ਲੁਧਿਆਣਾ ਪੱਛਮੀ ਤੋਂ ਬਦਲਾਅ ਦੀਆਂ ਹਵਾਵਾਂ ਵਗਣੀਆਂ ਸ਼ੁਰੂ ਹੋਣਗੀਆਂ: ਵੜਿੰਗ
ਕਿਹਾ: ਕਾਂਗਰਸ ਰਿਕਾਰਡ ਫਰਕ ਨਾਲ ਸੀਟ 'ਤੇ ਕਬਜ਼ਾ ਕਰਨ ਲਈ ਤਿਆਰ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 13 ਜੂਨ, 2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੀਆਂ ਹਵਾਵਾਂ ਲੁਧਿਆਣਾ ਪੱਛਮੀ ਤੋਂ ਵਗਣੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਇਹ ਜਿਮਨੀ ਚੋਣ ਰਿਕਾਰਡ ਅੰਤਰ ਨਾਲ ਜਿੱਤੇਗੀ।
ਇੱਥੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਜਿਮਨੀ ਚੋਣਾਂ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਪੁੱਛਣ ਤੇ ਵੜਿੰਗ ਨੇ ਟਿੱਪਣੀ ਕੀਤੀ ਕਿ ਕਾਂਗਰਸ ਦੀ ਜਿੱਤ ਕੰਧ 'ਤੇ ਲਿੱਖੀ ਹੋਈ ਹੈ ਅਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਰਟੀ ਦੇ ਸੀਟ ਜਿੱਤਣ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਅਤੇ ਜਿਸਨੂੰ ਵੀ ਮਿਲਦੇ ਹਨ, ਉਹ ਸਿਰਫ਼ ਇੱਕ ਗੱਲ ਦੱਸਦੇ ਹਨ ਕਿ ਕਾਂਗਰਸ ਸੱਤਾ ਵਿਚ ਵਾਪਸੀ ਦੇ ਰਾਹ 'ਤੇ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਸੱਤਾ ਤੋਂ ਬਾਹਰ ਜਾਣ ਦੇ ਰਾਹ 'ਤੇ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪੱਖੀ ਭਾਵਨਾ ਦਾ ਇੱਕ ਇਹ ਵੀ ਕਾਰਨ ਹੈ ਕਿ ਲੋਕ 'ਆਪ' ਸਰਕਾਰ ਦੀ ਵੱਡੀ ਅਸਫਲਤਾ ਤੋਂ ਤੰਗ ਆ ਚੁੱਕੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਸਭ ਤੋਂ ਮਾੜੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਪੰਜਾਬ ਵਿੱਚ ਹੋ ਰਹੇ ਅਪਰਾਧ ਦੇ ਪੱਧਰ ਦੀ ਰਿਪੋਰਟਿੰਗ ਨਹੀਂ ਕਰ ਰਿਹਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵਿਰੁੱਧ ਇੱਕ ਮਜ਼ਬੂਤ ਵਿਰੋਧ ਹੈ ਅਤੇ ਇਹ 19 ਜੂਨ ਨੂੰ ਹੋਣ ਵਾਲੀ ਵੋਟਿੰਗ ਵਿੱਚ ਸਾਫ ਤੌਰ ਤੇ ਝਲਕੇਗਾ। ਉਨ੍ਹਾਂ ਕਿਹਾ ਕਿ ਲੋਕ ਕਈ ਕਾਰਨਾਂ ਕਰਕੇ 'ਆਪ' ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਦੇ ਹਨ, ਕਿਉਂਕਿ 'ਆਪ' ਸੱਤਾ ਵਿੱਚ ਹੈ, ਪਰ ਜੇ ਕੋਈ ਅਜਿਹੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਚਿਹਰੇ ਪੜ੍ਹ ਸਕੇ, ਤਾਂ ਨਤੀਜਾ ਤੁਰੰਤ ਪਤਾ ਲੱਗ ਜਾਵੇਗਾ।
ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਕਿਹਾ ਕਿ ਸਿਰਫ਼ ਇਸ ਲਈ ਕਿ ਤੁਸੀਂ ਆਪਣੀਆਂ ਮੀਟਿੰਗਾਂ ਵਿੱਚ ਕੁਝ ਸੌ ਲੋਕਾਂ ਨੂੰ ਸ਼ਾਮਲ ਕਰਨ ਦਾ ਪ੍ਰਬੰਧ ਕਰ ਲੈਂਦੇ ਹੋ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਨੂੰ ਵੋਟ ਪਾਉਣ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਲੋਕਾਂ ਨੂੰ 'ਆਪ' ਨਾਲ ਦਿਖਾਈ ਦੇਣ ਲਈ ਮਜਬੂਰ ਕਰਨ ਲਈ ਡਰਾਉਣ-ਧਮਕਾਉਣ ਵਾਲੇ ਤਰੀਕੇ ਵਰਤ ਰਹੇ ਹਨ, ਜਦੋਂ ਕਿ ਅਸਲ ਵਿੱਚ ਉਹ ਇਨ੍ਹਾਂ ਨਾਲ ਨਹੀਂ ਹਨ।
ਸਥਾਨਕ ਮੈਂਬਰ ਪਾਰਲੀਮੈਂਟ ਵੜਿੰਗ ਨੇ ਦੋਸ਼ ਲਗਾਇਆ ਕਿ 'ਆਪ' ਸਰਕਾਰ ਨੇ ਅਜੇ ਵੀ ਕਾਂਗਰਸੀ ਵਰਕਰਾਂ ਵਿਰੁੱਧ ਬਦਲਾਖੋਰੀ ਨੂੰ ਨਹੀਂ ਰੋਕਿਆ ਹੈ। ਜਿਸ ਤੇ ਉਨ੍ਹਾਂ ਆਪ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਅਤੇ ਸਬੂਤ ਅਸੀਂ ਤੁਹਾਨੂੰ 23 ਜੂਨ ਨੂੰ ਦਿਖਾਵਾਂਗੇ, ਜਦੋਂ ਜਿਮਨੀ ਚੋਣ ਦਾ ਨਤੀਜਾ ਆਏਗਾ।