ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਾਨੀ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਨਮਿਤ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਰਨਾਲਾ , 13 ਜੁਲਾਈ 2026 :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 16ਵੀਂ ਬਰਸੀ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਮਨਾਈ ਗਈ ਸਮਾਗਮਾਂ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਕੈਸ਼ੀਅਰ ਗੁਰਦੇਵ ਸਿੰਘ ਮਾਂਗੇਵਾਲ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਬਲਵੰਤ ਸਿੰਘ ਉਪਲੀ, ਟੀ ਐੱਸ ਯੂ ਆਗੂ ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ ਅਤੇ ਡੈਮੋਕਰੈਟਿਕ ਮੁਲਾਜ਼ਮ ਫਰੰਟ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ, ਬਲਕਾਰ ਸਿੰਘ ਡਕੌਂਦਾ ਦੀ ਫੋਟੋ ਤੇ ਹਾਰ ਪਾ ਕੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਕੀਤੀ ਗਈ। ਹਾਲ ਵਿੱਚ ਹਾਜ਼ਰ ਸਾਰੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੇ ਦੋ ਮਿੰਟ ਲਈ ਮੌਨ ਧਾਰ ਕੇ ਬਲਕਾਰ ਸਿੰਘ ਡਕੌਂਦਾ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ।
ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਲਕਾਰ ਸਿੰਘ ਡਕੌਂਦਾ ਦੀ ਜ਼ਿੰਦਗੀ ਬਾਰੇ ਬੋਲਦਿਆਂ ਉਨ੍ਹਾਂ ਵੱਲੋਂ ਜਥੇਬੰਦੀ ਅਤੇ ਸਮੁੱਚੀ ਕਿਸਾਨ ਮਜ਼ਦੂਰ ਲਹਿਰ ਦੇ ਵਧਾਰੇ ਲਈ ਪਾਏ ਗਏ ਯੋਗਦਾਨ ਦਾ ਜ਼ਿਕਰ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਬਲਕਾਰ ਸਿੰਘ ਡਕੌਂਦਾ ਇੱਕ ਸੁਚੱਜੇ ਜਥੇਬੰਦਕ ਆਗੂ ਹੀ ਨਹੀਂ ਸਨ ਬਲਕਿ ਵਿਚਾਰਧਾਰਕ ਤੌਰ ਤੇ ਵੀ ਬਹੁਤ ਪ੍ਰਪੱਕ ਸਨ। ਉਨ੍ਹਾਂ ਨੇ ਜਿੱਥੇ ਜਥੇਬੰਦੀ ਦੀ ਔਖੇ ਸਮੇਂ ਵਿੱਚ ਸਫ਼ਲ ਅਗਵਾਈ ਕੀਤੀ, ਉੱਥੇ ਖੇਤੀ ਵਿਗਿਆਨੀਆਂ ਅਤੇ ਯੂਨੀਵਸਟੀਆਂ ਦੇ ਪ੍ਰੋਫੈਸਰਾਂ ਨਾਲ ਵੀ ਸੰਵਾਦ ਰਚਾਉਂਦਿਆਂ ਆਪਣੀ ਵਿਦਵਤਾ ਦਾ ਲੋਹਾ ਮਨਵਾਇਆ।
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਮੌਜੂਦਾ ਸਮੇਂ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਮੁਕਤ ਵਪਾਰ ਸਮਝੌਤੇ ਦੇ ਖ਼ਤਰਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕਾ ਨਾਲ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨਾਲ ਸਬੰਧਤ ਸਸਤੀਆਂ ਅਮਰੀਕਨ ਵਸਤਾਂ ਦਾ ਹੜ੍ਹ ਆ ਜਾਵੇਗਾ ਅਤੇ ਭਾਰਤੀ ਕਿਸਾਨਾਂ ਦੇ ਸਾਰੇ ਧੰਦੇ ਚੌਪਟ ਹੋ ਜਾਣਗੇ। ਇਸ ਤਰ੍ਹਾਂ ਕਾਰਪੋਰੇਟ ਘਰਾਣੇ, ਆਪਣੀ ਅਜਾਰੇਦਾਰੀ ਸਥਾਪਿਤ ਕਰਨ ਤੋਂ ਬਾਅਦ ਭੋਜਨ ਨਾਲ ਸਬੰਧਤ ਸਾਰੀਆਂ ਵਸਤਾਂ ਨੂੰ ਮਨ ਮਾਨੇ ਭਾਅ ਤੇ ਵੇਚਣਗੇ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ 40 ਕਰੋੜ ਤੋਂ ਵੱਧ ਲੋਕ ਸਸਤੇ ਸਰਕਾਰੀ ਰਾਸ਼ਨ ਤੇ ਨਿਰਭਰ ਹਨ, ਇਹ ਸਮਝੌਤਾ ਲੋਕਾਂ ਦੀ ਮੌਤ ਦੇ ਵਾਰੰਟਾਂ ਤੋਂ ਇਲਾਵਾ ਹੋਰ ਕੁੱਝ ਵੀ ਸਾਬਤ ਨਹੀਂ ਹੋਵੇਗਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼ ਅਤੇ ਹੋਰ ਮੰਗਾਂ ਲਈ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ 12 ਵਜੇ ਤੋਂ ਤਿੰਨ ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਲਾਏ ਜਾਣਗੇ।
ਜਥੇਬੰਦੀ ਦੇ ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਜੇਕਰ ਭਾਰਤ ਸਰਕਾਰ ਨੇ ਅਮਰੀਕਾ ਨਾਲ ਇਹ ਸਮਝੌਤਾ ਕੀਤਾ ਤਾਂ ਅਗਲੇ ਦਿਨ ਸਾਰੇ ਭਾਰਤ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਸੜਕ ਜਾਮ, ਰੇਲ ਜਾਮ ਅਤੇ ਹੋਰ ਵੀ ਕਈ ਤਰ੍ਹਾਂ ਦੇ ਘੋਲ ਰੂਪ ਲਾਗੂ ਕੀਤੇ ਜਾਣਗੇ।
ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਬਲਵੰਤ ਸਿੰਘ ਉੱਪਲੀ ਨੇ ਮੰਗ ਕੀਤੀ ਕਿ ਅਮਰੀਕਾ ਈਰਾਨ ਜੰਗ ਦੇ ਬਹਾਨੇ ਨਾਲ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਾਈਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ। ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਅਤੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਮਾਨ ਨੇ ਭਗਵੰਤ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਸੀ ਦੁਬਾਰਾ ਲਾਗੂ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਕਿਸਾਨ ਆਪਣੀਆਂ ਜਮੀਨਾਂ ਕਿਸੇ ਵੀ ਕੀਮਤ ਤੇ ਜਬਰੀ ਖੋਹਣ ਦੀ ਇਜਾਜ਼ਤ ਨਹੀਂ ਦੇਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ ਅਤੇ ਮੋਹਾਲੀ ਜਿਲ੍ਹੇ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਨੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀ ਵਿਸ਼ਾਲ ਏਕਤਾ ਅਤੇ ਜਥੇਬੰਦਕ ਸੰਘਰਸ਼ਾਂ ਦੀ ਲੋੜ ਤੇ ਜ਼ੋਰ ਦਿੱਤਾ।
ਟੀ ਐੱਸ ਯੂ ਆਗੂ ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ ਅਤੇ ਡੈਮੋਕਰੈਟਿਕ ਮੁਲਾਜ਼ਮ ਫਰੰਟ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੰਘ ਡਕੌਂਦਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਦੱਸਿਆ ਕਿ ਕਿਸਾਨ ਮਜ਼ਦੂਰ ਲਹਿਰ ਦੇ ਵਧਾਰੇ ਲਈ ਵਿਚਾਰਧਾਰਕ ਤੌਰ ਤੇ ਪ੍ਰਪੱਕ ਹੋਣਾ ਬਹੁਤ ਜਰੂਰੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ 'ਜ਼ਬਰ ਜ਼ੁਲਮ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ ਮਹਿਲਕਲਾਂ ਲੋਕ ਘੋਲ' ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 29ਵੇਂ ਬਰਸੀ ਸਮਾਗਮ ਦੀਆਂ ਹੁਣੇ ਤੋਂ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਮੌਕੇ 22 ਜੁਲਾਈ ਨੂੰ ਐਸਕੇਐਮ ਦੇ ਸੱਦੇ ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਦੇ ਘਿਰਾਓ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਅਜਮੇਰ ਸਿੰਘ ਕਾਲਸਾਂ, ਲੀਲਾ ਸਿੰਘ ਮੂਸਾ ਅਤੇ ਨਾਹਰ ਸਿੰਘ ਭਾਈਰੂਪਾ ਨੇ ਇਨਕਲਾਬੀ ਗੀਤ ਗਾ ਕੇ ਬਲਕਾਰ ਸਿੰਘ ਡਕੌਂਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਨਾਮ ਸਿੰਘ ਮਹਿਰਾਜ, ਅਮਰਜੀਤ ਕੌਰ ਬਰਨਾਲਾ, ਸਤਨਾਮ ਸਿੰਘ ਬਰਨਾਲਾ, ਬਾਬੂ ਸਿੰਘ ਖੁੱਡੀਕਲਾਂ, ਸਾਹਿਬ ਸਿੰਘ ਬਡਬਰ ਅਤੇ ਅਮਰਜੀਤ ਸਿੰਘ ਹਨੀ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।।
- Download Babushahi App
-
-