ਪੀ.ਏ.ਯੂ. ਦੇ ਸਾਬਕਾ ਪ੍ਰੋਫੈਸਰ ਅਤੇ ਪੰਜਾਬੀ ਦੇ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਹੋਇਆ
ਲੁਧਿਆਣਾ 21 ਅਕਤੂਬਰ, 2026
ਬੀਤੇ ਦਿਨੀਂ ਪੀ.ਏ.ਯੂ. ਦੇ ਵਿਦਿਆਰਥੀ ਭਵਨ ਵਿਚ ਪੰਜਾਬੀ ਦੇ ਮਹਾਨ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਨ ਦੇ ਸੰਬੰਧ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਆਯੋਜਿਤ ਇਸ ਸਮਾਰੋਹ ਵਿਚ ਪੀ.ਏ.ਯ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਸਮਾਗਮ ਵਿਚ ਮੁੱਖ ਵਕਤਾ ਵਜੋਂ ਪੰਜਾਬੀ ਦੇ ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਹਾਜ਼ਰੀ ਭਰੀ| ਜਦਕਿ ਕਾਵਿ ਮਹਿਫਿਲ ਦੀ ਪ੍ਰਧਾਨਗੀ ਸ਼੍ਰੀ ਹਰਮੀਤ ਵਿਦਿਆਰਥੀ ਨੇ ਕੀਤੀ| ਇਸ ਤੋਂ ਬਿਨਾਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਸੁਰਜੀਤ ਪਾਤਰ ਚੇਅਰ ਦੇ ਚੇਅਰਮੈਨ ਡਾ. ਨਿਰਮਲ ਜੌੜਾ ਅਤੇ ਨਿਰਦੇਸ਼ਕ ਸੱਭਿਆਚਾਰਕ ਗਤੀਵਿਧੀਆਂ ਡਾ. ਰੁਪਿੰਦਰ ਕੌਰ ਤੋਂ ਇਲਾਵਾ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਕਰਮਚਾਰੀਆਂ ਨਾਲ ਵਿਦਿਆਰਥੀ ਭਾਰੀ ਗਿਣਤੀ ਵਿਚ ਮੌਜੂਦ ਸਨ|
ਵਾਈਸ ਚਾਂਸਲਰ ਡਾ. ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀਆਂ ਵੱਡੀਆਂ ਹਸਤੀਆਂ ਪੀ.ਏ.ਯੂ. ਦਾ ਹਿੱਸਾ ਰਹੀਆਂ| ਪ੍ਰੋ. ਮੋਹਨ ਸਿੰਘ ਨੇ ਆਪਣੀ ਉਮਰ ਦਾ ਇਕ ਭਾਗ ਪੀ.ਏ.ਯੂ. ਵਿਚ ਸਾਹਿਤ ਸਿਰਜਣਾ ਕਰਦਿਆਂ ਅਤੇ ਆਪਣੀ ਵਿਦਵਤਾ ਦਾ ਚਾਨਣ ਵੰਡਦਿਆ ਬਿਤਾਇਆ| ਉਹਨਾਂ ਸਦਕਾ ਯੂਨੀਵਰਸਿਟੀ ਵਿਚ ਕਲਾਤਮਕ ਗਤੀਵਿਧੀਆਂ ਇਕ ਲੜੀ ਦਾ ਰੂਪ ਲੈ ਕੇ ਅੱਗੇ ਵਧੀਆਂ| ਡਾ. ਧਾਲੀਵਾਲ ਨੇ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਵੀਆਂ ਅਤੇ ਵਿਦਵਾਨਾਂ ਦਾ ਸਵਾਗਤ ਕੀਤਾ|
ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਮੁੱਖ ਭਾਸ਼ਣ ਵਿਚ ਪ੍ਰੋ. ਮੋਹਨ ਸਿੰਘ ਦੀ ਸ਼ਖਸੀਅਤ ਅਤੇ ਸਿਰਜਣਾ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਨੇੜਤਾ ਆਪਣੇ ਆਪ ਵਿਚ ਗਿਆਨ ਦੇ ਮੀਨਾਰ ਦੀ ਪਰਿਕਰਮਾ ਵਾਂਗ ਸੀ| ਉਹ ਸਿਰ ਤੋਂ ਪੈਰਾਂ ਤੱਕ ਕਵੀ ਅਤੇ ਹਰ ਵੇਲੇ ਕਵਿਤਾ ਦੇ ਵਜਦ ਵਿਚ ਗੁੰਮੇ ਰਹਿਣ ਵਾਲੇ ਵਿਅਕਤੀ ਸਨ| ਪੀ.ਏ.ਯੂ. ਵਿਚ ਉਹਨਾਂ ਦਾ ਯੋਗਦਾਨ ਸਿਰਜਣਾਤਮਕ ਮਾਹੌਲ ਸਿਰਜਣ ਅਤੇ ਖੇਤੀ ਵਿਗਿਆਨ ਦੀ ਇਸ ਯੂਨੀਵਰਸਿਟੀ ਨੂੰ ਪੰਜਾਬੀਅਤ ਦੀ ਸੰਸਥਾ ਵਜੋਂ ਸਥਾਪਿਤ ਕਰਨ ਵਿੱਚੋਂ ਪਛਾਣਿਆ ਜਾ ਸਕਦਾ ਹੈ|
ਡਾ. ਨਿਰਮਲ ਜੌੜਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਸੁਰਜੀਤ ਪਾਤਰ ਚੇਅਰ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਡਾ. ਪਾਤਰ ਦੇ ਪਦ ਚਿੰਨ੍ਹਾਂ ਨੂੰ ਗੂੜਾ ਕਰਨ ਲਈ ਹੋਰ ਸਮਾਗਮ ਆਯੋਜਿਤ ਕੀਤੇ ਜਾਣਗੇ| ਅੰਤ ਵਿਚ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ| ਸਮਾਰੋਹ ਦਾ ਸੰਚਾਲਨ ਡਾ. ਜਗਵਿੰਦਰ ਸਿੰਘ ਨੇ ਕੀਤਾ| ਇਸ ਮੌਕੇ ਤਰਸੇਮ ਨੂਰ, ਗੁਰਚਰਨ ਕੌਰ ਕੋਚਰ, ਰਾਮ ਸਿੰਘ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਕੋਮਲਦੀਪ, ਰਮਨ ਸੰਧੂ, ਕੁਮਾਰ ਜਗਦੇਵ, ਸੰਦੀਪ ਸ਼ਰਮਾ, ਸਹਿਜਪ੍ਰੀਤ ਮਾਂਗਟ, ਵਾਹਿਦ, ਪ੍ਰਭਜੋਤ ਸੋਹੀ, ਮਨਦੀਪ ਔਲਖ, ਗੁਰਪਿਆਰ, ਡਾ. ਬਿਕਰਮੀਤ ਨੇ ਆਪਣੀਆਂ ਰਚਨਾਵਾਂ ਦੀ ਛਹਿਬਰ ਲਾਈ| ਹੋਰਨਾਂ ਤੋਂ ਇਲਾਵਾ ਡਾ. ਅਸ਼ਵਨੀ ਭੱਲਾ, ਜਸਮੇਰ ਸਿੰਘ ਢੱਟ, ਅਪਮਿੰਦਰ ਪਾਲ ਬਰਾੜ, ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਅਤੇ ਸ. ਇਕਬਾਲ ਸਿੰਘ ਇਸ ਮੌਕੇ ਮੌਜੂਦ ਸਨ|
- Download Babushahi App
-
-