ਮੈਨੀਟੋਬਾ ਦੇ ਮੰਤਰੀ ਨੇ ਪੀ.ਏ.ਯੂ. ਵਿਖੇ ਖੇਤੀ ਭਾਈਵਾਲੀ ਬਾਰੇ ਵਿਚਾਰ ਕੀਤੀ
ਲੁਧਿਆਣਾ 21 ਅਕਤੂਬਰ, 2026
ਪੰਜਾਬ ਦੇ ਕਣਕ ਦੇ ਖੇਤ ਅਤੇ ਮੈਨੀਟੋਬਾ ਦੇ ਵਿਸਾਲ ਮੈਦਾਨ ਜਲਦੀ ਹੀ ਦੁਨੀਆ ਦਾ ਪੇਟ ਭਰਨ ਦੇ ਸਾਂਝੇ ਮਾਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਾਂਝਾ ਕਰ ਸਕਦੇ ਹਨ| ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਸਰਕਾਰ ਵਿੱਚ ’ਪਬਲਿਕ ਸਰਵਿਸ ਡਿਲੀਵਰੀ’ ਦੇ ਮੰਤਰੀ, ਮਾਨਯੋਗ ਸ੍ਰੀ ਮਿੰਟੂ ਸੰਧੂ ਨੇ ਦੋਵਾਂ ਖਿੱਤਿਆਂ ਵਿਚਕਾਰ ਖੇਤੀਬਾੜੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸਣ ਲਈ ਇੱਕ ਵਫਦ ਦੀ ਅਗਵਾਈ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ|
ਪੀ.ਏ.ਯੂ. ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਇਕੱਤਰਤਾ ਦੀ ਪ੍ਰਧਾਨਗੀ ਕੀਤੀ| ਇਸ ਦੌਰਾਨ ਖੇਤੀਬਾੜੀ ਦੀਆਂ ਸਾਂਝੀਆਂ ਪਹਿਲਕਦਮੀਆਂ, ਖੋਜ ਭਾਈਵਾਲੀ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਸਥਿਰ ਖੇਤੀਬਾੜੀ ’ਤੇ ਚਰਚਾ ਕੀਤੀ ਗਈ| ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਖੇਤੀਬਾੜੀ ਵਿਕਾਸ ਲਈ ਹਮੇਸਾ ਅਗਾਂਹਵਧੂ ਕਦਮਾਂ ਦਾ ਸਵਾਗਤ ਕੀਤਾ ਹੈ ਤੇ ਖੇਤੀ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਸਾਂਝਦਾਰੀ ਨੂੰ ਤਰਜੀਹ ਦਿੱਤੀ ਜਾਂਦੀ ਰਹੇਗੀ| ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਦੋਵਾਂ ਖੇਤਰਾਂ ਨੂੰ ਦੁਨੀਆਂ ਭਰ ਦੇ ਲੋਕਾਂ ਲਈ ਭੋਜਨ ਉਤਪਾਦਨ ਕਰਨ ਵਾਲੇ ਮਹੱਤਵਪੂਰਨ ਖੇਤਰ ਕਿਹਾ| ਉਨ੍ਹਾਂ ਨੇ ਪੰਜਾਬ ਦੀ ’ਭਾਰਤ ਦੇ ਅੰਨ ਭੰਡਾਰ’ ਵਜੋਂ ਜਾਣੇ ਜਾਣ ਦੀ ਤੁਲਨਾ ਮੈਨੀਟੋਬਾ ਦੀ ਕੈਨੇਡਾ ਦੇ ਅਨਾਜ ਉਤਪਾਦਕ ਖੇਤਰ ਨਾਲ ਕੀਤੀ| ਉਨ੍ਹਾਂ ਨੇ ਇਸ ਦੌਰੇ ਦੇ ਸੱਭਿਆਚਾਰਕ ਪਹਿਲੂ ਦਾ ਵੀ ਜ਼ਿਕਰ ਕੀਤਾ, ਕਿਉਂਕਿ ਮੰਤਰੀ ਸਾਬ੍ਹ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ| ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਸਹਿਯੋਗ ਦੀ ਉਮੀਦ ਪ੍ਰਗਟ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਸਿਰਫ ਰਸਮੀ ਸਮਾਗਮ ਨਹੀਂ ਬਲਕਿ ਦੋ ਸੰਸਥਾਵਾਂ ਵਿਚਕਾਰ ਨਵੇਂ ਯੁੱਗ ਦੀ ਸ਼ੁਰੂਆਤ ਹੈ ਜੋ ਦੋਵਾਂ ਖੇਤਰਾਂ ਦੇ ਕਿਸਾਨਾਂ, ਖੋਜੀਆਂ ਅਤੇ ਖੇਤੀ-ਉਦਯੋਗਾਂ ਲਈ ਲੰਬੇ ਸਮੇਂ ਤੱਕ ਲਾਹੇਵੰਦ ਸਾਬਤ ਹੋ ਸਕਦੀ ਹੈ|
