ਮਾਲੇਰਕੋਟਲਾ 'ਚ ਬਕਰੀਦ ਤੋਂ ਪਹਿਲਾਂ ਸਜੀ ਬੱਕਰਿਆਂ ਦੀ ਮੰਡੀ: ਖਰੀਦਦਾਰਾਂ ਦੀ ਲੱਗੀ ਭੀੜ
- ਬਕਰੀਦ ਦੇ ਦਿਨਾਂ ਦੇ ਨੇੜੇ ਆਉਣ ਕਾਰਨ ਖਰੀਦਦਾਰਾਂ ਦੀ ਉਮੜੀ ਭੀੜ
- ਹਜ਼ਾਰਾਂ ਤੇ ਲੱਖਾਂ ਰੁਪਏ ਦੀ ਖਰੀਦਦਾਰੀ ਕਰ ਰਹੇ ਹਨ ਕੁਰਬਾਨੀ ਕਰਨ ਲਈ ਪਸ਼ੂਆਂ ਨੂੰ ਖਰੀਦਣ ਵਾਲੇ ਲੋਕ
ਮਾਲੇਰਕੋਟਲਾ 4 ਜੂਨ 2025 ਇਸਲਾਮ ਅੰਦਰ ਪੈਗੰਬਰ ਹਜ਼ਰਤ ਇਬਰਾਹੀਮ (ਅਲੈ:) ਵੱਲੋਂ ਆਪਣੇ ਪੁੱਤਰ ਹਜ਼ਰਤ ਇਸਮਾਈਲ ਦੀ ਰੱਬ ਅੱਗੇ ਪੇਸ਼ ਕੁਰਬਾਨੀ ਦੀ ਯਾਦ 'ਚ ਕੁਰਬਾਨੀ ਦੇ ਤਿਉਹਾਰ ਵਜੋਂ ਮਨਾਏ ਜਾਂਦੇ ਈਦ ਉਲ ਅਜ਼ਹਾ (ਬਕਰੀਦ) ਤੋਂ ਪਹਿਲਾਂ ਪੰਜਾਬ ਦੇ ਬਹੁ ਗਿਣਤੀ ਮੁਸਲਿਮ ਅਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਬੱਕਰਿਆਂ, ਬੱਕਰੀਆਂ ਤੇ ਭੇਡੂਆਂ ਦੀ ਮੰਡੀ ਸਜ਼ ਚੁੱਕੀ ਹੈ। ਜਿਸ ਲਈ ਮੁਸਲਿਮ ਵਰਗ ਵੱਲੋਂ ਅਪਣੀ ਹੈਸੀਅਤ ਅਨੁਸਾਰ ਭੇਡਾਂ, ਬੱਕਰੇ, ਬੱਕਰੀਆਂ ਸਮੇਤ ਹੋਰ ਕੁਰਬਾਨੀ ਕੀਤੇ ਜਾਣ ਵਾਲੇ ਜਾਨਵਰਾਂ ਦੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ ਤਾਂ ਜੋ ਉਹ ਵੀ ਉਸ ਦ੍ਰਿਸ਼ ਨੂੰ ਯਾਦ ਕਰ ਸਕਣ ਜੋ ਪੈਗੰਬਰ ਏ ਇਸਲਾਮ ਹਜ਼ਰਤ ਇਬਰਾਹੀਮ (ਅਲੈ.) ਵੱਲੋਂ ਅਪਣੇ ਪੁੱਤਰ ਹਜ਼ਰਤ ਇਸਮਾਈਲ ਦੀ ਦਿੱਤੀ ਜਾਣ ਵਾਲੀ ਕੁਰਬਾਨੀ ਸਮੇਂ ਹੋਇਆ ਹੋਵੇਗਾ।
ਸਥਾਨਕ ਸਬਜ਼ੀ ਮੰਡੀ ਅਤੇ ਨਵੀਂ ਅਨਾਜ਼ ਮੰਡੀ 'ਚ ਰਾਜਸਥਾਨ,ઠਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਿਕਣ ਲਈ ਆਏ ਹਜ਼ਾਰਾਂ ਬੱਕਰੇ, ਬੱਕਰੀਆਂ, ਭੇਡੂਆਂ ਵਾਲੀ ਇਸ ਮੰਡੀ ਨੂੰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਮੰਨਿਆ ਜਾਂਦਾ ਹੈ। ਭਾਵੇਂ ਪੰਜਾਬ ਸਮੇਤ ਰਾਜਸਥਾਨ, ਹਰਿਆਣਾ ਤੇ ਹਿਮਾਚਲ ਤੋਂ ਪਸ਼ੂ ਪਾਲਕ ਪਿਛਲੇ 20 ਦਿਨਾਂ ਤੋਂ ਇੱਥੇ ਪਰਿਵਾਰਾਂ ਸਮੇਤ ਡੇਰੇ ਲਾਈ ਬੈਠੇ ਹਨ ਪ੍ਰੰਤੂ ਪਸ਼ੂਆਂ ਦੀ ਖਰੀਦੋ ਫਰੋਖਤ ਚੰਦ ਚੜ੍ਹਨ ਤੋਂ ਬਾਅਦ ਹੀ ਸ਼ੁਰੂ ਹੋਈ ਹੈ।
ਇਸ ਵਾਰ ਸਬਜ਼ੀ ਮੰਡੀ ਤੇ ਅਨਾਜ਼ ਮੰਡੀ 'ਚ ਲੱਗੀ ਬੱਕਰਾ ਮੰਡੀ 'ਚ ਇੱਕ ਤੋਂ ਵੱਧ ਕੇ ਇੱਕ ਉੱਚੀ ਨਸਲ ਦੇ ਬੱਕਰੇ ਮੌਜੂਦ ਹਨ, ਜਿਨ੍ਹਾਂ ਦੀ ਕੀਮਤ ਵੀ ਨਸਲ ਮੁਤਾਬਿਕ ਕਾਫੀ ਉੱਚੀ ਹੈ। ਮੰਡੀ 'ਚ 15 ਹਜ਼ਾਰ ਤੋਂ ਲੈ ਕੇ 01 ਲੱਖ ਰੁਪਏ ਤੋਂ ਵੱਧ ਕੀਮਤ ਤੱਕ ਦੇ ਬੱਕਰੇ ਪਸ਼ੂ ਪਾਲਕ ਲੈ ਕੇ ਪਹੁੰਚੇ ਹੋਏ ਹਨ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਹੀ ਪੰਜਾਬ ਦੀ ਇੱਕੋ ਇੱਕ ਬੱਕਰਾ ਮੰਡੀ ਹੈ ਜਿੱਥੇ ਕਿ ਪੂਰੇ ਪੰਜਾਬ ਭਰ ਤੋਂ ਲੋਕ ਕੁਰਬਾਨੀ ਲਈ ਬੱਕਰੇ ਖਰੀਦਣ ਆਉਂਦੇ ਹਨ। ਦੂਰ-ਦੂਰ ਤੱਕ ਬੱਕਰਿਆਂ,ਭੇਡੂਆਂ, ਬੱਕਰੀਆਂ, ਭੇਡਾਂ,ਲੇਲਿਆਂ ਤੇ ਮੇਮਣਿਆਂ ਦੇ ਵਿਸ਼ਾਲ ਮੰਡੀ 'ਚ ਪੰਜਾਬ ਸਮੇਤ ਰਾਜਸਥਾਨ, ਹਰਿਆਣਾ, ਹਿਮਾਚਲ ਆਦਿ ਸੂਬਿਆ 'ਚੋਂ ਪੁੱਜੇ ਹਨ। ਸਥਾਨਕ ਖਰੀਦਦਾਰ ਕੁਰਬਾਨੀ ਲਈ 15 ਹਜ਼ਾਰ ਤੋਂ ਲੈ ਕੇ 30-35 ਹਜ਼ਾਰ ਦੇ ਬੱਕਰੇ ਆਮ ਖਰੀਦ ਰਹੇ ਹਨ ਜਦਕਿ ਹਰ ਪਸ਼ੂ ਦੀ ਕੀਮਤ ਉਸ ਦੀ ਡੀਲ-ਡੌਲ,ਵਜ਼ਨ ਤੇ ਸੁਹੱਪਣ ਤੇ ਨਿਰਭਰ ਕਰਦੀ ਹੈ। ਕੁਰਬਾਨੀ ਦਾ ਇਹ ਕਾਰਜ ਤਿੰਨ ਦਿਨ ਤੱਕ ਚੱਲਦਾ ਹੈ।
ਇਸ ਵਾਰ ਭਾਰਤ ਭਰ ਵਿੱਚ ਈਦ ਉਲ ਅਜ਼ਹਾ (ਬੱਕਰਾ ਈਦ) 7 ਜੂਨ ਨੂੰ ਮਨਾਈ ਜਾ ਰਹੀ ਹੈ । ਬੱਕਰਾ ਮੰਡੀ ਵਿਖੇ ਪਿਛਲੇ 15-20 ਦਿਨਾਂ ਤੋਂ ਡੇਰਾ ਲਾਈ ਬੈਠੇ ਪੰਜਾਬ ਸਮੇਤ ਰਾਜਸਥਾਨ, ਹਰਿਆਣਾ, ਹਿਮਾਚਲ ਤੇ ਯੂ.ਪੀ ਦੇ ਬੱਕਰਾ ਵਪਾਰੀਆਂ ਕੁਤਬੁਦੀਨ, ਫਖਰੂਦੀਨ, ਸੋਹਨ ਸਿੰਘ, ਜੱਬਾਰ ਖਾਂ, ਅਮੀਕ ਅਤੇ ਨਜਬੂਦੀਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਬਕਰੀਦ ਦੇ ਮੌਕੇ ਬੱਕਰੇ ਵੇਚਣ ਲਈ ਮਾਲੇਰਕੋਟਲਾ ਆ ਰਹੇ ਹਨ ਜਿੱਥੇ ਉਨ੍ਹਾਂ ਨੂੰ ਚੰਗਾ ਮੁਨਾਫਾ ਹੁੰਦਾ ਹੈ ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਸ਼ੂ ਸਸਤੇ ਦਿਖਾਈ ਦੇ ਰਹੇ ਹਨ। ਉਹ ਹਰ ਇੱਕ ਨਸਲ ਦੇ ਬੱਕਰੇ ਪਾਲ ਕੇ ਇੱਥੇ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਚੰਗਾ ਗ੍ਰਾਹਕ ਮਿਲਦਾ ਹੈ। ਇਸ ਵਾਰ ਵੀ ਸਾਨੂੰ ਪਿਛਲੇ ਸਾਲਾਂ ਨਾਲੋਂ ਵਧੀਆ ਮੁਨਾਫਾ ਹੋ ਰਿਹਾ ਹੈ। ਗਰਮੀ ਕਾਰਨ ਬੱਕਰਿਆਂ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਸਰਕਾਰ ਵੱਲੋਂ ਕਿਸੇ ਵੀ ਵੈਟਰਨਰੀ ਡਾਕਟਰ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ, ਕਿਉਂਕਿ ਜਿਆਦਾ ਗਰਮੀ ਕਾਰਨ ਸਾਡੇ ਬੱਕਰੇ ਬੀਮਾਰ ਹੋ ਰਹੇ ਹਨ ਤੇ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਲੱਖਾਂ ਇਸ ਵਾਰ ਦਾ ਇੱਕ ਹੋਰ ਮਧਭਾਗੀ ਘਟਨਾ ਵਾਪਰੀ ਜਦੋਂ ਬਿਜਲੀ ਦੇ ਕਰੰਟ ਨਾਲ ਦਰਜਨ ਦੇ ਕਰੀਬ ਬਕਰਿਆਂ ਦੀ ਮੌਤ ਹੋ ਚ ਗਈ।ਜਿਸ ਕਾਰਨ ਅਸੀਂ ਪ੍ਰਾਇਵੇਟ ਡਾਕਟਰਾਂ ਤੋਂ ਮਹਿੰਗੇ ਭਾਅ 'ਚ ਇਲਾਜ ਕਰਵਾਉਣ ਲਈ ਮਜਬੂਰ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਘੱਟੋ-ਘੱਟ ਸਰਕਾਰ ਨੂੰ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇੰਨ੍ਹਾਂ ਹੀ ਨਹੀਂ ਮੰਡੀ ਵਿੱਚ ਬੱਕਰਿਆਂ ਦੇ ਚੋਰੀ ਹੋਣ ਦਾ ਖ਼ਤਰਾ ਵੀ ਵੱਧ ਗਿਆ ਹੈ। ਰਾਤ ਭਰ ਪਹਿਰਾ ਦੇਣਾ ਪੈਂਦਾ ਹੈ। ਪੁਲਿਸ ਦਾ ਕੋਈ ਵੀ ਮੁਲਾਜ਼ਮ ਇੱਥੇ ਤਾਇਨਾਤ ਨਹੀਂ ਹੈ।
ਅਗਲੇ ਸਾਲਾਂ ਵਿੱਚ ਕੁਰਬਾਨੀ ਲਈ ਪਾਲਣ ਵਾਲੇ ਸਥਾਨਕ ਲੋਕ ਛੋਟੇ ਪਸ਼ੂਆਂ ਦੀ ਵੀ ਖਰੀਦੋ ਫਰੋਖਤ ਕਰ ਰਹੇ ਹਨ। ਅਨੇਕਾਂ ਵਪਾਰੀ ਬਿਰਤੀ ਦੇ ਲੋਕ ਇੱਥੋਂ ਹੀ ਬੱਕਰਾ ਤੇ ਭੇਡੂ ਖਰੀਦ ਕੇ ਇੱਥੇ ਹੀ ਮੋਟਾ ਮੁਨਾਫਾ ਲੈ ਕੇ ਅੱਗੇ ਵੇਚ ਰਹੇ ਹਨ। ਕੁਰਬਾਨੀ ਲਈ ਪਸ਼ੂ ਖਰੀਦਣ ਆਏ ਲੌਕਾਂ ਨੇ ਦੱਸਿਆ ਕਿ ਮਹਿੰਗਾ ਚਾਹੇ ਸਸਤਾ ਕੁਰਬਾਨੀ ਲਈ ਕੋਈ ਜਾਨਵਰ ਤਾਂ ਖਰੀਦਣਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੱਕਰੇ ਦੀ ਕੀਮਤ ਉਸ ਦਾ ਸੁਹੱਪਣ ਤੇ ਨਸਲ ਵੇਖ ਕੇ ਲਗਦੀ ਹੈ। ਕਈ ਲੋਕ ਇਹਨਾਂ ਝੰਜਟਾਂ ਤੋਂ ਬਚਣ ਲਈ ਕੁਰਬਾਨੀ ਦਾ ਹਿੱਸਾ ਵੀ ਦੂਸਰੇ ਇਲਾਕਿਆਂ ਵਿੱਚ ਭੇਜ ਕੇ ਆਪਣੇ ਕੁਰਬਾਨੀ ਦੇ ਫਰਜ਼ ਅਦਾ ਕਰ ਰਹੇ ਹਨ।