ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਸਲਿੱਪ ਰੋਡ ਦੀ ਖਸਤਾ ਹਾਲਤ ਸਬੰਧੀ ਮੰਗ ਪੱਤਰ
ਅਸ਼ੋਕ ਵਰਮਾ
ਰਾਮਪੁਰਾ , 5 ਸਤੰਬਰ 2025:ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਐਨ ਐਚ 7 ਤੇ ਰਾਮਪੁਰਾ ਚ ਬਣੇ ਫਲਾਈ ਓਵਰ ਦੇ ਨਾਲ ਲੱਗਦੀਆਂ ਸਲਿੱਪ ਰੋਡ ਦੀ ਖਸਤਾ ਹਾਲਤ ਕਾਰਨ ਰਾਮਪੁਰਾ ਸ਼ਹਿਰ ਫੂਲ ਮੰਡੀ ਤੇ ਨਜ਼ਦੀਕੀ ਪਿੰਡਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਲਿੱਪ ਰੋਡ ਦੀ ਹਾਲਤ ਸਬੰਧੀ ਏ ਡੀ ਸੀ ਵਿਕਾਸ ਨਰਿੰਦਰ ਧਾਲੀਵਾਲ ਬਠਿੰਡਾ ਨੂੰ ਮੰਗ ਪੱਤਰ ਦੇਣ ਉਪਰੰਤ ਕੀਤਾ ਮਲੂਕਾ ਨੇ ਕਿਹਾ ਕਿ ਰਾਮਪੁਰਾ ਤੋਂ ਬਠਿੰਡਾ ਜਾਣ ਲਈ ਖੱਬੇ ਹੱਥ ਵਾਲੀ ਸਲਿੱਪ ਰੋਡ ਲੰਬੇ ਅਰਸੇ ਤੋਂ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਲਿੱਪ ਰੋਡ ਤੇ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸਾਰੀ ਸੜਕ ਤੇ ਪਾਨੀ ਭਰ ਜਾਂਦਾ ਹੈ ਸਲਿੱਪ ਰੋਡ ਤੇ ਪਏ ਖੱਡਿਆਂ ਕਾਰਨ ਇਹ ਪੂਰੀ ਤਰ੍ਹਾਂ ਬੰਦ ਹੋ ਗਈ ਹੈ।
ਮਲੂਕਾ ਨੇ ਕਿਹਾ ਕਿ ਰਾਮਪੁਰਾ ਤੋਂ ਸਲਾਬਤਪੁਰਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬੇਹੱਦ ਮਾੜੀ ਹੈ । ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ। ਉਨਾਂ ਦੱਸਿਆ ਕਿ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਵੀ ਪੱਤਰ ਲਿਖਿਆ ਹੈ ਫਿਰ ਵੀ ਅਥਾਰਟੀ ਦੇ ਕੰਨਾਂ ਤੇ ਜੂਨ ਨਹੀਂ ਸਰਕੀ ਹੈ।ਮਲੂਕਾ ਨੇ ਕਿਹਾ ਕਿ ਜਦੋਂ ਕੰਪਨੀ ਟੋਲ ਵਸੂਲ ਦੀ ਹੈ ਤਾਂ ਸੜਕਾਂ ਨੂੰ ਠੀਕ ਕਰਵਾਉਣਾ ਵੀ ਉਸਦੀ ਜਿੰਮੇਵਾਰੀ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਸੜਕਾਂ ਠੀਕ ਨਾ ਹੋਈਆਂ ਅਤੇ ਸਮੁੱਚੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਟੋਲ ਪਲਾਜ਼ ਬੰਦ ਕਰਨ ਵਰਗਾ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ।