ਮਨੋਰੰਜਨ ਨਾਲੋਂ ਨੁਕਸਾਨ ਕਿਤੇ ਜ਼ਿਆਦਾ - ਨਿਊਜ਼ੀਲੈਂਡ ’ਚ ਘਰਾਂ ਪਿੱਛੇ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ; ਸੰਸਦੀ ਕਮੇਟੀ ਵੱਲੋਂ ਇਤਿਹਾਸਕ ਸਿਫ਼ਾਰਸ਼
-ਲਗਭਗ 1 ਲੱਖ ਨਾਗਰਿਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ’ਤੇ ਸੰਸਦ ਨੇ ਲਿਆ ਵੱਡਾ ਫੈਸਲਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 17 ਮਈ 2026:-ਨਿਊਜ਼ੀਲੈਂਡ ਵਿੱਚ ਦੀਵਾਲੀ, ਨਵਾਂ ਸਾਲ ਅਤੇ ਹੋਰ ਸੱਭਿਆਚਾਰਕ ਤਿਉਹਾਰਾਂ ਮੌਕੇ ਘਰਾਂ ਦੇ ਪਿੱਛੇ ਚਲਾਏ ਜਾਣ ਵਾਲੇ ਪਟਾਕਿਆਂ ਦੀ ਰੌਣਕ ਹਮੇਸ਼ਾ ਲਈ ਬਦਲ ਸਕਦੀ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੱਕ ਸੰਸਦੀ ਕਮੇਟੀ ਨੇ ਪਟਾਕਿਆਂ ਦੀ ਜਨਤਕ ਵਿਕਰੀ ਅਤੇ ਨਿੱਜੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾਉਣ ਦੀ ਇਤਿਹਾਸਕ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਪਟਾਕਿਆਂ ’ਤੇ ਪਾਬੰਦੀ ਦੀ ਮੰਗ ਕਰਨ ਵਾਲੀਆਂ ਤਿੰਨ ਵੱਖ-ਵੱਖ ਪਟੀਸ਼ਨਾਂ ’ਤੇ ਇਕੱਠੇ ਵਿਚਾਰ ਕਰਦਿਆਂ ਇਹ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਹੈ, ਜਿਸ ’ਤੇ ਕੁੱਲ 96,389 ਲੋਕਾਂ ਨੇ ਦਸਤਖਤ ਕੀਤੇ ਸਨ। ਹੁਣ ਮੌਜੂਦਾ ਸਰਕਾਰ ਕੋਲ ਇਸ ’ਤੇ ਅੰਤਿਮ ਜਵਾਬ ਦੇਣ ਲਈ 60 ਕੰਮਕਾਜੀ ਦਿਨਾਂ ਦਾ ਸਮਾਂ ਹੈ।
ਮਨੋਰੰਜਨ ਨਾਲੋਂ ਨੁਕਸਾਨ ਕਿਤੇ ਜ਼ਿਆਦਾ ਵੱਧ-ਸੰਸਦ ਮੈਂਬਰ:
ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਪਟਾਕਿਆਂ ਕਾਰਨ ਜਾਨਵਰਾਂ, ਇਨਸਾਨਾਂ ਅਤੇ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਹੁਣ ਇਸ ਦੇ ਮਨੋਰੰਜਨ ਦੇ ਫਾਇਦਿਆਂ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ ਹੈ। ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਵਿੱਚ ਸਾਫ਼ ਕਿਹਾ, ਜੋ ਸਬੂਤ ਅਤੇ ਤੱਥ ਸਾਡੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਸਾਡੇ ਲਈ ਪਟਾਕਿਆਂ ਦੀ ਖੁੱਲ੍ਹੀ ਵਿਕਰੀ ਅਤੇ ਨਿੱਜੀ ਵਰਤੋਂ ’ਤੇ ਪਾਬੰਦੀ ਦੀ ਸਿਫ਼ਾਰਸ਼ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਸੀ। ਕਮੇਟੀ ਮੁਤਾਬਕ ਹੁਣ ਨਿਊਜ਼ੀਲੈਂਡ ਨੂੰ ਨਿੱਜੀ ਤੌਰ ’ਤੇ ਪਟਾਕੇ ਚਲਾਉਣ ਦੀ ਬਜਾਏ, ਪੇਸ਼ੇਵਰਾਂ ਦੁਆਰਾ ਪ੍ਰਬੰਧਿਤ ਕੀਤੇ ਜਾਣ ਵਾਲੇ ਵੱਡੇ ਜਨਤਕ ਆਤਿਸ਼ਬਾਜ਼ੀ ਸ਼ੋਆਂ ਵੱਲ ਵਧਣਾ ਚਾਹੀਦਾ ਹੈ।
20 ਸਾਲਾਂ ਦੀ ਬਹਿਸ ਦਾ ਹੋਵੇਗਾ ਅੰਤ, ਅਗਲੀ ਸੰਸਦ ’ਤੇ ਨਹੀਂ ਛੱਡਾਂਗੇ ਮੁੱਦਾ:
ਇਹ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ। ਪਿਛਲੇ 20 ਸਾਲਾਂ ਵਿੱਚ 7 ਵੱਖ-ਵੱਖ ਸੰਸਦਾਂ ਨੇ ਪਟਾਕਿਆਂ ’ਤੇ ਸਖ਼ਤੀ ਜਾਂ ਪਾਬੰਦੀ ਲਗਾਉਣ ਵਾਲੀਆਂ 14 ਪਟੀਸ਼ਨਾਂ ’ਤੇ ਵਿਚਾਰ ਕੀਤਾ ਹੈ। ਪਹਿਲਾਂ ਦੀਆਂ ਕਮੇਟੀਆਂ ਨੇ ਨੁਕਸਾਨ ਨੂੰ ਮੰਨਿਆ ਤਾਂ ਸੀ, ਪਰ ਪੂਰੀ ਪਾਬੰਦੀ ਲਗਾਉਣ ਤੋਂ ਗੁਰੇਜ਼ ਕੀਤਾ ਸੀ। ਨਿਊਜ਼ੀਲੈਂਡ ਵਿੱਚ ਪਟਾਕਿਆਂ ਦੇ ਕਾਨੂੰਨ ਵਿੱਚ ਆਖਰੀ ਬਦਲਾਅ ਸਾਲ 2007 ਵਿੱਚ ਹੋਇਆ ਸੀ, ਜਦੋਂ ਇਸ ਦੀ ਵਿਕਰੀ ਸਾਲ ਵਿੱਚ ਸਿਰਫ਼ ਚਾਰ ਦਿਨਾਂ ਲਈ ਸੀਮਤ ਕੀਤੀ ਗਈ ਸੀ, ਪਰ ਇਸ ਨਾਲ ਵੀ ਸਾਲ ਭਰ ਚੱਲਣ ਵਾਲੀ ਹੂੜ੍ਹਬਾਜ਼ੀ ਨਹੀਂ ਰੁਕੀ। ਪਰ ਇਸ ਵਾਰ ਸੰਸਦ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ, ਅਸੀਂ ਇਸ ਮੁੱਦੇ ਨੂੰ ਅਗਲੀ ਸੰਸਦ ’ਤੇ ਛੱਡਣਾ ਨਹੀਂ ਚਾਹੁੰਦੇ।
ਭਾਰਤੀ ਭਾਈਚਾਰੇ ਅਤੇ ਦੀਵਾਲੀ ’ਤੇ ਅਸਰ:
ਨਿਊਜ਼ੀਲੈਂਡ ਵਿੱਚ ਪਹਿਲਾਂ ਪਟਾਕੇ ਸਿਰਫ਼ ‘ਗਾਇ ਫਾਕਸ’ (7uy 6awkes) ਨਾਲ ਜੋੜ ਕੇ ਦੇਖੇ ਜਾਂਦੇ ਸਨ, ਪਰ ਹੁਣ ਇਹ ਦੀਵਾਲੀ, ਚੀਨੀ ਨਵੇਂ ਸਾਲ, ਨਵੇਂ ਸਾਲ ਦੀ ਪੂਰਵ-ਸੰਧਿਆ ਅਤੇ ਮਾਟਾਰੀਕੀ ਵਰਗੇ ਤਿਉਹਾਰਾਂ ਦਾ ਵੱਡਾ ਹਿੱਸਾ ਬਣ ਚੁੱਕੇ ਹਨ। ਖਾਸ ਕਰਕੇ ਨਿਊਜ਼ੀਲੈਂਡ ਦੇ ਵਧ ਰਹੇ ਪ੍ਰਵਾਸੀ ਭਾਰਤੀ ਭਾਈਚਾਰੇ ਲਈ ਦੀਵਾਲੀ ਸਾਲ ਦੇ ਸਭ ਤੋਂ ਵੱਡੇ ਅਤੇ ਅਹਿਮ ਤਿਉਹਾਰਾਂ ਵਿੱਚੋਂ ਇੱਕ ਹੈ। ਹਾਲਾਂਕਿ, ਕਮੇਟੀ ਨੇ ਸਾਫ਼ ਕੀਤਾ ਹੈ ਕਿ ਇਹ ਨਵੀਂ ਸਿਫ਼ਾਰਸ਼ ਕਿਸੇ ਇੱਕ ਵਿਸ਼ੇਸ਼ ਭਾਈਚਾਰੇ ਲਈ ਨਹੀਂ, ਸਗੋਂ ਸਾਰੇ ਸੱਭਿਆਚਾਰਕ ਅਤੇ ਨਿੱਜੀ ਸਮਾਗਮਾਂ ’ਤੇ ਬਰਾਬਰ ਲਾਗੂ ਹੋਵੇਗੀ।
ਪਟਾਕਿਆਂ ਕਾਰਨ ਹੋਏ ਨੁਕਸਾਨ ਦੇ ਖੌਫ਼ਨਾਕ ਅੰਕੜੇ (ਸਾਲ 2024)
