ਹੁਸ਼ਿਆਰਪੁਰ 'ਚ ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ ਤੋਂ ਬਾਅਦ ਭੜਕਿਆ ਵਿਵਾਦ; ਧਰਨੇ ਦੌਰਾਨ ਬਸਪਾ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ- ਸਾਂਪਲਾ ਹੋਏ ਜ਼ਖ਼ਮੀ
Babushahi Network
ਹੁਸ਼ਿਆਰਪੁਰ, 16 ਸਤੰਬਰ 2026- ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ਕਰਨ ਦੀ ਦੁਖਦ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਹੈ। ਇਸ ਘਟਨਾ ਦੇ ਰੋਸ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ), ਸਥਾਨਕ ਸੰਗਠਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਆਪਣੇ ਸਮਰਥਕਾਂ ਸਮੇਤ ਮੌਕੇ 'ਤੇ ਪਹੁੰਚੇ।
ਮਿਲੀ ਜਾਣਕਾਰੀ ਅਨੁਸਾਰ, ਭਾਜਪਾ ਆਗੂ ਵਿਜੇ ਸਾਂਪਲਾ ਜਦੋਂ ਧਰਨਾ ਸਥਾਨ 'ਤੇ ਪਹੁੰਚੇ ਤਾਂ ਉਹ ਬੁੱਤ ਦੇ ਕੋਲ ਖੜ੍ਹ ਕੇ ਵੀਡੀਓ ਅਤੇ ਤਸਵੀਰਾਂ ਬਣਾਉਣ ਲੱਗੇ। ਇਸ ਗੱਲ ਤੋਂ ਪ੍ਰਦਰਸ਼ਨਕਾਰੀ ਬਸਪਾ ਵਰਕਰ ਭੜਕ ਗਏ ਅਤੇ ਉਨ੍ਹਾਂ ਵੱਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਮਾਹੌਲ ਨੂੰ ਦੇਖਦੇ ਹੋਏ ਬਸਪਾ ਆਗੂਆਂ ਨੇ ਭਾਜਪਾ ਆਗੂਆਂ ਨੂੰ ਸਟੇਜ 'ਤੇ ਆ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ। ਜਿਵੇਂ ਹੀ ਵਿਜੇ ਸਾਂਪਲਾ ਆਪਣਾ ਪੱਖ ਰੱਖਣ ਲਈ ਸਟੇਜ 'ਤੇ ਪਹੁੰਚੇ ਅਤੇ ਮਾਈਕ ਫੜ ਕੇ ਬੋਲਣਾ ਸ਼ੁਰੂ ਕੀਤਾ, ਤਾਂ ਵਿਵਾਦ ਹੋਰ ਗਰਮਾ ਗਿਆ। ਦੋਵਾਂ ਧਿਰਾਂ ਦੇ ਵਰਕਰ ਆਹਮੋ-ਸਾਹਮਣੇ ਆ ਗਏ ਅਤੇ ਗੱਲਬਾਤ ਧੱਕਾਮੁੱਕੀ ਤੇ ਹੱਥੋਪਾਈ ਵਿੱਚ ਬਦਲ ਗਈ। ਇਸ ਹੰਗਾਮੇ ਦੌਰਾਨ ਵਿਜੇ ਸਾਂਪਲਾ ਵੀ ਲਪੇਟ ਵਿੱਚ ਆ ਗਏ, ਜਿਸ ਨਾਲ ਉਨ੍ਹਾਂ ਦੇ ਨੱਕ ਅਤੇ ਸਰੀਰ 'ਤੇ ਸੱਟਾਂ ਲੱਗੀਆਂ।
ਕੁਝ ਸ਼ਰਾਰਤੀ ਅਨਸਰਾਂ ਅਤੇ AAP ਸਰਕਾਰ ਵੱਲੋਂ ਭੇਜੇ ਬੰਦਿਆਂ ਨੇ ਮਾਹੌਲ ਖ਼ਰਾਬ ਕੀਤਾ- ਵਿਜੇ ਸਾਂਪਲਾ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਉਹ ਬਾਬਾ ਸਾਹਿਬ ਦੇ ਬੁੱਤ ਦੀ ਹੋਈ ਬੇਅਦਬੀ ਖ਼ਿਲਾਫ਼ ਸ਼ਾਂਤੀਪੂਰਵਕ ਇਨਸਾਫ਼ ਦੀ ਮੰਗ ਲਈ ਧਰਨੇ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਅਤੇ AAP ਸਰਕਾਰ ਵੱਲੋਂ ਭੇਜੇ ਬੰਦਿਆਂ ਨੇ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਉਹ ਸਵਾਲਾਂ ਦਾ ਜਵਾਬ ਦੇਣ ਲਈ ਮਾਈਕ ਫੜਨ ਲੱਗੇ ਤਾਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਉਨ੍ਹਾਂ ਦੇ ਹੱਥੋਂ ਮਾਈਕ ਖੋਹ ਲਿਆ ਗਿਆ। ਸਾਂਪਲਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਵੀ ਇਸ ਘਟਨਾ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੂਜੇ ਪਾਸੇ, ਬਸਪਾ ਦੇ ਆਗੂ ਅਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮਾਹੌਲ ਬਿਲਕੁਲ ਠੀਕ ਸੀ ਪਰ ਵਿਜੇ ਸਾਂਪਲਾ ਨੇ ਜ਼ਬਰਦਸਤੀ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਵਿਵਾਦ ਵਧਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਧਰਨੇ ਦਾ ਧਿਆਨ ਮੁੱਖ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਘਟਨਾ ਦੀ ਖ਼ਬਰ ਮਿਲਦੇ ਹੀ ਭਾਰੀ ਪੁਲਿਸ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ। ਡੀ.ਐੱਸ.ਪੀ. ਅਤੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਤਣਾਅ ਨੂੰ ਦੇਖਦਿਆਂ ਭਾਰੀ ਨਾਕਾਬੰਦੀ ਅਤੇ ਪੁਲਿਸ ਤੈਨਾਤੀ ਕਰ ਦਿੱਤੀ ਗਈ ਹੈ। ਦੋਵੇਂ ਧਿਰਾਂ ਆਪਣੀ-ਆਪਣੀ ਥਾਂ 'ਤੇ ਡਟੀਆਂ ਹੋਈਆਂ ਹਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-