ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਧੀਆਂ ਦੀ ਲੋਹੜੀ ਦਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ।
ਮਨਪ੍ਰੀਤ ਸਿੰਘ
ਰੂਪਨਗਰ, 13 ਜਨਵਰੀ:
ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ “ਧੀਆਂ ਦੀ ਲੋਹੜੀ” ਦਾ ਪਵਿੱਤਰ ਤੇ ਪ੍ਰੇਰਨਾਦਾਇਕ ਸਮਾਗਮ ਬੜੀ ਉਤਸ਼ਾਹ ਭਾਵਨਾ ਨਾਲ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦਾ ਮਕਸਦ ਸਮਾਜ ਵਿੱਚ ਧੀਆਂ ਦੀ ਮਹੱਤਤਾ ਨੂੰ ਉਜਾਗਰ ਕਰਨਾ, ਲਿੰਗ ਅਨੁਪਾਤ ਸੰਤੁਲਨ ਲਈ ਜਾਗਰੂਕਤਾ ਫੈਲਾਉਣਾ ਅਤੇ ਧੀ-ਪੁੱਤਰ ਦੀ ਸਮਾਨਤਾ ਦਾ ਸੁਨੇਹਾ ਦੇਣਾ ਸੀ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਸ਼ਾਮਿਲ ਹੋਏ, ਜਦਕਿ ਪਰਬਤ ਆਰੋਹੀ ਸਾਨਵੀ ਸੂਦ ਨੇ ਖਾਸ ਮਹਿਮਾਨ ਵਜੋਂ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ।
ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਸਿਰਫ਼ ਪਰਿਵਾਰ ਦੀ ਸ਼ਾਨ ਹੀ ਨਹੀਂ ਸਗੋਂ ਸਮਾਜ ਅਤੇ ਦੇਸ਼ ਦੀ ਤਰੱਕੀ ਦਾ ਮਜ਼ਬੂਤ ਆਧਾਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਮਕਸਦ ਵੀ ਧੀਆਂ ਨੂੰ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਮਾਨ ਮੌਕੇ ਪ੍ਰਦਾਨ ਕਰਨਾ ਹੈ।
ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਧੀ-ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਜੜੋਂ ਮੁਕਾਉਣ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਸਾਨਵੀ ਸੂਦ ਦੀ ਤਰੀਫ ਕਰਦਿਆਂ ਕਿਹਾ ਕਿ ਸਾਨਵੀ ਨੇ ਆਪਣੀ ਕਾਬਲੀਅਤ ਨਾਲ ਸ਼ਹਿਰ, ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਵਿਧਾਇਕ ਚੱਢਾ ਨੇ ਨੌਜਵਾਨ ਧੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸੁਪਨੇ ਦੇਖੋ, ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਅਤੇ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਉਨ੍ਹਾਂ ਦੀ ਪ੍ਰੇਰਕ ਗੱਲਾਂ ਨੇ ਸਮਾਗਮ ਵਿੱਚ ਮੌਜੂਦ ਹਰ ਵਿਅਕਤੀ ਨੂੰ ਉਤਸ਼ਾਹਿਤ ਕੀਤਾ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਰੋਟਰੀ ਕਲੱਬ ਸੈਂਟਰਲ ਰੂਪਨਗਰ, ਖਾਲਸਾ ਏਡ ਰੂਪਨਗਰ ਅਤੇ ਮੇਰਾ ਯੁਵਾ ਭਾਰਤ ਐਨਜੀਓ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸਮਾਗਮ ਦੌਰਾਨ ਮੇਰਾ ਯੁਵਾ ਭਾਰਤ ਕੇਂਦਰ ਵੱਲੋਂ ਨਸ਼ਿਆਂ ਪ੍ਰਤੀ ਜਾਗਰੂਕਤਾ ਹਿੱਤ ਅਤੇ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਹਿਤ ਖੂਬਸੂਰਤ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਦੇ ਨਾਲ ਹੀ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਬੱਚਿਆਂ ਅਤੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਨਾ ਵੱਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਰੀ ਦਿੱਤੀ ਗਈ।
ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਧੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਆਪਣੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਕਾਰਜਾਂ ਵਿੱਚ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਸਮਾਗਮ ਦੌਰਾਨ ਲੋਹੜੀ ਦੇ ਪਰੰਪਰਾਗਤ ਰਸਮਾਂ ਅਨੁਸਾਰ ਅੱਗ ਬਾਲ ਕੇ ਤਿਲ, ਮੂੰਗਫਲੀ, ਰੇਵੜੀ ਅਤੇ ਗੱਜਕ ਵੰਡੇ ਗਏ ਅਤੇ ਸਾਰਿਆਂ ਨੇ ਮਿਲ ਕੇ ਧੀਆਂ ਦੀ ਖੁਸ਼ਹਾਲੀ ਅਤੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ।
ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਕਿਹਾ ਕਿ “ਧੀਆਂ ਦੀ ਲੋਹੜੀ” ਮਨਾਉਣ ਦਾ ਮੂਲ ਉਦੇਸ਼ ਸਿਰਫ਼ ਇੱਕ ਤਿਉਹਾਰ ਮਨਾਉਣਾ ਨਹੀਂ ਸਗੋਂ ਸਮਾਜ ਵਿੱਚ ਸੋਚ ਬਦਲਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਹਰ ਪਰਿਵਾਰ ਵਿੱਚ ਧੀ ਨੂੰ ਪੁੱਤਰ ਦੇ ਬਰਾਬਰ ਮਾਣ-ਸਨਮਾਨ ਨਹੀਂ ਮਿਲੇਗਾ, ਤਦ ਤੱਕ ਅਸਲੀ ਸਮਾਜਿਕ ਤਰੱਕੀ ਸੰਭਵ ਨਹੀਂ। ਉਨ੍ਹਾਂ ਨੇ ਸਮੂਹ ਐਨਜੀਓਜ਼, ਸਹਿਯੋਗੀ ਸੰਸਥਾਵਾਂ ਅਤੇ ਸਮਾਗਮ ਵਿੱਚ ਸ਼ਾਮਿਲ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਦੌਰਾਨ ਮੁੱਖ ਮਹਿਮਾਨ ਅਤੇ ਸਿਵਲ ਸਰਜਨ ਰੂਪਨਗਰ ਵੱਲੋਂ ਸਮੂਹ ਐਨਜੀਓਜ ਅਤੇ ਸਾਨਵੀ ਸੂਦ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਜ਼ਿਲ੍ਹਾ ਸਿਹਤ ਅਫਸਰ ਡਾ. ਵਰਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਗਾਇਨਕਾਲੋਜਿਸਟ ਡਾ. ਨੀਰਜ, ਡੀਪੀਐਮ ਡੋਲੀ ਸਿੰਗਲਾ, ਡਾ. ਹਰਲੀਨ ਕੌਰ, ਖਾਲਸਾ ਏਡ ਰੂਪਨਗਰ ਤੋਂ ਅਜਮੇਰ ਸਿੰਘ, ਰੋਟਰੀ ਕਲੱਬ ਸੈਂਟਰਲ ਰੂਪਨਗਰ ਦੇ ਪ੍ਰਧਾਨ ਰੁਮਿੰਦਰ ਸਿੰਘ, ਮੇਰਾ ਯੁਵਾ ਭਾਰਤ ਤੋਂ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਤੇ ਰੀਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਲਖਬੀਰ ਸਿੰਘ, ਖੁਸ਼ਹਾਲ, ਅਜੈ ਕੁਮਾਰ, ਇੰਦਰਜੀਤ ਸਿੰਘ, ਗੁਰਮਿੰਦਰ ਸਿੰਘ, ਸਾਹਿਲ ਵਲੇਚਾ ਅਤੇ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ।