ਮਹਾਰਾਸ਼ਟਰ ਦੇ ਅਮਰਾਵਤੀ ਹਸਪਤਾਲ 'ਚ ਅੱਗ ਲੱਗਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ, 36 ਨੂੰ ਸੁਰੱਖਿਅਤ ਬਚਾਇਆ
ਬਾਬੂਸ਼ਾਹੀ ਬਿਊਰੋ
ਅਮਰਾਵਤੀ 24 ਅਗਸਤ, 2026
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ ਅੱਜ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਵਜਾਤ ਬੱਚਿਆਂ ਦੇ ਵਾਰਡ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਤੜਕੇ ਕਰੀਬ 3:30 ਵਜੇ ਵੈਂਟੀਲੇਟਰ ਵਿੱਚ ਹੋਏ ਇੱਕ ਅਚਾਨਕ ਧਮਾਕੇ ਤੋਂ ਬਾਅਦ ਵਾਪਰੀ, ਜਿਸ ਨਾਲ ਪੂਰੇ ਵਾਰਡ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਦੇ ਸਮੇਂ ਵਾਰਡ ਵਿੱਚ 39 ਬੱਚੇ ਦਾਖਲ ਸਨ, ਜਿਨ੍ਹਾਂ ਵਿੱਚੋਂ 36 ਨੂੰ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਤਤਪਰਤਾ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ 6 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਹਸਪਤਾਲ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਇਸ ਦੁਖਾਂਤ ਤੋਂ ਬਾਅਦ ਮਾਸੂਮ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਦੇ ਬਾਲ ਵਾਰਡ ਵਿੱਚ ਵੀ ਵਾਰਮਰ ਮਸ਼ੀਨ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ, ਜਿਸ ਵਿੱਚ ਇੱਕ ਬੱਚੇ ਦੀ ਜਾਨ ਚਲੀ ਗਈ ਸੀ। ਅਮਰਾਵਤੀ ਹਸਪਤਾਲ ਪ੍ਰਸ਼ਾਸਨ ਵੱਲੋਂ ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-