ਸੁਲਤਾਨਪੁਰ ਲੋਧੀ ’ਚ ਕਿਸਾਨ ਯੂਨੀਅਨ ਬਾਗੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪਰਵਾਸੀਆਂ ਦੀਆਂ ਰੇਹੜੀਆਂ ਹਟਵਾਈਆਂ
ਦੁਕਾਨਾਂ ਕਿਰਾਏ ’ਤੇ ਲੈ ਕੇ ਕਾਰੋਬਾਰ ਕਰਨ ਲਈ ਕਿਹਾ, ਪ੍ਰਸ਼ਾਸਨ ਦੀ ਭੂਮਿਕਾ ’ਤੇ ਵੀ ਉੱਠੇ ਸਵਾਲ
ਸੁਲਤਾਨਪੁਰ ਲੋਧੀ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)
ਸੁਲਤਾਨਪੁਰ ਲੋਧੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਕਿਸਾਨ ਯੂਨੀਅਨ ਬਾਗੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਾਰਵਾਈ ਕਰਦਿਆਂ ਪਰਵਾਸੀ ਲੋਕਾਂ ਦੀਆਂ ਰੇਹੜੀਆਂ ਹਟਵਾਈਆਂ ਗਈਆਂ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਰੇਹੜੀਆਂ ਲਗਾ ਕੇ ਕਾਰੋਬਾਰ ਕਰਨ ਵਾਲਿਆਂ ਨੂੰ ਦੁਕਾਨਾਂ ਕਿਰਾਏ ’ਤੇ ਲੈ ਕੇ ਆਪਣਾ ਕੰਮ ਕਰਨ ਲਈ ਕਿਹਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੋਰੜ ਸਿੰਘ ਹਜ਼ਾਰਾ, ਲਖਵਿੰਦਰ ਸਿੰਘ ਕੌੜਾ ਅਤੇ ਕਿਸਾਨ ਯੂਨੀਅਨ ਬਾਗੀ ਦੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਨਿਯਮਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਰੋਬਾਰ ਕਰਨਾ ਹੈ ਤਾਂ ਦੁਕਾਨਾਂ ਕਿਰਾਏ ’ਤੇ ਲੈ ਕੇ ਕੰਮ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਹੜੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ।
ਜਥੇਬੰਦੀਆਂ ਦੀ ਇਸ ਕਾਰਵਾਈ ਨਾਲ ਸ਼ਹਿਰ ਵਿੱਚ ਚਰਚਾ ਛਿੜ ਗਈ ਹੈ। ਇਸ ਮਾਮਲੇ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ ਸ਼ਹਿਰ ਵਿੱਚ ਰੇਹੜੀਆਂ ਲਗਾਉਣ ਸਬੰਧੀ ਨਿਯਮਾਂ ਨੂੰ ਲਾਗੂ ਕਰਵਾਉਣ ਅਤੇ ਆਵਾਜਾਈ ਤੇ ਜਨਤਕ ਥਾਵਾਂ ਨੂੰ ਸੁਚਾਰੂ ਰੱਖਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਨਿਭਾਈ ਜਾ ਰਹੀ ਹੈ। ਇਸ ਸਬੰਧੀ ਪ੍ਰਸ਼ਾਸਨ ਦਾ ਪੱਖ ਸਾਹਮਣੇ ਆਉਣਾ ਵੀ ਮਹੱਤਵਪੂਰਨ ਹੋਵੇਗਾ।
- Download Babushahi App
-
-