ਬੇਅਦਬੀ ਅਤੇ ਗੋਲੀਕਾਂਡ ਦੇ ਦਾਗ਼ ਗੱਠਜੋੜਾਂ ਨਾਲ ਨਹੀਂ ਧੋਤੇ ਜਾ ਸਕਦੇ, ਲੋਕ ਕਦੇ ਮੁਆਫ਼ ਨਹੀਂ ਕਰਨਗੇ- ਬ੍ਰਹਮਪੁਰਾ
ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਆਗੂਆਂ ਦਾ ਗੱਠਜੋੜ ਸਿਰਫ਼ ਕਾਗਜ਼ੀ ਸਾਬਤ ਹੋਵੇਗਾ, ਜ਼ਮੀਨੀ ਹਕੀਕਤ ਬਿਲਕੁਲ ਵੱਖਰੀ
ਸਿਆਸੀ ਹੋਂਦ ਬਚਾਉਣ ਲਈ ਅਸੂਲਾਂ ਦਾ ਸੌਦਾ—ਪੰਜਾਬ ਦੀ ਅਣਖ ਕਦੇ ਮੁਆਫ਼ ਨਹੀਂ ਕਰੇਗੀ
ਤਰਨ ਤਾਰਨ 24 ਨਵੰਬਰ 2026- ਪੰਜਾਬ ਦੀ ਸਿਆਸਤ ਵਿੱਚ ਹਾਲ ਹੀ ਵਿੱਚ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗੱਠਜੋੜ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਪਹਿਲਾਂ ਹੀ ਡਿੱਗ ਚੁੱਕੇ ਆਗੂਆਂ ਵੱਲੋਂ ਹੁਣ ਆਪਣੀ ਡੁੱਬਦੀ ਸਿਆਸੀ ਬੇੜੀ ਨੂੰ ਬਚਾਉਣ ਲਈ ਅਸੂਲਾਂ ਦਾ ਸੌਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ, ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ ਜਿਨ੍ਹਾਂ ਨੇ ਸੱਤਾ ਦੀ ਭੁੱਖ ਅੱਗੇ ਪੰਥਕ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ।
ਸ. ਬ੍ਰਹਮਪੁਰਾ ਨੇ ਆਪਣੇ ਪਿਤਾ, ਮਰਹੂਮ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਦੇ ਪੰਥਕ ਸਟੈਂਡਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਨੇ ਹਮੇਸ਼ਾ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਬੇਅਦਬੀ ਤੇ ਗੋਲੀਕਾਂਡ (ਕੋਟਕਪੂਰਾ ਅਤੇ ਬਹਿਬਲ ਕਲਾਂ) ਦੇ ਮਾਮਲਿਆਂ 'ਤੇ ਮੌਜੂਦਾ ਪਾਰਟੀ ਪ੍ਰਧਾਨਗੀ ਨੂੰ ਗਲਤੀਆਂ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਅਤੇ ਪੰਥਕ ਲੀਹਾਂ 'ਤੇ ਪਰਤਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦੀ ਇਸ ਦੂਰਅੰਦੇਸ਼ੀ ਸੋਚ ਦਾ ਮਕਸਦ ਪਾਰਟੀ ਨੂੰ ਬਚਾਉਣਾ ਸੀ, ਪਰ ਇੱਕ ਪਰਿਵਾਰ ਦੇ ਹੰਕਾਰ ਨੇ ਪੂਰੇ ਅਕਾਲੀ ਦਲ ਨੂੰ ਤਬਾਹ ਕਰ ਦਿੱਤਾ।
ਗੱਠਜੋੜ 'ਤੇ ਸਿਆਸੀ ਕਟਾਖ਼ਸ਼ ਕਰਦਿਆਂ ਸ. ਬ੍ਰਹਮਪੁਰਾ ਨੇ ਕਿਹਾ, "ਸਿਆਸਤ ਦਾ ਇਹ ਪੁਰਾਣਾ ਅਸੂਲ ਹੈ ਕਿ ਜਿਨ੍ਹਾਂ ਨੇ ਖ਼ੁਦ ਆਪਣੀ ਬੇੜੀ ਵਿੱਚ ਛੇਕ ਕੀਤੇ ਹੋਣ, ਉਹ ਜਿਸ ਵੀ ਜਹਾਜ਼ 'ਤੇ ਸਵਾਰ ਹੁੰਦੇ ਹਨ, ਉਸ ਨੂੰ ਵੀ ਨਾਲ ਹੀ ਡੋਬ ਦਿੰਦੇ ਹਨ—ਇਸ ਨਵੇਂ ਗੱਠਜੋੜ ਦਾ ਹਸ਼ਰ ਵੀ ਇਸ ਤੋਂ ਵੱਖਰਾ ਨਹੀਂ ਹੋਵੇਗਾ। ਅੱਜ ਜਦੋਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਕੀਤਾ ਹੈ, ਜਿਸ ਦੀ ਮੇਜ਼ਬਾਨੀ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ, ਤਾਂ ਇਹ ਸਪੱਸ਼ਟ ਹੈ ਕਿ ਇਹ ਸਿਰਫ਼ ਸਿਆਸੀ ਜੀਵਨਦਾਨ ਲੱਭਣ ਦੀ ਇੱਕ ਨਾਕਾਮ ਕੋਸ਼ਿਸ਼ ਹੈ।
'ਆਪ' ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਸਾਥ ਚੁਣਿਆ। ਮਾਨ ਸਰਕਾਰ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਲਿਆ ਕੇ ਪੰਥਕ ਹਿੱਤਾਂ ਦੀ ਅਸਲ ਰਾਖੀ ਕੀਤੀ ਹੈ ਅਤੇ ਪੰਜਾਬ ਦੀ ਫ਼ਸਲ ਤੇ ਨਸਲ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਜੰਗ ਛੇੜੀ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਵੀ ਅਕਾਲੀ ਦਲ ਵੱਲੋਂ ਧਾਰਮਿਕ ਮੁੱਦਿਆਂ 'ਤੇ ਸਿਆਸਤ ਕਰਦਿਆਂ ਭਾਜਪਾ ਨਾਲੋਂ ਨਾਤਾ ਤੋੜਨ ਦੇ ਡਰਾਮੇ ਕੀਤੇ ਜਾਂਦੇ ਸਨ, ਜੋ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਨ। ਪੰਜਾਬ ਦੇ ਲੋਕ ਬੇਹੱਦ ਸੂਝਵਾਨ ਹਨ ਅਤੇ ਉਹ ਸੱਚ ਤੇ ਮੌਕਾਪ੍ਰਸਤੀ ਦਾ ਨਿਖੇੜਾ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। - (ਸਮਾਪਤ) -
- Download Babushahi App
-
-