ਮਜ਼ਦੂਰ ਆਗੂਆਂ ਵੱਲੋਂ ਬਰਨਾਲਾ ਵਿੱਚ ਹੱਕ ਮੰਗਦੇ ਸਫਾਈ ਕਾਮਿਆਂ ਉੱਤੇ ਪੁਲਿਸ ਜਬਰ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 23 ਜੁਲਾਈ 2026: ਪੱਕੇ ਰੁਜਗਾਰ, ਗੁਜਾਰੇਯੋਗ ਤਨਖਾਹਾਂ, ਸੁਰੱਖਿਆ ਤੇ ਇਲਾਜ ਦੇ ਢੁੱਕਵੇਂ ਪ੍ਰਬੰਧਾਂ ਆਦਿ ਲਈ ਬਰਨਾਲਾ ਵਿਖ਼ੇ ਆਵਾਜ ਬੁਲੰਦ ਕਰ ਰਹੇ ਸਫਾਈ ਕਾਮਿਆਂ ਦੀ ਸੁਣਵਾਈ ਕਰਨ ਦੀ ਥਾਂ ਪੰਜਾਬ ਪੁਲਿਸ ਵੱਲੋਂ ਕੀਤੇ ਜਬਰ ਦੀ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸਖਤ ਨਿਖੇਧੀ ਕਰਦਿਆਂ ਜਬਰ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਸਖਤ ਐਕਸ਼ਨ ਦੀ ਮੰਗ ਕੀਤੀ ਹੈ। ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ, ਕੱਤਰ ਸਿੰਘ ਖਿਆਲੀਵਾਲਾ,ਪ੍ਰਦੀਪ ਖਿਆਲੀ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਕਿਹਾ ਕਿ ਸਫਾਈ ਕਾਮਿਆਂ ਉੱਤੇ ਬੇਕਿਰਕ ਲਾਠੀਚਾਰਜ ਕੀਤਾ ਗਿਆ ਹੈ। ਮਰਦਾਨਾ ਪੁਲਿਸ ਨੇ ਔਰਤ ਮਜਦੂਰਾਂ ਉੱਤੇ ਵੀ ਬੇਰਹਿਮੀ ਨਾਲ਼ ਜਬਰ ਢਾਹਿਆ ਹੈ। ਪੰਜਾਬ ਸਰਕਾਰ ਸਭਨਾਂ ਮਜਦੂਰਾਂ, ਕਿਰਤੀਆਂ ਦੀ ਆਵਾਜ ਸੁਣਨ ਦੀ ਥਾਂ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ, ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਫਾਈ ਕਾਮੇ ਹੱਦੋਂ ਵੱਧ ਭੈੜੀਆਂ ਜੀਵਨ ਹਾਲਤਾਂ ਦਾ ਸ਼ਿਕਾਰ ਹਨ। ਗੰਦਗੀ ਸਾਫ ਕਰਨ ਦਾ ਕੰਮ ਉਹਨਾਂ ਨੂੰ ਬੇਹੱਦ ਨਿਗੂਣੀਆਂ ਤਨਖਾਹਾਂ ਉੱਤੇ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਦੇ ਕਰਨਾ ਪੈਂਦਾ ਹੈ। ਉਹਨਾਂ ਨੂੰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੱਕਾ ਨਹੀਂ ਕੀਤਾ ਜਾਂਦਾ ਅਤੇ ਮੁਆਵਜਾ, ਇਲਾਜ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਨੂੰ ਸਫਾਈ ਲਈ ਗਟਰਾਂ ਦੇ ਵਿੱਚ ਉੱਤਰਨਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਹੱਕਾਂ ਲਈ ਆਵਾਜ ਉਠਾਉਣ ਤੋਂ ਬਿਨਾਂ ਉਹਨਾਂ ਕੋਲ ਕੋਈ ਰਾਹ ਨਹੀਂ ਹੈ।ਮਜ਼ਦੂਰ ਆਗੂਆਂ ਨੇ ਮੰਗ ਕੀਤੀ ਹੈ ਕਿ ਸਫਾਈ ਕਾਮਿਆਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਉਹਨਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਲਈ ਢੁੱਕਵੇਂ ਕਦਮ ਚੁੱਕੇ ਜਾਣ। ਹੱਕਾਂ ਲਈ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਵੇ l ਮਜ਼ਦੂਰ ਆਗੂਆਂ ਨੇ ਸਫਾਈ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਵੀ ਐਲਾਨ ਕੀਤਾ।
- Download Babushahi App
-
-