ਹਾਹਾ ਹਮਿਲਟਨ ਅਤੇ ਸੱਸਾ ਸਮਾਪਤੀ
ਨਿਊਜ਼ੀਲੈਂਡ ’ਚ ਰਾਸ਼ਟਰ ਪੱਧਰ ’ਤੇ ਪੰਜਾਬੀ ਮਾਂ ਬੋਲੀ ਦਾ ਛੱਟਾ ਦੇ ਗਿਆ ‘ਛੇਵਾਂ ਪੰਜਾਬੀ ਭਾਸ਼ਾ ਹਫ਼ਤਾ’
-ਅਗਲੇ ਸਾਲ 02 ਨਵੰਬਰ ਤੋਂ 08 ਨਵੰਬਰ ਤੱਕ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾਵੇਗਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਨਵੰਬਰ 2025-ਨਿਊਜ਼ੀਲੈਂਡ ਦੇ ਵਿਚ 02 ਨਵੰਬਰ ਤੋਂ 09 ਨਵੰਬਰ ਤੱਕ ‘ਛੇਵੇਂ ਪੰਜਾਬੀ ਭਾਸ਼ਾ ਹਫ਼ਤੇ’ ਦੇ ਜੋ ਜਸ਼ਨ ਵਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਹੇਸਟਿੰਗਜ਼ ਤੋਂ ਸ਼ੁਰੂ ਹੋਏ ਸਨ ਅੱਜ ਹਮਿਲਟਨ ਵਿਖੇ ਹੋਏ ਇਕ ਵੱਡੇ ਸਮਾਗਮ ਦੇ ਵਿਚ ਸਮਾਪਤ ਹੋ ਗਏ। ਵਾਇਕਾਟੋ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਟ੍ਰਸਟ ਦਾ ਇਹ ਉਦਮ ਬੱਚਿਆਂ ਨੂੰ ਗੁਰਬਾਣੀ, ਪੰਜਾਬੀ ਅੱਖਰਾਂ, ਪੰਜਾਬੀ ਦੀ ਸ਼ਬਦਾਵਲੀ ਅਤੇ ਸਭਿਆਚਾਰਕ ਸੰਗੀਤ ਦੇ ਨਾਲ ਜੋੜ ਗਿਆ। ਪ੍ਰਧਾਨ ਸ. ਜਰੈਨਲ ਸਿੰਘ ਰਾਹੋਂ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ ਜਿਸ ਨੇ ਇਸ ਵਾਰ ਇਕ ਵੱਡੇ ਮਲਟੀਪਲ ਸਕਰੀਨਾਂ ਵਾਲੇ ਈਵੈਂਟ ਹਾਲ ਨੂੰ ਸੁਣਿਆ, ਸਿਰੇ ਦਾ ਸਾਊਂਡ ਸਿਸਟਮ ਅਤੇ 4 ਸਾਲ ਦੇ ਬੱਚੇ ਤੋਂ ਲੈ ਕੇ ਵੱਡੀਆਂ ਬੀਬੀਆਂ ਤੱਕ ਨੇ ਇਸ ਸਟੇਜ ਦੇ ਉਤੇ ਕਲਾਕਾਰੀ ਪੇਸ਼ ਕੀਤੀ। ਮੁੱਖ ਮਹਿਮਾਨ ਪਰਮਜੀਤ ਸਿੰਘ ਪਰੀਹਾਰ ਹੋਰਾਂ ਨੇ ਰੀਬਨ ਕੱਟ ਦੇ ਇਨ੍ਹਾਂ ਜਸ਼ਨਾਂ ਦਾ ਉਦਘਾਟਨ ਕੀਤਾ। ਬੱਚਿਆਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੇ ਬੱਚਿਆਂ ਲਈ 1000 ਡਾਲਰ ਖਾਣ-ਪੀਣ ਵਾਸਤੇ ਦਿੱਤੇ।
ਸਟੇਜ ਸੰਚਾਲਨ ਹਰਜੀਤ ਕੌਰ, ਪਰਮਬੀਰ, ਕਰਮਜੀਤ, ਅਮਨ ਹੋਰਾਂ ਨੇ ਬਾਖੂਬੀ ਨਿਭਾਈ। ਬਹੁਕੌਮੀ ਮੁਲਕ ਦਾ ਸੰਦੇਸ਼ ਦੇਣ ਦੇ ਲਈ ਕੌਂਸਿਲ ਤੋਂ ਏਮਾ ਪਾਈਕ ਜੈਨੀ ਨੰਦ, ਜੋਵੀ, ਲਿੰਡਾ ਜੀ ਅਤੇ ਸਿਆਸਤਦਾਨ ਐਸ਼ ਪਰਮਾਰ ਪਹੁੰਚੇ ਸਨ। ਛੋਟੇ ਬੱਚਿਆਂ ਅਨਾਇਤ ਅਤੇ ਟੀਮ, ਗੁਰਸੀਰਤ, ਫਤੇਹ ਸਿੰਘ, ੳ ਅ ਕੋਰੀਓਗ੍ਰਾਫੀ ਅਮਨਦੀਪ ਅਤੇ ਮਨਦੀਪ, ਜਸਨੈਨਾ ਅਤੇ ਵਰੁਣ, ਨੈਣਾ, ਜਸਲੀਨ ਬੋਪਾਰਾਏ, ਅਰਜਨ ਸਿੰਘ, ਸਿਮਰਤ ਕੌਰ, ਸੀਰਤ ਕੌਰ, ਜੁਝਾਰ ਸਿੰਘ, ਹਰਦੀਪ ਸਿੰਘ, ਸੀਰਤ ਅਤੇ ਅਜਮ, ਗੁਰਸ਼ੋਬਤ ਸਿੰਘ, ਸੁਖਪ੍ਰੀਤ, ਗੁਰਨਾਜ ਕੌਰ, ਗੁਰਪ੍ਰੀਤ ਸਿੰਘ ਅਨੰਤ ਕੌਰ, ਮਨਵੀਰ ਸਿੰਘ, ਹਰਜੀਤ ਅਤੇ ਰੀਹਾ ਦਾ ਗਿੱਧਾ ਗਰੁੱਪ, ਹਰਲਿਵ ਕੌਰ, ਹਰਮਨ ਕੌਰ ਚੀਮਾ, ਜਸਪ੍ਰੀਤ, ਪਰਮਬੀਰ ਗਿੱਲ, ਮਨਮੀਤ, ਸਮਾਇਰਾ ਅਤੇ ਰਾਸ਼ਟਰੀ ਗੀਤ ਵੀ ਛੋਟੇ ਬੱਚਿਆਂ ਨੇ ਗਾਇਆ। ਇਸ ਮੌਕੇ ਆਏ ਸਾਰੇ ਮਹਿਮਾਨਾਂ ਨੇ ਪੰਜਾਬੀ ਭਾਸ਼ਾ ਹਫਤੇ ਦੀ ਵਧਾਈ ਦਿੱਤੀ।
ਔਕਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ, ਰੇਡੀਓ ਸਪਾਈਸ ਦੇ ਕੜਕ ਪੇਸ਼ਕਾਰ ਐਨ. ਵੀ. ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ ਵਜੀਦਪੁਰੀ ਅਤੇ ਹੇਸਟਿੰਗਜ਼ ਤੋਂ ਸ੍ਰੀ ਮਨਜੀਤ ਸੰਧੂ ਹੋਰੀਂ ਵਿਸ਼ੇਸ਼ ਤੌਰ ਉਤੇ ਪਹੁੰਚੇ ਸਨ। ਸਾਰਿਆਂ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਉਤਸ਼ਾਹ ਬਣਾਈ ਰੱਖਣ ਲਈ ਕਿਹਾ। ਸਾਰੇ ਬੱਚਿਆਂ ਨੂੰ ਸੁੰਦਰ ਇਨਾਮ ਵੱਡੇ ਗਏ। ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪੰਜਾਬੀ ਪੈਂਤੀ ਵਾਲੇ ਸ਼ਾਲ ਦਿੱਤੇ ਗਏ। ਸ. ਜਰਨੈਲ ਸਿੰਘ ਹੋਰਾਂ ਨੇ ਆਏ ਸਾਰੇ ਮਹਿਮਾਨਾਂ, ਦਰਸ਼ਕਾਂ, ਬੱਚਿਆਂ, ਸਪਾਂਸਰਜ਼ ਅਤੇ ਆਪਣੀ ਉਤਸ਼ਾਹ ਭਰੀ ਟੀਮ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਆਪਣਾ ਫਰਜ਼ ਇਸੇ ਤਰ੍ਹਾਂ ਪੂਰਾ ਕਰਦੇ ਰਹਿਣਗੇ।