ਸਟੇਟ ਪੱਧਰੀ ਖੇਡਾਂ ‘ਚ ਕਾਹਨੂੰਵਾਨ-2 ਦੀ ਸਰਕਲ ਕਬੱਡੀ ਟੀਮ ਨੇ ਨਾਮ ਕੀਤਾ ਰੌਸ਼ਨ
ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਰੋਹਿਤ ਗੁਪਤਾ
ਗੁਰਦਾਸਪੁਰ, 13 ਨਵੰਬਰ
ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਸਟੇਟ ਪੱਧਰੀ ਖੇਡਾਂ ਵਿੱਚ ਸਰਕਲ ਕਬੱਡੀ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਲਾਕ ਕਾਹਨੂੰਵਾਨ-2 ਦੀ ਟੀਮ ਨੂੰ ਜਿੱਤ ਹਾਸਲ ਕਰਨ ‘ਤੇ ਮੁਬਾਰਕਬਾਦ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਖਿਡਾਰੀਆਂ ਦੀ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਡਾ. ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਦੇ ਹਨ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਸਟੇਟ ਪੱਧਰੀ ਖੇਡਾਂ ਵਿੱਚ ਜਿੱਤ ਦਰਜ ਕਰਕੇ ਟੀਮ ਜਦੋਂ ਸੰਗਰੂਰ ਤੋਂ ਵਾਪਸ ਗੁਰਦਾਸਪੁਰ ਪਹੁੰਚੀ ਤਾਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਪਰਮਜੀਤ ਕੌਰ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਾਹਨੂੰਵਾਨ-2 ਬਲਵਿੰਦਰ ਸਿੰਘ ਗਿੱਲ, ਮੈਡਮ ਅਨੀਤਾ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ) ਅਤੇ ਸਮੂਹ ਬੀ.ਪੀ.ਈ.ਓ. ਵੀ ਹਾਜ਼ਰ ਸਨ।