ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ-ਕਲੇਰ
ਜਗਰਾਉਂ, 21 ਅਕਤੂਬਰ ( ਦੀਪਕ ਜੈਨ)- ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ ਸਾਂਝਾ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਜਗਰਾਉਂ ਮੰਡਲ ਅਧੀਨ ਸਮੂਹਿਕ ਛੁੱਟੀ ਕਰਕੇ ਕੰਮ ਕਾਜ ਠੱਪ ਰੱਖਿਆ ਗਿਆ ਅਤੇ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਰੇਬਾਜ਼ੀ ਕੀਤੀ। ਇਸ ਮੌਕੇ ਬੋਲਦੇ ਹੋਏ ਟੀ.ਐਸ.ਯੂ. ਦੇ ਮੰਡਲ ਪ੍ਰਧਾਨ ਅਵਤਾਰ ਸਿੰਘ ਕਲੇਰ ਨੇ ਆਖਿਆ ਕਿ ਪੰਜਾਬ ਸਰਕਾਰ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀ, ਜਿਸ ਕਾਰਨ ਪੰਜਾਬ ਭਰ ਦੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਉਹਨਾਂ ਮੰਗ ਕਰਦਿਆਂ ਆਖਿਆ ਕਿ ਮੁਲਾਜ਼ਮਾਂ ਦਾ 10 ਪ੍ਰਤੀਸ਼ਤ ਰਹਿੰਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕੀਤਾ ਜਾਵੇ, 18 ਪ੍ਰਤੀਸ਼ਤ ਮਹਿੰਗਾਈ ਭੱਤੇ ਦਾ ਸਾਰਾ ਬਕਾਇਆ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 17 ਜੁਲਾਈ 2020 ਵਾਲਾ ਪੱਤਰ ਰੱਦ ਕਰਕੇ ਨਵੇਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਤਨਖਾਹ ਸਕੇਲ ਜਾਰੀ ਕੀਤਾ ਜਾਵੇ, ਨਵੇਂ ਮੁਲਾਜ਼ਮਾਂ ਨੂੰ 35400 ਦਾ ਸਕੇਲ ਜਾਰੀ ਕੀਤਾ ਜਾਵੇ, 200 ਰੁਪਏ ਦੇ ਡਿਵੈਲਪਮੈਂਟ ਫੰਡ ਦੀ ਆੜ ਹੇਠ ਜਜੀਆ ਟੈਕਸ ਤੁਰੰਤ ਬੰਦ ਕੀਤਾ ਜਾਵੇ, ਪੇਂਡੂ ਭੱਤੇ ਸਮੇਤ ਹੋਰ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ ਅਤੇ ਹੋਰ ਜਾਇਜ਼ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ। ਉਹਨਾਂ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਵੀਜ਼ਨ ਆਗੂ ਪਰਮਜੀਤ ਸਿੰਘ ਚੀਮਾਂ, ਪ੍ਰਧਾਨ ਜਸਪਾਲ ਸਿੰਘ ਟੁਰਨਾਂ, ਰਾਜਵਿੰਦਰ ਸਿੰਘ ਲਵਲੀ, ਬਲਜੀਤ ਸਿੰਘ ਭੱਟੀ, ਕੁਲਦੀਪ ਸਿੰਘ ਮਲਕ, ਰਾਮ ਚੰਦਰ, ਕੇਵਲ ਸਿੰਘ ਬੋਦਲਵਾਲਾ, ਜਗਜੀਤ ਸਿੰਘ ਚੌਕੀਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੀ ਮੁਲਾਜ਼ਮ ਹਾਜ਼ਰ ਸਨ।
- Download Babushahi App
-
-