‘ਬਾਬੇ ਘਸੀਟੇ ਦੀ ਨਾਟਕ ਮੰਡਲੀ’ ਨੇ ਦਰਸ਼ਕਾਂ ਨੂੰ ਹਾਸੇ ਅਤੇ ਕਲਪਨਾ ਦੀ ਦੁਨੀਆਂ ਵਿੱਚ ਪਹੁੰਚਾਇਆ
ਹਾਸੇ ਅਤੇ ਤਾੜੀਆਂ ਨਾਲ ਗੂੰਜਦਾ ਰਿਹਾ ਆਡੀਟੋਰੀਅਮ
ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2026 : ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਦੀ ਰਾਤ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਗਰੁੱਪ ਵੱਲੋਂ ਡਾ. ਅਦੀਸ਼ ਕੁਮਾਰ ਵਰਮਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਨਾਟਕ ‘ਬਾਬੇ ਘਸੀਟੇ ਦੀ ਨਾਟਕ ਮੰਡਲੀ’ ਨੇ ਦਰਸ਼ਕਾਂ ਨੂੰ ਹਾਸੇ, ਮਨੋਰੰਜਨ ਅਤੇ ਕਲਪਨਾ ਨਾਲ ਭਰਪੂਰ ਰੰਗਮੰਚੀ ਅਨੁਭਵ ਪ੍ਰਦਾਨ ਕੀਤਾ। ਮੰਚਨ ਦੌਰਾਨ ਦਰਸ਼ਕਾਂ ਦੇ ਹਾਸੇ ਅਤੇ ਤਾੜੀਆਂ ਨਾਲ ਪੂਰਾ ਆਡੀਟੋਰੀਅਮ ਗੂੰਜਦਾ ਰਿਹਾ।
ਮੂਲ ਰੂਪ ਵਿੱਚ ਇਹ ਨਾਟਕ ਵਿਲੀਅਮ ਸ਼ੇਕਸਪੀਅਰ ਦੇ ਪ੍ਰਸਿੱਧ ਅੰਗਰੇਜ਼ੀ ਨਾਟਕ ‘ਏ ਮਿਡਸਮਰ ਨਾਈਟਸ ਡ੍ਰੀਮ’ ਦੀ ਕਥਾ ’ਤੇ ਆਧਾਰਿਤ ਹੈ, ਜਿਸ ਨੂੰ ਪੰਜਾਬੀ ਲੋਕ-ਰੰਗਮੰਚ ਦੇ ਰੰਗ ਅਤੇ ਦੇਸੀ ਮੁਹਾਵਰੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦਾ ਰੂਪਾਂਤਰਣ ਈਸ਼ਵਰ ਚੰਦਰ ਨੰਦਾ ਨੇ ਕੀਤਾ ਹੈ।
ਨਾਟਕ ਦੀ ਕਹਾਣੀ ਪਿਆਰ, ਭਰਮ, ਗਲਤਫਹਿਮੀਆਂ ਅਤੇ ਜਾਦੂਈ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਪਾਤਰਾਂ ਦੇ ਆਪਸੀ ਟਕਰਾਅ ਅਤੇ ਬਦਲਦੇ ਰਿਸ਼ਤੇ ਕਈ ਅਜਿਹੀਆਂ ਹਾਸੇ ਭਰੀਆਂ ਸਥਿਤੀਆਂ ਪੈਦਾ ਕਰਦੇ ਹਨ, ਜਿਨ੍ਹਾਂ ਨਾਲ ਦਰਸ਼ਕ ਸ਼ੁਰੂ ਤੋਂ ਅੰਤ ਤੱਕ ਜੁੜੇ ਰਹਿੰਦੇ ਹਨ। ਕਥਾ ਦੇ ਵੱਖ-ਵੱਖ ਮੋੜ ਦਰਸ਼ਕਾਂ ਵਿੱਚ ਇਹ ਉਤਸੁਕਤਾ ਬਣਾਈ ਰੱਖਦੇ ਹਨ ਕਿ ਅਗਲੇ ਪਲ ਕੀ ਹੋਣ ਵਾਲਾ ਹੈ।