ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2025 :ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜਾਂ ਅਤੇ ਲਗਾਤਾਰ ਬੇ ਮੌਸਮੀ ਬਾਰਸ਼ ਨਾਲ ਮਨੁੱਖੀ ਜਾਨਾਂ, ਪਸ਼ੂਆਂ,ਘਰਾਂ ਅਤੇ ਫਸਲਾਂ ਸਮੇਤ ਦੂਜੇ ਮਾਲ ਅਸਬਾਬ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਅੱਜ ਇੱਥੇ ਕੁਲ ਹਿੰਦ ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਦੁਆਰਾ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਜੋ ਉਪਰੋਕਤ ਹਰ ਕਿਸਮ ਦਾ ਨੁਕਸਾਨ ਹੋਇਆ ਹੈ ਉਸ ਲਈ ਪੰਜਾਬ ਤੇ ਕੇਂਦਰ ਸਰਕਾਰ ਤੁਰੰਤ ਉਨਾਂ ਲੋਕਾਂ ਦੀ ਬਾਂਹ ਫੜੇ ਅਤੇ ਨੁਕਸਾਨ ਪੂਰਤੀ ਲਈ ਮੁਆਵਜ਼ਾ ਜਾਰੀ ਕਰੇ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਵਰਕਿੰਗ ਪ੍ਰਧਾਨ ਮਿੱਠੂ ਸਿੰਘ ਘੁੱਦਾ,ਖੇਤ ਮਜਦੂਰ ਸਭਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਗੁਰੂਸਰ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਆਕਲੀਆ, ਜਿਲਾ ਜਰਨਲ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਹੜਾਂ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਇਸ ਕਾਰਨ ਲਗਭਗ ਚਾਰ ਲੱਖ ਏਕੜ ਵਿੱਚ ਫਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਪੰਜਾਬ ਵਿੱਚ ਹੜਾਂ ਕਾਰਨ ਲਗਭਗ 50 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ । ਸੈਂਕੜੇ ਲੋਕਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਉਹਨਾਂ ਦਾ ਘਰੇਲੂ ਸਮਾਨ ਵੀ ਖਤਮ ਹੋ ਗਿਆ ਹੈ। ਭਾਵੇਂ ਪੰਜਾਬ ਦੇ ਬਹਾਦਰ ਲੋਕ ਹੜ ਪੀੜਤਾਂ ਅਤੇ ਦੂਜੇ ਇਲਾਕਿਆਂ ਵਿੱਚ ਤਬਾਹ ਹੋਏ ਘਰਾਂ ਵਾਲੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਮਦਦ ਕਰ ਰਹੇ ਹਨ। ਪ੍ਰੰਤੂ ਪੰਜਾਬ ਅਤੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਜਖਮਾਂ ਤੇ ਹਾਲੇ ਤੱਕ ਮੱਲਮ ਵੀ ਨਹੀਂ ਲਗਾ ਸਕੀਆਂ ।
ਆਗੂਆਂ ਨੇ ਮੰਗ ਕੀਤੀ ਕਿ ਸਾਰੇ ਪੰਜਾਬ ਵਿੱਚ ਘਰ ਤਬਾਹ ਹੋਣ ਕਾਰਨ ਨੀਲੀ ਛੱਤ ਥੱਲੇ ਰਹਿ ਰਹੇ ਲੋਕਾਂ ਲਈ ਟੈਂਟ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ। ਇਸ ਆਫਤ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 15 ਲੱਖ ਰੁਪਏ,ਜਿੰਨਾ ਪਰਿਵਾਰਾਂ ਦੇ ਘਰ ਡਿੱਗੇ ਹਨ ਉਹਨਾਂ ਨੂੰ 10 ਲੱਖ ਰੁਪਏ ਪ੍ਰਤੀ ਮਕਾਨ, ਪਸ਼ੂਆਂ ਦੀ ਮੌਤ ਤੇ ਇਕ ਲੱਖ ਰੁਪਏ ਪ੍ਰਤੀ ਪਸ਼ੂ, ਫਸਲਾਂ ਦੀ ਹੋਈ ਬਰਬਾਦੀ ਤੇ ਇਕ ਲੱਖ ਰੁਪਏ ਪ੍ਰਤੀ ਏਕੜ ਅਤੇ ਮੀਹ ਕਾਰਨ ਤੇ ਨਰੇਗਾ ਦਾ ਕੰਮ ਨਾ ਚੱਲਣ ਕਾਰਨ ਬੇਰੁਜ਼ਗਾਰ ਹੋਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜਦ ਤੱਕ ਉਹਨਾਂ ਦੇ ਰੁਜਗਾਰ ਬਹਾਲ ਨਹੀਂ ਹੁੰਦੇ ਪ੍ਰਤੀ ਪਰਿਵਾਰ 15000 ਰੁਪਏ ਮਹੀਨਾ ਦਿੱਤਾ ਜਾਵੇ। ਇਸ ਸਮੇਂ ਮਜ਼ਦੂਰ ਆਗੂ ਸੁਖਦੇਵ ਸਿੰਘ ਕੁੱਬੇ, ਹਰਬੰਸ ਸਿੰਘ ਜੋਧਪੁਰ ਪਾਖਰ, ਜਗਜੀਤ ਸਿੰਘ ਗਹਿਰੀ ਭਾਗੀ, ਜਸਵੀਰ ਸਿੰਘ ਢੱਡੇ ਅਤੇ ਦਰਸ਼ਨ ਸਿੰਘ ਭੂੰਦੜ ਆਦਿ ਵੀ ਹਾਜ਼ਰ ਸਨ।