4161 ਮਾਸਟਰ ਕਾਡਰ ਦੇ 253 ਅਧਿਆਪਕਾਂ ਵੱਲੋਂ ਸ਼ੋ ਕਾਜ ਨੋਟਿਸ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
ਜੇਕਰ 6 ਜੁਲਾਈ ਦੀ ਪੈਨਲ ਮੀਟਿੰਗ ਵਿੱਚ ਸਾਰਥਕ ਹੱਲ ਨਾ ਹੋਇਆ ਤਾਂ 11 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਹੋਵੇਗਾ ਤਿੱਖੇ ਰੂਪ ਵਿੱਚ ਧਰਨਾ ਪ੍ਰਦਰਸ਼ਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਜੁਲਾਈ, 2026
ਸਿੱਖਿਆ ਵਿਭਾਗ ਵੱਲੋਂ 4161 ਮਾਸਟਰ ਕਾਡਰ ਭਰਤੀ ਦੇ 253 ਅਧਿਆਪਕ ਜਿਹਨਾਂ ਨੂੰ 6 ਮਈ 2026 ਨੂੰ ਸੇਵਾਵਾਂ ਖਤਮ ਕਰਨ ਦੀ ਤਜਵੀਜ ਤਹਿਤ ਸ਼ੋਅ ਕਾਜ ਨੋਟਿਸ ਜਾਰੀ ਕਰਨ ਖਿਲਾਫ ਚਲ ਰਹੇ ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ ਇਸ ਅਧਿਆਪਕ ਵਿਰੋਧੀ ਫੈਸਲੇ ਦੇ ਵਿਰੁੱਧ ਪ੍ਰਭਾਵਿਤ ਅਧਿਆਪਕਾਂ ਵੱਲੋਂ ਵੱਖ-ਵੱਖ ਜਿਲਿਆਂ ਵਿੱਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਲਈ ਦਿੱਤੇ ਸੱਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਅਧਿਆਪਕਾਂ ਨੇ ਡੀ ਸੀ ਦਫਤਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੇ ਗਏ ਸ਼ੋਅ ਕਾਜ ਨੋਟਿਸ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ। ਪ੍ਰਭਾਵਿਤ ਅਧਿਆਪਕਾਂ ਦੇ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕ ਪੰਜਾਬ ਦੇ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਬਲਵਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 4161 ਮਾਸਟਰ ਕਾਡਰ ਭਰਤੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਆਪਣੀਆਂ ਤਕਨੀਕੀ ਅਤੇ ਦਫਤਰੀ ਗਲਤੀਆਂ ਦੇ ਕਾਰਨ ਪੂਰਨ ਤੌਰ 'ਤੇ ਯੋਗ ਅਤੇ ਬੇਕਸੂਰ ਅਧਿਆਪਕਾਂ ਜੋ ਲਗਭਗ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਨਿਰੰਤਰ ਰੂਪ ਵਿੱਚ ਬੇਦਾਗ ਨੌਕਰੀ ਕਰ ਰਹੇ ਹਨ। ਉਹਨਾਂ 253 ਆਧਿਆਪਕਾਂ ਨੂੰ ਸਿਲੈਕਸ਼ਨ ਸੂਚੀਆਂ ਦੀ ਰੀਕਾਸਟ ਦਾ ਹਵਾਲਾ ਦੇ ਕੇ ਸੇਵਾਵਾਂ ਖਤਮ ਕਰਨ ਸਬੰਧੀ ਸ਼ੋਕਾਜ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਸੇ ਤਹਿਤ ਇਹਨਾਂ ਅਧਿਆਪਕਾਂ ਦਾ ਪਰਖ ਕਾਲ ਸਮਾਂ ਪਾਰ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ, ਬਦਲੀਆਂ ਉਪਰ ਰੋਕ ਲਗਾ ਦਿੱਤੀ ਗਈ ਤੇ ਬਾਕੀ ਸਾਰੇ ਮਾਣ ਭੱਤੇ ਵੀ ਰੋਕ ਲਏ ਗਏ। ਉਹਨਾਂ ਦੱਸਿਆ ਕਿ ਅਜਿਹੇ ਨਾਦਰਸ਼ਾਹੀ ਫਰਮਾਨ ਕਿਸੇ ਵੀ ਹਾਲਤ ਵਿੱਚ ਸਹਿਣ ਯੋਗ ਨਹੀਂ ਹਨ। ਜਿਨਾਂ ਦਾ ਅਸੀਂ ਨਿਰੰਤਰ ਰੂਪ ਵਿੱਚ ਡੱਟ ਕੇ ਵਿਰੋਧ ਕਰ ਰਹੇ ਹਾਂ। ਇਹਨਾਂ ਸੰਘਰਸ਼ਾਂ ਤਹਿਤ ਜੋ ਸ੍ਰ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਵੱਲੋਂ ਜੋ 6 ਜੁਲਾਈ ਨੂੰ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ। ਜੇਕਰ ਇਸ ਮੀਟਿੰਗ ਵਿੱਚ ਇਸ ਅਧਿਆਪਕ ਵਿਰੋਧੀ ਫੈਸਲੇ ਸਬੰਧੀ ਕੋਈ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਬਾਕੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਡੇ ਵੱਲੋਂ 11 ਜੁਲਾਈ 2026 ਨੂੰ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਇੱਕ ਤਿੱਖਾ ਐਕਸ਼ਨ ਕੀਤਾ ਜਾਵੇਗਾ। ਜਿਸ ਦੇ ਸੰਬੰਧ ਵਿੱਚ ਸਾਡੇ ਸਮੁੱਚੇ ਕਾਡਰ ਵੱਲੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਵਿੱਚ ਸੋ ਕਾਜ ਨੋਟਿਸ ਸਾੜ ਕੇ ਸੰਕੇਤਕ ਰੂਪ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ 11 ਜੁਲਾਈ 2026 ਦੇ ਤਿੱਖੇ ਐਕਸ਼ਨ ਦੀਆਂ ਤਿਆਰੀਆਂ ਵੀ ਆਰੰਭੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ ਯੂਨੀਅਨ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਕਮ ਸੂਬਾ ਸੰਯੁਕਤ ਸਕੱਤਰ ਸ਼੍ਰੀ ਜਸਵਿੰਦਰ ਔਜਲਾ, ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਭੁਪਿੰਦਰ ਸੜੋਆ, ਸੱਤਪਾਲ ਕਲੇਰ, ਮਨਜੀਤ ਰਾਮ ਨੇ ਸ਼ਮੂਲੀਅਤ ਕੀਤੀ ਅਤੇ 4161 ਮਾਸਟਰ ਕਾਡਰ (253) ਵੱਲੋਂ ਸੰਗੀਤਾ ਰਾਣੀ, ਕਰਮਜੀਤ ਕੌਰ, ਮਨਪ੍ਰੀਤ ਕੌਰ, ਪ੍ਰੀਆ, ਕਰਨ, ਸੱਤਪਾਲ ਸਿੰਘ, ਰਾਜੂ ਸਿੰਘ, ਗੁਰਵਿੰਦਰ ਸਿੰਘ, ਅੰਕੁਰ ਪੁੰਡੀਰ, ਆਦਿ ਅਧਿਆਪਕ ਸਾਥੀ ਮੌਜੂਦ ਰਹੇ।
- Download Babushahi App
-
-