ਨਾਟਕ ਦੀ ਖਾਸੀਅਤ ਇਸ ਦਾ ਦੇਸੀ ਰੰਗ ਹੈ। ਲੋਕ-ਨਾਟਕੀ ਅੰਦਾਜ਼, ਹਾਸ-ਵਿਅੰਗ ਅਤੇ ਸਹਿਜ ਸੰਵਾਦ ਸ਼ੇਕਸਪੀਅਰ ਦੀ ਕਲਪਨਾਤਮਕ ਕਥਾ ਨੂੰ ਪੰਜਾਬੀ ਦਰਸ਼ਕਾਂ ਦੇ ਹੋਰ ਨੇੜੇ ਲੈ ਆਉਂਦੇ ਹਨ। ਪਾਤਰਾਂ ਦੀਆਂ ਉਲਝਣਾਂ ਨੂੰ ਦੇਖ ਕੇ ਦਰਸ਼ਕ ਕਈ ਵਾਰ ਖੁੱਲ੍ਹ ਕੇ ਹੱਸਦੇ ਹਨ, ਜਦਕਿ ਜਾਦੂਈ ਘਟਨਾਵਾਂ ਅਤੇ ਅਚਾਨਕ ਆਉਣ ਵਾਲੇ ਮੋੜ ਉਨ੍ਹਾਂ ਦੀ ਉਤਸੁਕਤਾ ਨੂੰ ਬਣਾਈ ਰੱਖਦੇ ਹਨ।
ਖਾਸ ਤੌਰ ’ਤੇ ਨਾਟਕ ਦੇ ਹਾਸੇ ਭਰੇ ਦ੍ਰਿਸ਼ ਦਰਸ਼ਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਂਦੇ ਹਨ ਅਤੇ ਕਈ ਮੌਕਿਆਂ ’ਤੇ ਆਡੀਟੋਰੀਅਮ ਹਾਸੇ ਅਤੇ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕ ਕੁਝ ਸਮੇਂ ਲਈ ਰੋਜ਼ਾਨਾ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਦੂਰ ਹੋ ਕੇ ਨਾਟਕ ਦੀ ਕਲਪਨਾਤਮਕ ਦੁਨੀਆ ਦਾ ਹਿੱਸਾ ਬਣੇ ਨਜ਼ਰ ਆਏ।ਨਾਟਕ ਦਾ ਸ਼ੁਭਾਰੰਭ ਮੁੱਖ ਮਹਿਮਾਨ ਐੱਮਆਰਐੱਸਪੀਟੀਯੂ (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ) ਦੇ ਰਜਿਸਟਰਾਰ ਡਾ. ਪਰਮਜੀਤ ਸਿੰਘ, ਡਾਇਰੈਕਟਰ ਹਰਜੋਤ ਸਿੰਘ ਸਿੱਧੂ, ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਆਲੋਚਕ ਕੁਲਦੀਪ ਸਿੰਘ ਦੀਪ, ਸਾਗਾ ਦੇ ਐੱਮਡੀ ਅਨੀਸ਼ ਗੁਪਤਾ ਅਤੇ ਸੀਏ ਵਿਜੈ ਰਾਜ ਜਿੰਦਲ ਵੱਲੋਂ ਸਾਂਝੇ ਤੌਰ ’ਤੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਇਸ ਮੌਕੇ ਐੱਮਆਰਐੱਸਪੀਟੀਯੂ ਦੇ ਰਜਿਸਟਰਾਰ ਡਾ. ਪਰਮਜੀਤ ਸਿੰਘ ਨੇ ਨਾਟਿਅਮ ਦੇ ਇਸ 15 ਦਿਨਾਂ ਦੇ ਸਾਲਾਨਾ ਆਯੋਜਨ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਨਾਟਿਅਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਪਹੁੰਚੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਸਰਪ੍ਰਸਤ ਸੁਦਰਸ਼ਨ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਵੀ ਮੌਜੂਦ ਸਨ।
- Download Babushahi App
-
-