ਵਿਜੀਲੈਂਸ ਨੇ ਰਿਸ਼ਵਤਖੋਰੀ ਦੇ ਮੁਕੱਦਮੇ ਚ ਭਗੌੜੇ ਮੀਟਰ ਰੀਡਰ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ 7 ਮਈ, 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੰਨੀਆਂ ਦੇ ਵਸਨੀਕ ਪਾਵਰਕੌਮ ਦੇ ਮੀਟਰ ਰੀਡਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਰਿਸ਼ਵਤਖੋਰੀ ਦੇ ਇੱਕ ਕੇਸ ਵਿੱਚ ਭਗੌੜਾ ਸੀ।
ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਵਿਰੁੱਧ 19.9.2024 ਨੂੰ ਬਿਉਰੋ ਦੇ ਪਟਿਆਲਾ ਰੇਂਜ ਦੇ ਥਾਣੇ ਵਿਖੇ ਐਫਆਈਆਰ ਨੰਬਰ 42 ਤਹਿਤ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਇੱਕ ਸ਼ਿਕਾਇਤਕਰਤਾ ਨੇ ਪੀਐਸਪੀਸੀਐਲ ਦਫ਼ਤਰ, ਪਟਿਆਲਾ ਵਿੱਚ ਤਾਇਨਾਤ ਉਕਤ ਮੁਲਜ਼ਮ ਪ੍ਰਿਤਪਾਲ ਸਿੰਘ ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਔਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਅਨੁਸਾਰ ਉਕਤ ਮੀਟਰ ਰੀਡਰ ਨੇ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਵਜੋਂ ਮੰਗੇ ਸਨ ਜਿਸਨੇ ਆਪਣੇ ਘਰ ਵਿੱਚ ਇੱਕ ਨਿੱਜੀ ਬਿਜਲੀ ਮੀਟਰ ਲਗਾਇਆ ਹੋਇਆ ਸੀ ਪਰ ਸੌਦਾ 25,000 ਰੁਪਏ ਵਿੱਚ ਹੋਇਆ ਸੀ।
ਬੁਲਾਰੇ ਨੇ ਦੱਸਿਆ ਕਿ ਇਹ ਬਿਜਲੀ ਮੁਲਾਜ਼ਮ ਅੱਠ ਮਹੀਨਿਆਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਉਸਦੀ ਜ਼ਮਾਨਤ ਅਰਜ਼ੀ 4.12.2024 ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਲਗਾਤਾਰ ਉਸਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਜਿਸ ਕਾਰਨ ਉਸਦੀ ਗ੍ਰਿਫ਼ਤਾਰੀ ਹੋਈ ਹੈ।