ਖੇਤੀਬਾੜੀ ਦੇ ਖੇਤਰ ਵਿੱਚ ਸਾਂਝੀਆਂ ਦਿਲਚਸਪੀਆਂ ਦਾ ਜ਼ਿਕਰ ਕਰਦਿਆਂ ਮੰਤਰੀ ਸ਼੍ਰੀ ਸੰਧੂ ਨੇ ਖੇਤੀਬਾੜੀ ਵਿੱਚ ਹੋਰ ਨੇੜਲੇ ਸਬੰਧਾਂ ਦੀ ਲੋੜ ’ਤੇ ਜੋਰ ਦਿੱਤਾ ਅਤੇ ਪੀ.ਏ.ਯੂ. ਤੇ ਮੈਨੀਟੋਬਾ ਯੂਨੀਵਰਸਿਟੀ ਵਿਚਕਾਰ ਸਹਿਯੋਗ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ| ਇਸ ਚਰਚਾ ਵਿੱਚ ਕਿਸਾਨਾਂ ਲਈ ਸਹਿਯੋਗ ਅਤੇ ਖੇਤੀ ਖੋਜ ਨੂੰ ਉਤਸ਼ਾਹਿਤ ਕਰਨ ਦੀ ਸਾਂਝੀ ਭਾਵਨਾ ਆਖਿਆ|
ਰਜਿਸਟਰਾਰ ਸ੍ਰੀ ਸੁਖਜੀਤ ਪਾਲ ਸਿੰਘ (ਆਈ.ਏ.ਐੱਸ.) ਨੇ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਮਜਬੂਤ ਅਕਾਦਮਿਕ ਅਤੇ ਖੋਜ ਸਬੰਧ ਸਥਾਪਤ ਕਰਨ ’ਤੇ ਜੋਰ ਦਿੱਤਾ| ਵਧੀਕ ਨਿਰਦੇਸਕ ਖੋਜ ਡਾ. ਵਰਿੰਦਰ ਸਿੰਘ ਸੋਹੂ ਨੇ ਫਸਲ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਡਾ. ਹਰਮਿੰਦਰ ਸਿੰਘ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ, ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਇਸਦੇ ਵਿਭਿੰਨ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦਾ ਵਰਣਨ ਕੀਤਾ|
ਇਸ ਦੌਰਾਨ ਦਾਲਾਂ ਅਤੇ ਤੇਲ ਬੀਜ ਖੋਜ ਭਾਈਵਾਲੀ ਉੱਪਰ ਸਾਂਝੇ ਕਾਰਜ ਲਈ ਸਹਿਮਤੀ ਬਣੀ| ਮੈਨੀਟੋਬਾ ਯੂਨੀਵਰਸਿਟੀ ਦੀ ਪਰਾਲੀ ਪ੍ਰਬੰਧਨ ਵਿੱਚ ਮੁਹਾਰਤ ਨੇ ਫ਼ਸਲੀ ਰਹਿੰਦ-ਖੂੰਹਦ ਦੀ ਚੁਣੌਤੀ ਨਾਲ ਨਜਿੱਠਣ ਅਤੇ ਵਾਤਾਵਰਣ ਪੱਖੀ ਖੇਤੀ ਨੂੰ ਉਤਸਾਹਿਤ ਕਰਨ ਵਿਚ ਵਿਸੇਸ ਦਿਲਚਸਪੀ ਦਿਖਾਈ|
ਵਫਦ ਨੇ ਸਪੀਡ ਬਰੀਡਿੰਗ ਸਹੂਲਤ, ਐਗਰੋ-ਪ੍ਰੋਸੈਸਿੰਗ ਕੰਪਲੈਕਸ, ਫੂਡ ਇੰਡਸਟਰੀ ਬਿਜਨਸ ਇਨਕਿਊਬੇਸਨ ਸੈਂਟਰ ਅਤੇ ਹੁਨਰ ਵਿਕਾਸ ਕੇਂਦਰ ਦਾ ਦੌਰਾ ਕੀਤਾ, ਪੀਏਯੂ ਦੇ ਖੋਜ ਬੁਨਿਆਦੀ ਢਾਂਚੇ, ਫੂਡ ਪ੍ਰੋਸੈਸਿੰਗ ਤਕਨਾਲੋਜੀਆਂ ਅਤੇ ਉੱਦਮਤਾ ਪਹਿਲਕਦਮੀਆਂ ਬਾਰੇ ਸੰਖੇਪ ਜਾਣਕਾਰੀ ਹਾਸਲ ਕੀਤੀ| ਡਾ. ਕਮਲਦੀਪ ਸਿੰਘ ਸੰਘਾ, ਪ੍ਰਿੰਸੀਪਲ ਕੀਟ ਵਿਗਿਆਨੀ, ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ|
- Download Babushahi App
-
-