ਵੋਟ ਚੋਰੀ ਮਾਮਲਾ: ਸੜਕ ਤੋਂ ਸੰਸਦ ਤੱਕ ਸੰਘਰਸ਼ ਤਹਿਤ ਦਿੱਲੀ ਰੈਲੀ 'ਚ ਸ਼ਾਮਿਲ ਹੋਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2026: ਚੋਣ ਕਮਿਸ਼ਨ ਵੱਲੋਂ ਐਸਆਈ ਆਰ ਤਹਿਤ ਦੇਸ਼ ਵਿੱਚੋਂ ਕੱਟੀਆਂ ਜਾ ਰਹੀਆਂ ਵੋਟਾਂ ਦ ਨੂੰ ਲੈਕੇ ਕਾਂਗਰਸ ਨੇ ਇੰਡੀਆ ਗਠਜੋੜ ਤਹਿਤ ਚੋਣ ਕਮਿਸ਼ਨ ਨੂੰ ਘੇਰਨ ਅਤੇ ਮੋਦੀ ਸਰਕਾਰ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਖਿਲਾਫ ਦੇਸ਼ ਵਾਸੀਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਬਠਿੰਡਾ ਵਿਖੇ ਜਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਕੀਤੀ ਮੀਟਿੰਗ ਵੋਟ ਚੋਰੀ ਸਿਸਟਮ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਭਾਰਤ ਸਰਕਾਰ ਨੂੰ ਘੇਰਨ ਦੀ ਰਣਨੀਤੀ ਵੀ ਬਣਾਈ ਗਈ। ਅਬਜਰਬਰ ਅੰਮ੍ਰਿਤਾ ਧਵਨ ਅਤੇ ਪੰਜਾਬ ਦੇ ਸਹਾਇਕ ਇੰਚਾਰਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਰਵਿੰਦਰ ਡਾਲਵੀਆਂ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ 1 ਨਵੰਬਰ ਨੂੰ ਦਿੱਲੀ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਇੰਡੀਆ ਗਠਜੋੜ ਦੇ ਸਮੂਹ ਲੀਡਰ ਸ਼ਾਮਿਲ ਹੋਣਗੇ । ਇਸ ਮੌਕੇ ਮੈਡਮ ਅੰਮ੍ਰਿਤਾ ਧਵਨ ਨੇ ਖੁਲਾਸਾ ਕੀਤਾ ਕਿ ਜਿੱਥੇ ਐਸਆਈ ਆਰ ਤਹਿਤ ਪੂਰੇ ਦੇਸ਼ ਵਿੱਚ 13 ਕਰੋੜ 50 ਲੱਖ ਵੋਟਰਾਂ ਦੀ ਵੋਟ ਕੱਟੀ ਗਈ ਉੱਥੇ ਹੀ ਪੰਜਾਬ ਵਿੱਚ ਵੀ 13 ਲੱਖ ਤੋਂ ਵੱਧ ਵੋਟਰਾਂ ਦਾ ਅਧਿਕਾਰ ਖੋਹਿਆ ਗਿਆ ਹੈ ਜਿਸ ਲਈ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਦੀ ਨੀਤੀ ਦਾ ਚੋਣ ਕਮਿਸ਼ਨ ਵਿੱਚ ਉਸਦੇ ਦੋ ਸਾਥੀਆਂ ਨੇ ਵਿਰੋਧ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਲੋਕਾਂ ਦੇ ਅਧਿਕਾਰ ਤੇ ਡਾਕਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ ਦੇ ਅਮਲ ਨੂੰ ਰੱਦ ਕਰਵਾਉਣ ਲਈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੜਕ ਤੋਂ ਸੰਸਦ ਤੱਕ ਚੋਣ ਕਮਿਸ਼ਨ ਅਤੇ ਭਾਰਤ ਸਰਕਾਰ ਨੂੰ ਘੇਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਅੰਮ੍ਰਿਤਾ ਧਵਨ ਨੇ ਕਿਹਾ ਕਿ ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਕਿ ਪ੍ਰੰਤੂ ਕਾਂਗਰਸ ਦੇਸ਼ ਵਾਸੀਆਂ ਦੇ ਅਧਿਕਾਰ ਦੀ ਹਮੇਸ਼ਾ ਪਹਿਰੇਦਾਰ ਰਹੀ ਹੈ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਸਿਸਟਮ ਤਹਿਤ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਪ੍ਰਧਾਨ ਮੰਤਰੀ ਚੋਣ ਕਮਿਸ਼ਨ ਅਤੇ ਚੀਫ ਜਸਟਿਸ ਆਫ ਇੰਡੀਆ ਹੁੰਦੇ ਸਨ ਨੂੰ ਹਟਾ ਕੇ ਕੈਬਨਟ ਮੰਤਰੀ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਆਪਣੇ ਮਨ ਮਰਜ਼ੀ ਨਾਲ ਚੋਣ ਕਮਿਸ਼ਨ ਨੂੰ ਨਿਯੁਕਤ ਕੀਤਾ ਜਾਵੇ ਅਤੇ ਆਪਣੇ ਸਿਸਟਮ ਤਹਿਤ ਵੋਟਾਂ ਦੀ ਛਾਂਟ ਕੀਤੀ ਜਾ ਸਕੇ ਜੋ ਨਿੰਦਣ ਯੋਗ ਹੈ। ਇਸ ਮੌਕੇ ਉਹਨਾਂ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਏਆਈਸੀਸੀ ਦੇ ਸੈਕਟਰੀ ਪੰਜਾਬ ਦੇ ਕੋ ਇੰਚਾਰਜ ਰਵਿੰਦਰ ਡਾਲਵੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਨਸ਼ਿਆਂ ਅਤੇ ਗੈਂਗਸਟਰਾਂ ਦੇ ਸਹਾਰੇ ਸੂਬੇ ਨੂੰ ਬਰਬਾਦ ਕਰ ਰਹੀ ਹੈ। ਐਸਐਮਐਸ ਦੇ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਨੌਜਵਾਨ ਮਰ ਰਹੇ ਹਨ। ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ ਗੈਂਗਸਟਰਾਂ ਵੱਲੋਂ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ ਨਾ ਦੇਣ ਤੇ ਕਤਲ ਕੀਤਾ ਜਾ ਰਿਹਾ ਹੈ ਪਰੰਤੂ ਕਾਂਗਰਸ ਇਸ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਨਸ਼ਿਆਂ ਅਤੇ ਗੈਂਗਸਟਰਾਂ ਕਰਕੇ ਮਾਰੇ ਗਏ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਜਿੱਥੇ ਦੁੱਖ ਵੰਡਾਇਆ ਜਾ ਰਿਹਾ ਹੈ। ਇਸ ਮੌਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਨਸ਼ਿਆਂ ਤੇ ਗੈਂਗਸਟਰਾਂ ਦਾ ਖਾਤਮਾ ਕਰਨ ਦਾ ਵੀ ਪ੍ਰਣ ਲਿਆ ਗਿਆ ਹੈ।
ਰਵਿੰਦਰ ਡਾਲਵੀਆ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਉਹ ਕਾਂਗਰਸ ਹੈ ਜਿਸ ਦੇ ਹੱਥ ਮਜਬੂਤ ਹੋਣ ਨਾਲ ਹੀ ਪੰਜਾਬ ਤਰੱਕੀ ਦੀ ਰਾਹ ਤੇ ਤੁਰੇਗਾ ਤੇ ਨਸ਼ਿਆਂ ਤੇ ਗੈਂਗਸਟਰਾਂ ਦਾ ਖਾਤਮਾ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੜੇਗੀ। ਇਸ ਮੌਕੇ ਉਹਨਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਅਮਿਤ ਸ਼ਾਹ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਤੇ ਗੁਜਰਾਤ ਦੀ ਬੰਦਰਗਾਹ ਤੋਂ ਆਉਂਦੇ ਨਸ਼ੇ ਪੰਜਾਬ ਦੇ 50 ਕਿਲੋਮੀਟਰ ਬੀਐਸਐਫ ਦੇ ਅਧੀਨ ਹੋਣ ਦੇ ਬਾਵਜੂਦ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਵਿੱਚ ਫੇਰ ਹੋਣ ਤੇ ਜਵਾਬ ਦੇਣ ਕਿਉਂਕਿ ਡਰੋਨ ਰਾਹੀਂ ਨਸ਼ੇ ਦੀ ਸਮਗਲਿੰਗ ਵਿਰੋਧੀ ਦੇਸ਼ਾਂ ਦੀ ਵੱਡੀ ਸਾਜਿਸ਼ ਤੇ ਵੀ ਕੇਂਦਰ ਸਰਕਾਰ ਫੇਲ ਹੋਈ ਹੈ ਜਿਸ ਕਰਕੇ ਉਹ ਪੰਜਾਬ ਵਿੱਚ ਰਾਜਨੀਤੀ ਕਰਨ ਦੀ ਬਜਾਏ ਭਾਰਤ ਸਰਕਾਰ ਅਧੀਨ ਬਣਦੀ ਜਿੰਮੇਵਾਰੀ ਨੂੰ ਨਿਭਾਉਣ ਤੇ ਜਵਾਬ ਦੇਣ।
ਇਸ ਮੌਕੇ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਜਵਾਬ ਦੇਣ ਕਿ ਉਹਨਾਂ ਨੇ ਪਿਛਲੇ 12 ਸਾਲ ਤੋਂ ਕੇਂਦਰ ਸਰਕਾਰ ਅਧੀਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਕਿਹੜੇ ਕਦਮ ਉਠਾਏ ਉਸ ਗੱਲ ਦਾ ਜਵਾਬ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਤੇ ਮੀਤ ਪ੍ਰਧਾਨ ਪ੍ਰੈੱਸ ਮੀਡੀਆ ਇੰਚਾਰਜ, ਕੇਕੇ ਅਗਰਵਾਲ ਅਸ਼ੋਕ ਕੁਮਾਰ, ਪਵਨ ਮਾਨੀ ਅੰਮ੍ਰਿਤਾ ਗਿੱਲ ਕੋਐਡੀਨੇਟਰ ਰੈਲੀ ,ਸੰਦੀਪ ਬੋਬੀ, ਕਿਰਨਜੀਤ ਸਿੰਘ ਗਹਿਰੀ, ਮਾਧਵ ਸ਼ਰਮਾ, ਦਰਸ਼ਨ ਜੀਦਾ , ਬਲਵੰਤ ਰਾਏ ਨਾਥ ਅਤੇ ਹੋਰ ਕਾਂਗਰਸੀ ਆਗੂ ਹਾਜਰ ਸਨ।
- Download Babushahi App
-
-