ਮੋਦੀ ਜੀ ਨੇ ਆਪਣੇ ਹੰਕਾਰ ਵਿੱਚ ਸੋਨਮ ਵਾਂਗਚੁਕ ਦਾ ਅਪਮਾਨ ਕੀਤਾ- ਕੇਜਰੀਵਾਲ
*ਦੇਸ਼ਵਾਸੀ ਸੋਚਣ, ਕੀ ਇਸੇ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਸਾਡੀ ਆਪਣੀ ਹੀ ਸਰਕਾਰ ਸਾਡੇ ਨਾਲ ਬਦਸਲੂਕੀ ਕਰੇਗੀ?- ਕੇਜਰੀਵਾਲ*
*ਪੇਪਰ ਲੀਕ ਰੋਕਣ, ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਬਜਾਏ ਸਰਕਾਰ ਨੌਜਵਾਨਾਂ ਦੇ ਅੰਦੋਲਨ ਨੂੰ ਕੁਚਲਣ ਵਿੱਚ ਲੱਗੀ ਹੋਈ ਹੈ - ਕੇਜਰੀਵਾਲ*
*ਮਜ਼ਬੂਤ ਬਣੇ ਰਹੋ ਸੋਨਮ ਜੀ, ਇਹ ਦੇਸ਼ ਤੁਹਾਡੇ ਨਾਲ ਖੜ੍ਹਾ ਹੈ- ਕੇਜਰੀਵਾਲ*
*ਹੁਣ ਸਾਰਿਆਂ ਨੂੰ ਇੱਕ ਹੋ ਕੇ ਸੜਕਾਂ 'ਤੇ ਉਤਰਨਾ ਪਵੇਗਾ, ਤਾਂ ਹੀ ਦੇਸ਼ ਵਿੱਚ ਕੁਝ ਬਦਲੇਗਾ, ਉੱਠੋ ਅਤੇ ਜੰਤਰ-ਮੰਤਰ ਚੱਲੋ- ਕੇਜਰੀਵਾਲ*
*ਆਜ਼ਾਦ ਭਾਰਤ ਵਿੱਚ ਮੁਗਲਾਂ-ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਨੌਜਵਾਨਾਂ ਦੀ ਆਵਾਜ਼ ਇੰਨੀ ਬੇਰਹਿਮੀ ਨਾਲ ਕਿਉਂ ਦਬਾ ਰਹੀ ਹੈ?- ਮਨੀਸ਼ ਸਿਸੋਦੀਆ*
ਨਵੀਂ ਦਿੱਲੀ, 18 ਜੁਲਾਈ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਚੁੱਕਣ ਦੇ ਮਾਮਲੇ 'ਤੇ ਕਿਹਾ ਕਿ ਮੋਦੀ ਜੀ ਨੇ ਹੰਕਾਰ ਦੇ ਚਲਦਿਆਂ ਸੋਨਮ ਵਾਂਗਚੁਕ ਦਾ ਅਪਮਾਨ ਕੀਤਾ ਹੈ। ਮੋਦੀ ਜੀ ਨੂੰ ਸੋਨਮ ਵਾਂਗਚੁਕ ਨਾਲ ਗੱਲ ਕਰਨੀ ਚਾਹੀਦੀ ਸੀ।
ਦੇਸ਼ਵਾਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਇਸੇ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਸਾਡੀ ਆਪਣੀ ਹੀ ਸਰਕਾਰ ਸਾਡੇ ਨਾਲ ਬਦਸਲੂਕੀ ਕਰੇਗੀ? ਸਰਕਾਰ ਪੇਪਰ ਲੀਕ ਰੋਕਣ, ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਬਜਾਏ ਨੌਜਵਾਨਾਂ ਦੇ ਅੰਦੋਲਨ ਨੂੰ ਬੜੀ ਬੇਰਹਿਮੀ ਨਾਲ ਕੁਚਲਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਸੋਨਮ ਵਾਂਗਚੁਕ ਨੂੰ ਕਿਹਾ ਕਿ ਮਜ਼ਬੂਤ ਬਣੇ ਰਹੋ ਸੋਨਮ ਜੀ, ਇਹ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਇਸ ਦੇ ਨਾਲ ਹੀ ਦੇਸ਼ਵਾਸੀਆਂ ਨੂੰ ਕਿਹਾ ਕਿ ਅੱਜ ਸੋਨਮ ਵਾਂਗਚੁਕ, ਅਭਿਜੀਤ ਦੀਪਕੇ ਅਤੇ ਇਹ ਸਾਰੇ ਨੌਜਵਾਨ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜ ਰਹੇ ਹਨ। ਹੁਣ ਘਰ ਬੈਠਣ ਨਾਲ ਕੰਮ ਨਹੀਂ ਚੱਲੇਗਾ। ਹੁਣ ਸਾਰਿਆਂ ਨੂੰ ਇੱਕ ਹੋ ਕੇ ਸੜਕਾਂ 'ਤੇ ਉਤਰਨਾ ਪਵੇਗਾ, ਤਾਂ ਹੀ ਇਸ ਦੇਸ਼ ਵਿੱਚ ਕੁਝ ਬਦਲੇਗਾ। ਉੱਠੋ ਅਤੇ ਜੰਤਰ-ਮੰਤਰ ਚੱਲੋ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਵੇਰੇ ਉੱਠਦਿਆਂ ਹੀ ਇਹ ਖ਼ਬਰ ਮਿਲੀ ਕਿ ਸੋਨਮ ਵਾਂਗਚੁਕ ਜੀ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਉਨ੍ਹਾਂ ਦੇ ਧਰਨਾ ਸਥਾਨ ਤੋਂ ਚੁੱਕ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਦੇ ਕੱਪੜਿਆਂ ਵਿੱਚ ਪੁਲਿਸ ਭੇਜ ਕੇ, ਚਾਰੋਂ ਪਾਸਿਓਂ ਚਾਦਰ ਨਾਲ ਢਕ ਕੇ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਬਦਸਲੂਕੀ ਤੇ ਧੱਕਾ-ਮੁੱਕੀ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਯਾਦ ਦਿਵਾਇਆ ਕਿ ਮਹਾਤਮਾ ਗਾਂਧੀ ਨੇ ਵੀ ਕਿੰਨੇ ਲੰਬੇ-ਲੰਬੇ ਉਪਵਾਸ ਕੀਤੇ ਸਨ, ਪਰ ਉਨ੍ਹਾਂ ਨਾਲ ਅਜਿਹਾ ਵਿਵਹਾਰ ਤਾਂ ਅੰਗਰੇਜ਼ ਵੀ ਨਹੀਂ ਕਰਦੇ ਸਨ। ਕੀ ਅਸੀਂ ਇਸੇ ਦਿਨ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਅਜਿਹਾ ਆਵੇਗਾ, ਜਦੋਂ ਸਾਡੀ ਆਪਣੀ ਹੀ ਸਰਕਾਰ ਸਾਡੇ ਲੋਕਾਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਰੇਗੀ?
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਇਹ ਸਾਡੇ ਦੇਸ਼ ਦੇ ਬੱਚੇ ਹਨ ਅਤੇ ਇਨ੍ਹਾਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਰਨਾ ਬਿਲਕੁਲ ਸਹੀ ਨਹੀਂ ਹੈ। ਇਹ ਬੱਚੇ ਸਿਰਫ਼ ਇਹੀ ਤਾਂ ਮੰਗ ਰਹੇ ਹਨ ਕਿ ਉਨ੍ਹਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਮਿਲੇ, ਪੇਪਰ ਲੀਕ ਨਾ ਹੋਣ ਅਤੇ ਦੇਸ਼ ਵਿੱਚ ਇੱਕ ਪਾਰਦਰਸ਼ੀ ਤੇ ਚੰਗੀ ਪ੍ਰੀਖਿਆ ਪ੍ਰਣਾਲੀ ਲਾਗੂ ਹੋਵੇ। ਪਰ ਇਨ੍ਹਾਂ ਬੁਨਿਆਦੀ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਸਰਕਾਰ ਦਾ ਪੂਰਾ ਜ਼ੋਰ ਇਸ ਗੱਲ 'ਤੇ ਹੈ ਕਿ ਨੌਜਵਾਨਾਂ ਦੇ ਇਸ ਅੰਦੋਲਨ ਨੂੰ ਕਿਵੇਂ ਫੇਲ੍ਹ ਕੀਤਾ ਜਾਵੇ, ਇਸ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਅਤੇ ਇਸ ਨੂੰ ਕਿਵੇਂ ਅਪਮਾਨਿਤ ਕੀਤਾ ਜਾਵੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਮੋਦੀ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਅਜਿਹਾ ਨਾ ਕਰੋ ਅਤੇ ਇੰਨਾ ਹੰਕਾਰ ਨਾ ਕਰੋ, ਕਿਉਂਕਿ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਇੰਨਾ ਹੰਕਾਰ ਕੀਤਾ ਹੈ, ਉਸ ਦਾ ਨਾਸ਼ ਹੀ ਹੋਇਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੀਟ ਦਾ ਪੇਪਰ ਲੀਕ ਹੋ ਗਿਆ। ਸੀਬੀਐੱਸਈ ਦੇ ਮੁਲਾਂਕਣ ਪ੍ਰਣਾਲੀ ਵਿੱਚ ਬਹੁਤ ਵੱਡਾ ਘੁਟਾਲਾ ਹੋ ਗਿਆ। ਲੱਖਾਂ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ। ਸਿਸਟਮ ਨੂੰ ਠੀਕ ਕਰਵਾਉਣ ਲਈ ਸੋਨਮ ਵਾਂਗਚੁਕ ਭੁੱਖ ਹੜਤਾਲ 'ਤੇ ਬੈਠ ਗਏ। ਸੋਨਮ ਵਾਂਗਚੁਕ ਦੇ ਘਰ ਦਾ ਕੋਈ ਬੱਚਾ ਪ੍ਰਭਾਵਿਤ ਨਹੀਂ ਹੈ। ਉਹ ਆਪਣੇ ਲਈ ਭੁੱਖ ਹੜਤਾਲ 'ਤੇ ਨਹੀਂ ਬੈਠੇ, ਉਹ ਤੁਹਾਡੇ ਬੱਚਿਆਂ ਲਈ ਬੈਠੇ ਹਨ। ਮੈਂ ਸੁਣਿਆ ਹੈ ਕਿ ਉਨ੍ਹਾਂ ਤੋਂ ਬਾਅਦ ਹੁਣ ਅਭਿਜੀਤ ਦੀਪਕੇ ਵੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਅਭਿਜੀਤ ਦੀਪਕੇ ਦੇ ਘਰ ਵਿੱਚ ਵੀ ਕੋਈ ਬੱਚਾ ਪ੍ਰਭਾਵਿਤ ਨਹੀਂ ਹੈ। ਉਹ ਵੀ ਤੁਹਾਡੇ ਬੱਚਿਆਂ ਲਈ ਬੈਠੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੁਹਾਡੇ ਘਰ ਦਾ ਕੋਈ ਬੱਚਾ ਇਸ ਸੜੇ-ਗਲੇ ਪ੍ਰੀਖਿਆ ਸਿਸਟਮ ਤੋਂ ਪ੍ਰਭਾਵਿਤ ਹੁੰਦਾ ਹੈ, ਤਾਂ ਤੁਸੀਂ ਬਹੁਤ ਸ਼ਿਕਾਇਤਾਂ ਕਰਦੇ ਹੋ, ਸਰਕਾਰ ਨੂੰ ਗਾਲ੍ਹਾਂ ਕੱਢਦੇ ਹੋ, ਸਿਸਟਮ ਨੂੰ ਕੋਸਦੇ ਹੋ। ਅੱਜ ਜਦੋਂ ਉਹ ਲੋਕ ਜੰਤਰ-ਮੰਤਰ 'ਤੇ ਤੁਹਾਡੇ ਬੱਚਿਆਂ ਲਈ ਬੈਠੇ ਹਨ, ਤਾਂ ਤੁਸੀਂ ਘਰ ਕਿਉਂ ਬੈਠੇ ਹੋ? ਤੁਸੀਂ ਉਨ੍ਹਾਂ ਦੇ ਨਾਲ ਜੰਤਰ-ਮੰਤਰ 'ਤੇ ਕਿਉਂ ਨਹੀਂ ਹੋ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਤੁਸੀਂ ਜੰਤਰ-ਮੰਤਰ 'ਤੇ ਨਾ ਗਏ, ਅੱਜ ਜੇਕਰ ਤੁਸੀਂ ਉਨ੍ਹਾਂ ਨਾਲ ਮਿਲ ਕੇ ਆਵਾਜ਼ ਨਾ ਉਠਾਈ, ਤਾਂ ਕੱਲ੍ਹ ਨੂੰ ਜੇਕਰ ਕੋਈ ਹੋਰ ਪੇਪਰ ਲੀਕ ਹੋਵੇ ਤਾਂ ਸ਼ਿਕਾਇਤ ਨਾ ਕਰਿਓ। ਸਾਨੂੰ ਸਾਰਿਆਂ ਨੂੰ ਮਿਲ ਕੇ ਸੜਕ 'ਤੇ ਉਤਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਆਵਾਜ਼ ਉਠਾਉਣੀ ਪਵੇਗੀ। ਸਾਰੇ ਇੱਕ ਹੋ ਜਾਓ, ਤਾਂ ਹੀ ਇਹ ਸਰਕਾਰ ਸੁਣੇਗੀ। ਨਹੀਂ ਤਾਂ ਇਹ ਸਰਕਾਰ ਬਿਲਕੁਲ ਨਹੀਂ ਸੁਣਨ ਵਾਲੀ। ਇਹ ਪੇਪਰ ਵੀ ਲੀਕ ਹੁੰਦੇ ਰਹਿਣਗੇ, ਸਾਡੇ ਬੱਚੇ ਖ਼ੁਦਕੁਸ਼ੀਆਂ ਵੀ ਕਰਦੇ ਰਹਿਣਗੇ ਅਤੇ ਇਹ ਸੜਿਆ-ਗਲਿਆ ਸਿਸਟਮ ਇਵੇਂ ਹੀ ਚਲਦਾ ਰਹੇਗਾ। ਹੁਣੇ ਤੁਰੰਤ ਜੰਤਰ-ਮੰਤਰ ਪਹੁੰਚੋ।
ਦੂਜੇ ਪਾਸੇ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਸੁਣਿਆ ਸੀ ਕਿ ਮੁਗਲ ਤਾਨਾਸ਼ਾਹ ਸੱਤਾ ਤੋਂ ਸਵਾਲ ਪੁੱਛਣ ਵਾਲਿਆਂ 'ਤੇ ਕੋਰੜੇ ਵਰ੍ਹਾਉਂਦੇ ਸਨ। ਅਸੀਂ ਸੁਣਿਆ ਸੀ ਕਿ ਅੰਗਰੇਜ਼ਾਂ ਦੀ ਪੁਲਿਸ ਦੇਸ਼ ਦੀ ਆਵਾਜ਼ ਦਬਾਉਣ ਲਈ ਆਪਣਾ ਵਿਰੋਧ ਦਰਜ ਕਰਵਾ ਰਹੇ ਆਮ ਲੋਕਾਂ 'ਤੇ ਲਾਠੀਆਂ ਵਰ੍ਹਾਉਂਦੀ ਸੀ। ਪਰ ਨਰਿੰਦਰ ਮੋਦੀ ਦੀ ਪੁਲਿਸ ਤਾਂ ਆਜ਼ਾਦ ਭਾਰਤ ਦੀ ਪੁਲਿਸ ਹੈ। ਫਿਰ ਉਹ ਨੌਜਵਾਨਾਂ ਦੀ ਆਵਾਜ਼ ਨੂੰ ਇੰਨੀ ਬੇਰਹਿਮੀ ਨਾਲ ਕਿਉਂ ਦਬਾ ਰਹੀ ਹੈ?
ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਮੋਦੀ ਤੋਂ ਕੇਵਲ ਇੱਕ ਛੋਟੀ ਜਿਹੀ ਮੰਗ ਕਰ ਰਹੇ ਹਨ ਕਿ ਜੋ ਪ੍ਰੀਖਿਆਵਾਂ ਹੁੰਦੀਆਂ ਹਨ, ਉਨ੍ਹਾਂ ਵਿੱਚ ਹੋਣ ਵਾਲੀ ਚੋਰੀ ਅਤੇ ਪੇਪਰ ਲੀਕ ਵਰਗੇ ਧੋਖੇ ਨੂੰ ਰੋਕ ਕੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਕਰਵਾਇਆ ਜਾਵੇ। ਇਸ ਦੇ ਨਾਲ ਹੀ, ਨੌਜਵਾਨਾਂ ਦੀ ਮੰਗ ਹੈ ਕਿ ਮੋਦੀ ਜੀ ਨੇ ਜੋ ਬੇਈਮਾਨ ਅਤੇ ਨਾਕਾਬਿਲ ਸਿੱਖਿਆ ਮੰਤਰੀ ਬਿਠਾ ਰੱਖਿਆ ਹੈ, ਉਸ ਨੂੰ ਹਟਾ ਦਿਓ। ਪਰ ਉਹ ਇਨ੍ਹਾਂ ਨੌਜਵਾਨਾਂ ਦੀ ਗੱਲ ਮੰਨਣਾ ਤਾਂ ਦੂਰ, ਉਨ੍ਹਾਂ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰ ਰਹੇ।
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਮੋਦੀ ਜੀ ਦੇ ਦਿਲ ਵਿੱਚ ਆਪਣਾ ਅਧਿਕਾਰ ਅਤੇ ਹੱਕ ਮੰਗਣ ਵਾਲੇ ਇਨ੍ਹਾਂ ਨੌਜਵਾਨਾਂ ਪ੍ਰਤੀ ਇੰਨੀ ਨਫ਼ਰਤ ਭਰੀ ਹੋਈ ਹੈ ਕਿ ਅੱਜ ਉਨ੍ਹਾਂ ਨੇ ਪੁਲਿਸ ਭੇਜ ਕੇ ਉਨ੍ਹਾਂ 'ਤੇ ਡੰਡੇ ਵਰ੍ਹਵਾ ਦਿੱਤੇ। ਉਹ ਜ਼ਬਰਦਸਤੀ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਕੜੀ ਦੇ ਤਹਿਤ ਉਨ੍ਹਾਂ ਦੇ ਆਗੂ ਸੋਨਮ ਵਾਂਗਚੁਕ ਨੂੰ ਉਨ੍ਹਾਂ ਦੀ ਪੁਲਿਸ ਜ਼ਬਰਦਸਤੀ ਚੁੱਕ ਕੇ ਹਸਪਤਾਲ ਲੈ ਗਈ ਹੈ। ਆਖਰ ਮੋਦੀ ਜੀ ਇਹ ਕੀ ਕਰ ਰਹੇ ਹਨ?
ਮਨੀਸ਼ ਸਿਸੋਦੀਆ ਨੇ ਯਾਦ ਦਿਵਾਇਆ ਕਿ ਅਸੀਂ ਸੁਣਿਆ ਹੈ ਕਿ ਮੁਗਲਾਂ ਦੇ ਸਮੇਂ ਅਜਿਹਾ ਹੁੰਦਾ ਸੀ, ਜਦੋਂ ਮੁਗਲ ਤਾਨਾਸ਼ਾਹ ਅਤੇ ਜ਼ਾਲਮ ਕਿਸੇ ਨੂੰ ਆਪਣੀ ਗੱਲ ਤੱਕ ਨਹੀਂ ਬੋਲਣ ਦਿੰਦੇ ਸਨ ਅਤੇ ਲੋਕਾਂ 'ਤੇ ਕੋਰੜੇ ਵਰ੍ਹਾਉਂਦੇ ਸਨ। ਅੰਗਰੇਜ਼ਾਂ ਦੀ ਪੁਲਿਸ ਵੀ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਡੰਡੇ ਹੀ ਵਰ੍ਹਾਉਂਦੀ ਸੀ। ਅੱਜ ਮੋਦੀ ਜੀ ਵੀ ਮੁਗਲਾਂ ਅਤੇ ਅੰਗਰੇਜ਼ਾਂ ਤੋਂ ਕਿਤੇ ਵੱਧ ਆਪਣੇ ਹੀ ਦੇਸ਼ ਦੇ ਨੌਜਵਾਨਾਂ 'ਤੇ ਅੱਤਿਆਚਾਰ ਕਰ ਰਹੇ ਹਨ ਅਤੇ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣ ਰਹੇ, ਜਿਸ ਲਈ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
- Download Babushahi App
-
-