ਰਿਪੋਰਟ ਵਿੱਚ ਫਾਇਰ ਐਂਡ ਐਮਰਜੈਂਸੀ, ਪੁਲਿਸ ਅਤੇ ਜਾਨਵਰਾਂ ਦੀਆਂ ਸੰਸਥਾਵਾਂ ਦੇ ਹਵਾਲੇ ਨਾਲ ਚਿੰਤਾਜਨਕ ਅੰਕੜੇ ਸਾਂਝੇ ਕੀਤੇ ਗਏ ਹਨ:
-ਪਟਾਕਿਆਂ ਕਾਰਨ ਦੇਸ਼ ਵਿੱਚ 166 ਥਾਵਾਂ ’ਤੇ ਅੱਗ ਲੱਗੀ।
-ਪੁਲਿਸ ਨੂੰ ਹੁੱਲੜਬਾਜ਼ੀ ਅਤੇ ਪਰੇਸ਼ਾਨੀ ਦੀਆਂ 1,627 ਐਮਰਜੈਂਸੀ ਕਾਲਾਂ ਆਈਆਂ।
-ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ ਕੋਲ ਪਟਾਕਿਆਂ ਕਾਰਨ ਜ਼ਖਮੀ ਹੋਣ ਦੇ 286 ਕਲੇਮ ਦਰਜ ਹੋਏ, ਜਿਨ੍ਹਾਂ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ।
-ਪਟਾਕਿਆਂ ਦੇ ਖੜਾਕ ਕਾਰਨ ਪਾਲਤੂ ਕੁੱਤਿਆਂ, ਘੋੜਿਆਂ ਅਤੇ ਪੰਛੀਆਂ ਦੇ ਬੁਰੀ ਤਰ੍ਹਾਂ ਡਰਨ, ਜ਼ਖਮੀ ਹੋਣ ਜਾਂ ਦਿਲ ਦਾ ਦੌਰਾ ਪੈਣ ਕਾਰਨ ਮਰਨ ਦੀਆਂ ਕਈ ਦਰਦਨਾਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਗਾਹਕਾਂ ਦੇ ਇਸੇ ਬਦਲਦੇ ਰੁਝਾਨ ਨੂੰ ਦੇਖਦਿਆਂ ਦੇਸ਼ ਦੇ ਦੋ ਵੱਡੇ ਰਿਟੇਲ ਸਟੋਰਾਂ ਨੇ ਪਹਿਲਾਂ ਹੀ ਪਟਾਕੇ ਵੇਚਣੇ ਬੰਦ ਕਰ ਦਿੱਤੇ ਹਨ।
ਵਪਾਰੀਆਂ ਵੱਲੋਂ ਤਿੱਖਾ ਵਿਰੋਧ; ਸਰਕਾਰ ਦਾ ਅਗਲਾ ਕਦਮ ਕੀ?
ਦੂਜੇ ਪਾਸੇ, ਪਟਾਕੇ ਮੰਗਵਾਉਣ ਅਤੇ ਵੇਚਣ ਵਾਲੇ ਵਪਾਰੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਨਿਊਜ਼ੀਲੈਂਡ ਵਿੱਚ ਪਹਿਲਾਂ ਹੀ ਸਖ਼ਤ ਨਿਯਮ ਹਨ ਅਤੇ ਪਾਬੰਦੀ ਲੱਗਣ ਨਾਲ ਕਈ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਤੇ ਕਾਰੋਬਾਰ ਠੱਪ ਹੋਣਗੇ।
ਵਾਤਾਵਰਣ ਮੰਤਰੀ ਨਿਕੋਲਾ ਗ੍ਰਿਗ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਰਿਪੋਰਟ ਮਿਲ ਚੁੱਕੀ ਹੈ, ਪਰ ਫਿਲਹਾਲ ਉਹ ਸਰਕਾਰ ਦੇ ਅਧਿਕਾਰਤ ਜਵਾਬ ਤੋਂ ਪਹਿਲਾਂ ਕੋਈ ਨਿੱਜੀ ਸਟੈਂਡ ਨਹੀਂ ਲੈਣਗੇ। ਹੁਣ ਇੱਕ ਰਸਮੀ ਪ੍ਰਕਿਰਿਆ ਦੇ ਤਹਿਤ ਕੈਬਨਿਟ ਇਸ ’ਤੇ ਵਿਚਾਰ ਕਰੇਗੀ। ਜੇਕਰ ਸਰਕਾਰ ਇਸ ਸਿਫ਼ਾਰਸ਼ ਨੂੰ ਪ੍ਰਵਾਨ ਕਰ ਲੈਂਦੀ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਆਮ ਜਨਤਾ ਲਈ ਪਟਾਕਿਆਂ ਦੀ ਖੁੱਲ੍ਹੀ ਵਿਕਰੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।
- Download Babushahi App
-
-