ਵੈਟਰਨਰੀ ਡਾਕਟਰਾਂ ਨੇ ਕੀਤਾ ਡਾਇਰੈਕਟਰ ਦਫ਼ਤਰ ਦੇ ਘਿਰਾਓ ਦਾ ਐਲਾਨ
30 ਜਨਵਰੀ ਨੂੰ ਹੋਵੇਗਾ ਮੋਹਾਲੀ ਵਿਖੇ ਸਟੇਟ ਪੱਧਰੀ ਐਕਸ਼ਨ
ਸਰਕਾਰ ਨੇ ਗੱਲ ਨਾ ਮੰਨੀ ਤਾਂ ਸੰਘਰਸ ਹੋਰ ਵੀ ਹੋਵੇਗਾ ਤਿੱਖਾ : ਕਨਵੀਨਰ
ਮੋਹਾਲੀ 18 ਜਨਵਰੀ 2026 :
ਪੰਜਾਬ ਦੇ ਵੈਟਨਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਤੋਂ ਤੰਗ ਆ ਕੇ ਮਿਤੀ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਐਸ.ਏ.ਐਸ. ਨਗਰ ਵਿਖੇ ਸਟੇਟ ਪੱਧਰੀ ਧਰਨਾ ਲਗਾਉਣ ਅਤੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ ।
ਇਸ ਦਿਨ ਪੰਜਾਬ ਦੇ ਸਾਰੇ ਵੈਟਨਰੀ ਡਾਕਟਰ ਸਦਰ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਸੂਬਾ ਪੱਧਰੀ ਧਰਨਾ ਲਗਾ ਕੇ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਹ ਫੈਸਲਾ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੀ ਸੂਬਾ ਕਮੇਟੀ ਵੱਲੋਂ ਜ਼ਿਲ੍ਹਾ ਕੋਆਡੀਨੇਟਰਾਂ ਨਾਲ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਜਿਵੇਂ 42 ਸਾਲ ਤੱਕ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ , ਡੀ.ਏ.ਸੀ.ਪੀ. (ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਦੀ ਬਹਾਲੀ , ਐਚ.ਆਰ.ਏ. ਆਨ ਐਨ.ਪੀ.ਏ. ਮੁੜ ਲਾਗੂ ਕਰਵਾਉਣਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹਨ ਪਰ ਮੌਜੂਦਾ ਸਰਕਾਰ ਵੱਲੋਂ ਉਹਨਾਂ ਨੂੰ ਅੱਜ ਤੱਕ ਝੂਠੇ ਲਾਰਿਆਂ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਦਿੱਤਾ ਗਿਆ ।
ਉਪਰੋਕਤ ਮੀਟਿੰਗ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਕਨਵੀਨਰ, ਡਾ. ਗੁਰਚਰਨ ਸਿੰਘ ਨੇ ਮੌਜੂਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਘਰਸ਼ ਦੇ ਪਿਛਲੇ ਪੜਾਅ ਵਿੱਚ ਪੰਜਾਬ ਦੇ ਸਮੂਹ ਵੈਟਨਰੀ ਡਾਕਟਰਾਂ ਨੇ ਮਿਤੀ 23 ਅਤੇ 24 ਦਸੰਬਰ 2025 ਨੂੰ ਦੋ ਦਿਨ ਆਪਣੇ ਜ਼ਿਲ੍ਹਿਆਂ ਦੇ ਪੌਲੀਕਲੀਨਿਕਾਂ ਵਿਖੇ ਧਰਨੇ ਲਗਾ ਕੇ ਇਹ ਦੋ ਦਿਨ ਵਿਭਾਗ ਦੇ ਹਰ ਕੰਮ ਦਾ ਮੁਕੰਮਲ ਸ਼ੱਟ-ਡਾਊਨ ਕਰ ਕੇ ਸਰਕਾਰ ਦੇ ਰਵੱਈਏ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਸੀ ਅਤੇ ਪਿਛਲੀ ਸਰਕਾਰ ਵੱਲੋਂ ਗਲਤ ਢੰਗ ਅਪਣਾ ਕੇ ਜਾਰੀ ਕੀਤੇ ਗਏ ਪੱਤਰ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇ ਸਰਕਾਰ ਵੱਲੋਂ ਉੱਨ੍ਹਾਂ ਦੀਆਂ ਮੰਗਾਂ ਪ੍ਰਤੀ ਮਿਤੀ 10 ਜਨਵਰੀ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਚੱਲਦੇ ਸੰਘਰਸ਼ ਨੂੰ ਮਜਬੂਰਨ ਹੋਰ ਤਿੱਖਾ ਕੀਤਾ ਜਾਵੇਗਾ। ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਵੀ ਅੱਜ ਤੱਕ ਸਰਕਾਰ ਵੱਲੋਂ ਵੈਟਨਰੀ ਡਾਕਟਰਾਂ ਦੀਆਂ ਮੰਗਾਂ ਸਬੰਧੀ ਚੁੱਪੀ ਨਹੀਂ ਤੋੜੀ ਗਈ। ਇਸ ਲਈ ਮਿਤੀ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਦੇ ਦਫਤਰ ਦਾ ਸੂਬਾ ਪੱਧਰੀ ਧਰਨਾ ਲਗਾਕੇ ਘਿਰਾਓ ਕਰਨ ਅਤੇ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਡਾਕਟਰ ਅਬਦੁਲ ਮਜ਼ੀਦ ਕੋ-ਕਨਵੀਨਰ ਨੇ ਦੱਸਿਆ ਕਿ ਇਸ ਧਰਨੇ ਵਿੱਚ ਪੰਜਾਬ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੈਟਨਰੀ ਡਾਕਟਰਾਂ ਤੋਂ ਬਿਨ੍ਹਾਂ ਵਿਭਾਗ ਦੇ ਸੀਨੀਅਰ ਵੈਟਨਰੀ ਅਫਸਰ, ਡਿਪਟੀ ਡਾਇਰੈਕਟਰ, ਜੁਆਇੰਟ ਡਾਇਰੈਕਟਰ ਵੀ ਸ਼ਮੂਲੀਅਤ ਕਰਨਗੇ । ਡਾਕਟਰ ਗੁਰਿੰਦਰ ਸਿੰਘ ਵਾਲੀਆ ਚੀਫ਼ ਮੀਡੀਆ ਅਡਵਾਈਜ਼ਰ ਨੇ ਮੁੱਖ-ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਰੰਤ ਦਖਲ ਦੇ ਕੇ ਪੰਜਾਬ ਦੇ ਵੈਟਨਰੀ ਡਾਕਟਰਾਂ ਨਾਲ ਹੋਏ ਵਿਤਕਰੇ ਨੂੰ ਖਤਮ ਕਰਕੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੜੀ ਹੀ ਅਨੈਤਿਕ ਅਤੇ ਮੰਦਭਾਗੀ ਗੱਲ ਹੈ ਕਿ ਸਰਕਾਰ ਨੇ ਵੈਟਨਰੀ ਡਾਕਟਰਾਂ ਲਈ ਨੂੰ ਬਣਦਾ 56100/- ਦਾ ਐਂਟਰੀ ਸਕੇਲ ਗ਼ਲਤ ਤਰੀਕੇ ਨਾਲ ਘਟਾ ਕੇ 47600/- ਕਰ ਦਿੱਤਾ। ਡੀ.ਏ.ਸੀ.ਪੀ., ਐਚ.ਆਰ.ਏ. ਆਨ ਐਨ.ਪੀ.ਏ. ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ।