅਤੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇਣ ਲਈ ਰਾਜੀ ਕਰਨ ’ਚ ਸਫ਼ਲ ਹੋਏ ਹਨ। ਜਿਨ੍ਹਾਂ ਦੀ ਸਹਿਮਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ 25 ਅਕਤੂਬਰ ਨੂੰ ਸਿੰਘ ਸਾਹਿਬ ਦੀ ਤਾਜਪੋਸ਼ੀ ਲਈ ਸਮਾਗਮ ਰੱਖਿਆ ਗਿਆ ਅਤੇ ਅੱਜ ਮੁੜ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਕੀਤੀ ਗਈ।
ਜਥੇਦਾਰ ਨੇ ਸਾਰੇ ਦਲਾਂ ਅਤੇ ਸੰਪਰਦਾਵਾਂ ਦਾ ਕੀਤਾ ਧੰਨਵਾਦ, ਧਰਮ ਪਰਿਵਰਤਨ ਦੇ ਮੁੱਦੇ ਤੇ ਆਖੀ ਵੱਡੀ ਗੱਲ
ਇਸ ਮੌਕੇ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਥ ਵੱਡਾ ਹੈ ਤੇ ਵੱਡਾ ਹੀ ਰਹੇਗਾ ਮੈਂ ਇਕ ਵਾਰ ਨਹੀਂ ਸਗੋਂ ਹਜ਼ਾਰ ਵਾਰ ਪੰਥ ਦੇ ਸਾਹਮਣੇ ਝੁੱਕਦਾ ਹਾਂ। ਪੰਥ ਦੀ ਸੇਵਾ, ਪੰਥ ਦੀ ਚਾਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੂਚੇ ਪੰਥ ਦਾ ਇਕੱਠੇ ਹੋਣਾ ਇਹ ਦੱਸਦਾ ਹੈ ਕਿ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਦਲ ਪੰਥ ਹਨ, ਇਨ੍ਹਾਂ ਦਲ ਪੰਥਾਂ ਦਾ ਇਤਿਹਾਸ ਬੇਹੱਦ ਵੱਡਾ ਹੈ। ਮੈਂ ਅੱਜ ਸਮਝਦਾ ਹਾਂ ਕਿ ਅੱਜ ਜਦੋਂ ਸਮੂਚਾ ਪੰਥ ਨਿਰਮਲੇ ਮਹਾਪੁਰਸ਼, ਉਦਾਸੀ ਮਹਾਪੁਰਸ਼ ਅਸੀਂ ਸਾਰੇ ਇਕ ਥਾਂ 'ਤੇ ਇਕੱਠੇ ਹੋਏ ਹਾਂ, ਆਪਾਂ ਇਹ ਤੋਹਈਆ ਕਰਦੇ ਹਾਂ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਮੁਸ਼ਕਿਲਾਂ ਹਨ, ਅਸੀਂ ਆਪਣੇ ਦਲ ਪੰਥ ਦੇ ਸਹਿਯੋਗ ਨਾਲ ਠੱਲ੍ਹ ਪਾਈਆਂ ਜਾ ਸਕਦੀਆਂ ਹਨ। ਧਰਮ ਪਰਿਵਰਤਨ ਨੂੰ ਵੀ ਦਲ ਪੰਥ ਦੇ ਸਹਿਯੋਗ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਮੈਂ ਸਾਡੇ ਤਖ਼ਤਾਂ ਦੇ ਆਏ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਮੇਤ ਸਾਰਿਆਂ ਦਾ ਦਿਲੋਂ, ਤਨੋ ਤੇ ਮਨੋ ਧੰਨਵਾਦ ਕਰਦਾ ਹਾਂ। ਆਪਾਂ ਸੇਵਾਦਾਰ ਹਾਂ ਅਤੇ ਹਮੇਸ਼ਾ ਸੇਵਾਦਾਰ ਹੀ ਰਹਾਂਗੇ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਕਿਉਂ ਨਾ ਰਹੀਆਂ, ਅਸੀਂ ਵਾਸੀ ਅਨੰਦਪੁਰ ਸਾਹਿਬ ਦੇ ਹਾਂ। ਉਨ੍ਹਾਂ ਕਿਹਾ ਕਿ ਕੌਮ ਇਕ ਹੈ ਅਤੇ ਇਕ ਹੀ ਰਹੇਗੀ। ਕੌਮ ਵਿਚ ਕੋਈ ਵਖਰੇਵਾਂ ਨਹੀਂ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ ਹਾਂ, ਜਿੰਨੇ ਵੀ ਦਲ ਪੰਥ ਹਨ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।