ਭੋਜਨ ਵਿਗਿਆਨੀ ਡਾ. ਪ੍ਰੀਤਇੰਦਰ ਕੌਰ ਨੂੰ 2026 ਲਈ ਸਰਵੋਤਮ ਅਧਿਆਪਕ ਪੁਰਸਕਾਰ ਮਿਲਿਆ
ਲੁਧਿਆਣਾ 21 ਅਕਤੂਬਰ, 2026*- ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨੇ ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਪ੍ਰੀਤਇੰਦਰ ਕੌਰ ਨੂੰ ਉਹਨਾਂ ਵੱਲੋਂ ਅਧਿਆਪਨ, ਖੋਜ ਅਤੇ ਤਕਨਾਲੋਜੀ ਵਿਕਾਸ ਲਈ ਪਾਏ ਯੋਗਦਾਨ ਦੇ ਮੱਦੇਨਜ਼ਰ ਸਰਵੋਤਮ ਅਧਿਆਪਕ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ| ਬੀਤੇ ਦਿਨੀਂ ਗੁਰੂ ਨਾਨਕ ਦੇਵ ਇੰਜਨਅਰਿੰਗ ਕਾਲਜ ਲੁਧਿਆਣਾ ਵਿਖੇ ਉੱਘੇ ਅਕਾਦਮਿਕ ਮਾਹਿਰਾਂ ਦੀ ਹਾਜ਼ਰੀ ਦੌਰਾਨ ਉਹਨਾਂ ਨੂੰ ਇਹ ਇਨਾਮ ਪ੍ਰਦਾਨ ਕੀਤਾ ਗਿਆ| ਏ ਆਈ ਨਾਲ ਤਕਨਾਲੋਜੀ ਰੂਪਾਂਤਰਣ ਵਿਸ਼ੇ ਤੇ ਆਯੋਜਿਤ ਇਸ ਵਰਕਸ਼ਾਪ ਵਿਚ ਵਿਸ਼ੇ ਨਾਲ ਸੰਬੰਧਿਤ ਉੱਘੇ ਵਿਗਿਆਨੀ ਹਾਜ਼ਰ ਸਨ|
26 ਸਾਲ ਦੇ ਅਧਿਆਪਨ ਸਫਰ ਦੌਰਾਨ ਉਹਨਾਂ ਨੇ ਭੋਜਨ ਪ੍ਰੋਸੈਸਿੰਗ, ਪੈਕੇਜਿੰਗ ਅਤੇ ਵਢਾਈ ਉਪਰੰਤ ਤਕਨਾਲੋਜੀ ਦੇ ਖੇਤਰ ਵਿਚ ਖੋਜੀ ਵਜੋਂ ਜ਼ਿਕਰਯੋਗ ਹਿੱਸਾ ਪਾਇਆ| 2016 ਵਿਚ ਡਾ. ਕੌਰ ਨੇ ਮਿਸ਼ੀਗਨ ਰਾਜ ਯੂਨੀਵਰਸਿਟੀ ਅਮਰੀਕਾ ਤੋਂ ਪੋਸਟ ਡਾਕਟਰਲ ਖੋਜ ਕੀਤੀ ਅਤੇ ਇਸੇ ਸਦਕਾ ਖੇਤੀ ਉਤਪਾਦ ਦੀ ਸਾਂਭ-ਸੰਭਾਲ, ਪ੍ਰੋਸੈਸਿੰਗ, ਪੈਕੇਜਿੰਗ ਆਦਿ ਵਿਸ਼ਿਆਂ ਉੱਪਰ ਨਵੀਆਂ ਕਾਢਾਂ ਸਾਹਮਣੇ ਲਿਆਂਦੀਆਂ| ਉਹਨਾਂ ਨੇ ਆਪਣੇ ਖੇਤਰ ਵਿਚ ਅਧਿਆਪਨ ਤੋਂ ਇਲਾਵਾ ਕਿਸਾਨ ਸਿਖਲਾਈ ਅਤੇ ਸਮਰਥਾ ਨਿਰਮਾਣ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ|
ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਉਹਨਾਂ ਨੂੰ ਵਧਾਈ ਦਿੱਤੀ|
- Download Babushahi App
-
-