ਸਿਹਤ ਕਰਮਚਾਰੀਆਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈਕੇ ਜਾਰੀ ਹੜਤਾਲ ਦੌਰਾਨ ਪੁਤਲਾ ਫੂਕ ਮੁਜ਼ਾਹਰਾ
ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਲਈ ਸਰਕਾਰ ਤੇ ਸਿਹਤ ਵਿਭਾਗ ਨੂੰ ਦੱਸਿਆ ਜ਼ਿੰਮੇਵਾਰ
ਅਸ਼ੋਕ ਵਰਮਾ
ਬਠਿੰਡਾ,23 ਅਕਤੂਬਰ 2026:ਸਿਵਲ ਹਸਪਤਾਲ ਬਠਿੰਡਾ ਸਮੇਤ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ 'ਚ ਆਊਟਸੋਰਸ ਤਹਿਤ ਕੰਮ ਕਰਦੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਸਭਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਅਸੂਲ ਲਾਗੂ ਕਰਨ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਨੂੰ ਜ਼ਾਰੀ ਰੱਖਦਿਆਂ ਅੱਜ਼ ਸਿਵਲ ਸਰਜਨ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਤੱਕ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਤੇ PHSC ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ।ਅੱਜ਼ ਦੇ ਪ੍ਰਦਰਸ਼ਨ ਨੂੰ ਜਤਿੰਦਰ ਸਿੰਘ ,ਸ੍ਰੀ ਮਤੀ ਹੇਮ ਲਤਾ,ਜਗਮੀਤ ਸਿੰਘ, ਲਵਪ੍ਰੀਤ ਖਾਨ ਤੇ ਨੀਤੂ ਰਾਣੀ, ਗਗਨਦੀਪ ਸਿੰਘ ਭੁੱਲਰ ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਉਹ ਆਪਣੀ ਜਾਨ ਜੋਖ਼ਮ 'ਚ ਪਾ ਕੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ , ਪਰਚੀਆਂ ਕੱਟਣ ਅਤੇ ਸਫ਼ਾਈ ਵਰਗੀਆਂ ਅਨੇਕ ਕਿਸਮ ਦੀਆਂ ਜ਼ਰੂਰੀ ਸੇਵਾਵਾਂ ਨਿਗੂਣੀਆਂ ਤਨਖਾਹਾਂ 'ਤੇ ਨਿਭਾਉਂਦੇ ਆ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਸਭਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਵਾਅਦਿਆਂ ਨਾਲ ਸਤਾ 'ਚ ਆਈ ਭਗਵੰਤ ਮਾਨ ਸਰਕਾਰ ਵੱਲੋਂ ਪੌਣੇ ਪੰਜ ਬੀਤਣ ਤੋਂ ਬਾਅਦ ਵੀ ਸਿਹਤ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਦੋਸ਼ ਲਾਇਆ ਆਪ ਸਰਕਾਰ ਸਿਹਤ ਵਿਭਾਗ ਚ ਜ਼ਰੂਰੀ ਤੇ ਸੰਵੇਦਨਸ਼ੀਲ ਸੇਵਾਵਾਂ ਨਿਭਾ ਰਹੇ ਇਹਨਾਂ ਮੁਲਾਜ਼ਮਾਂ ਨੂੰ ਆਪਣੇ ਮੁਲਾਜ਼ਮ ਮੰਨਣ ਦੀ ਥਾਂ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਹੀ ਦੱਸ ਰਹੀ ਹੈ। ਉਹਨਾਂ ਆਖਿਆ ਕਿ ਕੰਪਨੀਆਂ ਵੱਲੋਂ ਉਹਨਾਂ ਨੂੰ ਤਹਿਸ਼ੁਦਾ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾਂਦੀ ਹੈ ਸਗੋਂ ਠੇਕੇਦਾਰਾਂ ਵੱਲੋਂ ਇਸ ਨਿਗੂਣੀ ਤਨਖਾਹ ਦੇ ਵਿੱਚੋਂ ਵੀ ਕਟੌਤੀ ਕਰ ਲਈ ਜਾਂਦੀ ਹੈ ਅਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਗੱਲ ਗੱਲ ਤੇ ਕੰਮ ਤੋਂ ਕਢਵਾ ਦੇਣ ਦੀਆਂ ਧਮਕੀਆਂ ਦੇ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਆਖਿਆ ਕਿ ਬੀਤੇ ਸਮੇਂ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ 'ਚ ਲਿਆਉਣ ਸਬੰਧੀ ਜਾਰੀ ਕੀਤੇ ਸਰਕੂਲਰ "ਦੀ ਪੰਜਾਬ ਸਟੇਟ ਆਊਟਸੋਰਸਡ ਪ੍ਰਸੋਨਲ (ਟਰਾਜੀਸਨ ਟੂ ਕੰਟਰੈਕਚੂਲ ਇੰਗਮੇਂਟ ) ਐਕਟ 2026 " ਦੇ ਵਿੱਚ ਵੀ ਸਿਹਤ ਵਿਭਾਗ ਚ ਆਊਟਸੋਰਸ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਕਵਰ ਨਹੀਂ ਕੀਤਾ ਗਿਆ ।
ਉਹਨਾਂ ਹੜਤਾਲ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਲੋਕਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਸ ਨੂੰ ਸਰਕਾਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਸੇਧਤ ਕਰਨ ਅਤੇ ਹੱਕੀ ਸੰਘਰਸ਼ ਲੜ ਰਹੇ ਸਿਹਤ ਕਰਮਚਾਰੀਆਂ ਦਾ ਸਾਥ ਦੇਣ।ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਹਨੀ, ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀਵਾਵਾਲਾ ਤੇ ਥਰਮਲ ਮੁਲਾਜ਼ਮਾਂ ਦੇ ਆਗੂ ਸੰਪੂਰਨ ਸਿੰਘ ਨੇ ਵੀ ਸੰਬੋਧਨ ਕੀਤਾ।
- Download Babushahi App
-
-