ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਨੇ 'ਵਿਗਿਆਨਕ ਬੱਕਰੀ ਉਤਪਾਦਨ' 'ਤੇ ਵਰਕਸ਼ਾਪ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2025:ਰਾਮਪੁਰਾ ਫੂਲ ਦੇ ਵੈਟਨਰੀ ਸਾਇੰਸ ਕਾਲਜ ਨੇ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ "ਵਿਗਿਆਨਕ ਬੱਕਰੀ ਉਤਪਾਦਨ" ਵਿਸ਼ੇ 'ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਬੱਕਰੀ ਸੁਧਾਰ 'ਤੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਅਧੀਨ ਵਰਕਸ਼ਾਪ ਕਰਵਾਈ ਗਈ ਜਿਸ ਦਾ ਮੰਤਵ ਟਿਕਾਊ ਖੇਤੀਬਾੜੀ ਲਈ ਇੱਕ ਵਿਕਲਪ ਵਜੋਂ ਵਿਗਿਆਨਕ ਲੀਹਾਂ 'ਤੇ ਬੱਕਰੀ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਸੀ। ਭਾਗੀਦਾਰਾਂ ਨੂੰ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਬਾਰੇ ਜਾਗਰੂਕ ਕੀਤਾ ਗਿਆ, ਜਿਸ ਵਿੱਚ ਪੰਜਾਬ ਦੀ ਬੀਟਲ ਨਸਲ, ਬੁਨਿਆਦੀ ਜੀਵ-ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੱਕਰੀਆਂ ਦੇ ਘੱਟ ਲਾਗਤ ਵਾਲੇ ਰਹਿਣ-ਸਹਿਣ, ਗੈਰ-ਰਵਾਇਤੀ ਫੀਡ ਸਰੋਤਾਂ ਦੀ ਵਰਤੋਂ ਕਰਕੇ ਰਾਸ਼ਨ ਦਾ ਸੰਤੁਲਨ, ਟੀਕਾਕਰਨ ਅਤੇ ਹੋਰ ਜੀਵ-ਸੁਰੱਖਿਆ ਉਪਰਾਲੇ, ਬੱਕਰੀ ਦੇ ਦੁੱਧ ਅਤੇ ਮਾਸ ਦਾ ਮੁੱਲ ਵਾਧਾ ਆਦਿ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਮੌਕੇ ਕਿਸਾਨਾਂ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਤ ਕੀਤੇ ਗਏ ਬੱਕਰੀ ਪਾਲਣ ਨਾਲ ਸਬੰਧਤ ਵੱਖ-ਵੱਖ ਰਸਾਲੇ ਵੰਡੇ ਗਏ। ਭਾਗ ਲੈਣ ਵਾਲੇ ਨੌਜਵਾਨਾਂ ਨੇ ਆਪਣਾ ਫਾਰਮ ਸ਼ੁਰੂ ਕਰਨ ਲਈ ਅਤੇ ਆਪਣੇ ਹੁਨਰ ਨੂੰ ਵਧਾਉਣ ਲਈ ਕਾਲਜ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਉਤਸ਼ਾਹ ਦਿਖਾਇਆ ਜਦੋਂ ਕਿ ਔਰਤਾਂ ਸਮੇਤ ਬੱਕਰੀ ਪਾਲਕਾਂ ਨੇ ਵੀ ਵਰਕਸ਼ਾਪ ਵਿੱਚ ਵੱਧ ਚਡ ਕੇ ਹਿੱਸਾ ਲਯਾ। ਕਾਲਜ ਦੇ ਡੀਨ ਅਤੇ ਪ੍ਰੋਗਰਾਮ ਦੇ ਡਾਇਰੈਕਟਰ ਡਾ. ਦਿਗਵਿਜੇ ਸਿੰਘ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ, ਪਸਾਰ ਸਿੱਖਿਆ, ਨੇ ਵਿਗਿਆਨਕ ਲੀਹਾਂ 'ਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਜੇ.ਪੀ.ਐਸ. ਗਿੱਲ ਨੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਵਿੱਚ ਰੁਜ਼ਗਾਰ ਅਤੇ ਵਿਭਿੰਨਤਾ ਦੇ ਇੱਕ ਮਹੱਤਵਪੂਰਨ ਸਰੋਤ ਵਜੋਂ 'ਵਿਗਿਆਨਕ ਬੱਕਰੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ।