ਮਾਪਿਆਂ ਨੂੰ ਥਾਣੇ 'ਚ ਡੱਕਕੇ ਮਜ਼ਦੂਰ ਦੀ ਲਾਸ਼ ਦਾ ਜਬਰੀ ਸੰਸਕਾਰ ਕਰਨਾ ਜੰਗਲ ਰਾਜ਼ ਕਰਾਰ
ਅਸ਼ੋਕ ਵਰਮਾ
ਸੰਗਰੂਰ, 1ਅਕਤੂਬਰ 2026 ਪਿੰਡ ਕਨੋਈ ਵਿਖੇ ਪਿੰਡ ਦੇ ਸਰਪੰਚ ਦੀ ਧੱਕੇਸ਼ਾਹੀ ਦਾ ਸ਼ਿਕਾਰ ਖੁਦਕੁਸ਼ੀ ਕਰ ਗਏ ਨੌਜਵਾਨ ਮਜ਼ਦੂਰ ਦੇ ਮਾਪਿਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਸੰਗਰੂਰ ਪੁਲਿਸ ਵੱਲੋਂ ਜ਼ਬਰਦਸਤੀ ਗਿਰਫ਼ਤਾਰ ਕਰਕੇ ਧੱਕੇ ਨਾਲ ਲਾਸ਼ ਦਾ ਸਸਕਾਰ ਕਰਨ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਜੰਗਲ਼ ਰਾਜ ਕਰਾਰ ਦਿੰਦਿਆਂ ਕਥਿਤ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਨੇ ਜ਼ਾਰੀ ਬਿਆਨ ਰਾਹੀਂ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਨੰਗੀ ਚਿੱਟੀ ਗੁੰਡਾਗਰਦੀ ਤੇ ਤਾਨਾਸ਼ਾਹੀ ਕਰਾਰ ਦਿੱਤਾ। ਉਹਨਾਂ ਆਖਿਆ ਕਿ ਆਪ ਸਰਕਾਰ ਸਭਨਾਂ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਦਲਿਤਾਂ ਤੇ ਜ਼ਬਰ ਦਾ ਕੁਹਾੜਾ ਵਾਹ ਰਹੀ ਹੈ । ਉਹਨਾਂ ਇਹ ਵੀ ਮੰਗ ਕੀਤੀ ਕਿ ਨੌਜਵਾਨ ਮਜ਼ਦੂਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੀ ਸਰਪੰਚ ਦੀ ਢਾਣੀ ਤੇ ਐਸ ਸੀ ਐਸ ਟੀ ਐਕਟ ਸਮੇਤ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਫੌਰੀ ਗਿਰਫ਼ਤਾਰ ਕੀਤਾ ਜਾਵੇ । ਉਹਨਾਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਧੱਕੜ ਕਾਰਵਾਈ ਖਿਲਾਫ ਮੈਦਾਨ ਚ ਨਿੱਤਰਣ ।
- Download Babushahi App
-
-