ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ-ਸਾਲ ਭਰ ਦੀ ਦਵਾਈ ਇੱਕੋ ਵਾਰ
1 ਫਰਵਰੀ ਤੋਂ, ਨਿਊਜ਼ੀਲੈਂਡ ਵਾਸੀ ਆਪਣੀਆਂ ਦਵਾਈਆਂ ਲਈ 12 ਮਹੀਨਿਆਂ ਦੀ ਪਰਚੀ ਪ੍ਰਾਪਤ ਕਰ ਸਕਣਗੇ
-ਵਾਰ-ਵਾਰ ਦਵਾਈ ਲਿਖਾਉਣ ਦਾ ਝੰਜਟ ਹੋਵੇਗਾ ਖਤਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 18 ਜਨਵਰੀ 2026:-ਨਿਊਜ਼ੀਲੈਂਡ ਸਰਕਾਰ ਵੱਲੋਂ ਲੰਬੀ ਚੱਲਣ ਵਾਲੀ ਬਿਮਾਰੀ ਜਾਂ ਇਲਾਜ ਦੇ ਲਈ ਲੋੜੀਂਦੀਆਂ ਦਵਾਈਆਂ ਨੂੰ ਵਾਰ-ਵਾਰ ਤਿੰਨ ਜਾਂ ਛੇ ਮਹੀਨਿਆਂ ਬਾਅਦ ਲਿਖਾਉਣ ਵਾਲਾ ਝੰਜਟ ਪਹਿਲੀ ਫਰਵਰੀ ਤੋਂ ਖਤਮ ਕੀਤਾ ਜਾ ਰਿਹਾ ਹੈ। ਹੁਣ 1 ਫਰਵਰੀ 2026 ਤੋਂ, ਨਿਊਜ਼ੀਲੈਂਡ ਵਾਸੀ ਆਪਣੀਆਂ ਦਵਾਈਆਂ ਲਈ 12 ਮਹੀਨਿਆਂ ਦੀ ਪਰਚੀ (Prescription) ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਸਲਾਨਾ 105 ਡਾਲਰ ਤੱਕ ਦੀ ਬੱਚਤ ਵੀ ਹੋ ਸਕੇਗੀ ਅਤੇ ਸਮਾਂ ਵੀ ਬਚੇਗਾ। ਇਸਦੇ ਨਾਲ ਹੀ ਫਾਰਮਾਸਿਸਟਾਂ ਨੂੰ ਵਿਸ਼ੇਸ਼ ਅਧਿਕਾਰ ਵੀ ਦਿੱਤੇ ਜਾ ਰਹੇ ਹਨ। ਫਾਰਮਾਸਿਸਟ ਦਵਾਈ ਲਿਖਣ ਦੇ ਸਮਰੱਥ ਹੋਣਗੇ।
ਬਜਟ 2025 ਵਿੱਚ ਐਲਾਨੀ ਗਈ ਇਸ ਯੋਜਨਾ ਤਹਿਤ, ਦਮਾ, ਸ਼ੂਗਰ (4iabetes), ਮਿਰਗੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੁਣ ਹਰ ਕੁਝ ਮਹੀਨਿਆਂ ਬਾਅਦ ਨਵੀਂ ਪਰਚੀ ਲਈ ਡਾਕਟਰ ਕੋਲ ਨਹੀਂ ਜਾਣਾ ਪਵੇਗਾ। ਇੱਕੋ ਪਰਚੀ ’ਤੇ ਸਾਲ ਭਰ ਦੇ ਰੀਪੀਟ (Repeats) ਮਿਲਣਗੇ।
ਫਾਰਮਾਸਿਸਟਾਂ ਲਈ ਨਵੇਂ ਨਿਯਮ: ਸਰਕਾਰ ‘ਮੈਡੀਸਨਜ਼ ਅਮੈਂਡਮੈਂਟ ਬਿੱਲ’ ਰਾਹੀਂ ਮਾਲਕੀ ਦੀਆਂ ਪਾਬੰਦੀਆਂ ਹਟਾ ਰਹੀ ਹੈ। ਹੁਣ ਫਾਰਮਾਸਿਸਟ ਖੁਦ ਦਵਾਈਆਂ ਲਿਖਣ ਵਾਲੇ (Prescribers) ਬਣ ਸਕਣਗੇ ਅਤੇ ਨਾਲ ਹੀ ਆਪਣੀ ਫਾਰਮੇਸੀ ਦੇ ਮਾਲਕ ਵੀ ਰਹਿ ਸਕਣਗੇ।
ਸਿਸਟਮ ’ਤੇ ਦਬਾਅ ਘਟੇਗਾ: ਇਸ ਨਾਲ ਡਾਕਟਰਾਂ ਦਾ ਸਮਾਂ ਬਚੇਗਾ, ਜਿਸ ਨਾਲ ਉਹ ਗੰਭੀਰ ਮਰੀਜ਼ਾਂ ਵੱਲ ਵੱਧ ਧਿਆਨ ਦੇ ਸਕਣਗੇ। ਮੰਤਰੀ ਡੇਵਿਡ ਸੀਮੋਰ ਨੇ ਕਿਹਾ ਕਿ ਇਹ ਕਦਮ ਫਾਲਤੂ ਦੀ ਕਾਗਜ਼ੀ ਕਾਰਵਾਈ (Red tape) ਨੂੰ ਖਤਮ ਕਰਨ ਅਤੇ ਸਿਹਤ ਸੇਵਾਵਾਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਚੁੱਕਿਆ ਗਿਆ ਹੈ।
ਮੌਜੂਦਾ ਸਿਸਟਮ ਵਿਚ ਪਰਚੀ ਦੀ ਮਿਆਦ ਆਮ ਤੌਰ ’ਤੇ 3 ਜਾਂ 6 ਮਹੀਨੇ ਹੁੰਦੀ ਹੈ। ਪਰਚੀ ਲੈਣ ਲਈ ਵਾਰ-ਵਾਰ ਫੀਸ ਦੇਣੀ ਪੈਂਦੀ ਹੈ। ਸਾਲ ਵਿੱਚ ਕਈ ਫੇਰੀਆਂ ਲਗਦੀਆਂ ਹਨ। ਫਾਰਮਾਸਿਸਟ ਤੇ ਫਾਰਮੇਸੀ ਮਾਲਕਾਂ ਲਈ ‘ਪ੍ਰਿਸਕ੍ਰਾਈਬਰ’ ਬਣਨ ’ਤੇ ਪਾਬੰਦੀਆਂ ਹਨ।